ਪੁਲੀਸ ਛਾਪੇ ਦੌਰਾਨ ਮਾਰੇ ਗਏ ਕਿਸਾਨ ਦਾ ਸਸਕਾਰ ਕੀਤਾ

ਪੁਲੀਸ ਛਾਪੇ ਦੌਰਾਨ ਮਾਰੇ ਗਏ ਕਿਸਾਨ ਦਾ ਸਸਕਾਰ ਕੀਤਾ

ਕੈਪਸ਼ਨ-ਪਿੰਡ ਤਰਮਾਲਾ ਵਿੱਚ ਪੀੜਤ ਕਿਸਾਨ ਦੇ ਲੜਕੇ ਨਾਲ ਦੁੱਖ ਸਾਂਝਾ ਕਰਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ। 
ਲੰਬੀ/ਬਿਊਰੋ ਨਿਊਜ਼ :
ਪਿੰਡ ਤਰਮਾਲਾ ਵਿਚ ਬੀਤੇ ਦਿਨੀਂ ਇਕ ਕਿਸਾਨ ਦੇ ਘਰ ਪੁਲੀਸ ਵੱਲੋਂ ਛਾਪਾਮਾਰੀ ਦੌਰਾਨ ਗ਼ਰੀਬ ਕਿਸਾਨ ਗੁਰਦੇਵ ਸਿੰਘ ਦੀ ਥਾਣੇਦਾਰ ਵੱਲੋਂ ਕੀਤੀ ਕਥਿਤ ਕੁੱਟਮਾਰ ਦੌਰਾਨ ਕਿਸਾਨ ਦੀ ਹੋਈ ਮੌਤ ਉਪਰੰਤ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਉਸ ਦਾ ਸਸਕਾਰ ਪਿੰਡ ਤਰਮਾਲਾ ਦੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸਮੇਤ ਹਲਕੇ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਤੇ ਵੱਡੀ ਗਿਣਤੀ ਵਿਚ ਸਾਕ ਸਬੰਧੀ ਤੇ ਹਲਕੇ ਦੇ ਲੋਕ ਮੌਜੂਦ ਸਨ। ਸਸਕਾਰ ਉਪਰੰਤ ਮ੍ਰਿਤਕ ਗੁਰਦੇਵ ਸਿੰਘ ਦੇ ਘਰ ਪਹੁੰਚੇ ਮਲੋਟ ਤੋਂ ਕਾਂਗਰਸ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਦੀ ਹਾਜ਼ਰੀ ਵਿਚ ਐਸ.ਐਸ.ਪੀ. ਬਲਜੋਤ ਸਿੰਘ ਰਠੌਰ ਤੇ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਨੇ ਮ੍ਰਿਤਕ ਦੀ ਪਤਨੀ ਸਵਰਨ ਕੌਰ ਨੂੰ 8 ਲੱਖ ਦੀ ਸਹਾਇਤਾ ਦਾ ਚੈੱਕ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ, ”ਕੈਪਟਨ ਸਰਕਾਰ ਨੇ ਪੰਜਾਬ ਨੂੰ ਨਸ਼ਾ-ਮੁਕਤ ਕਰਨ ਦੀ ਆੜ ਵਿੱਚ ਪੁਲੀਸ ਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਹੈ। ਸ਼ਰੀਫ਼ ਲੋਕਾਂ ਦੇ ਘਰਾਂ ਵਿੱਚ ਬੇਵਜ੍ਹਾ ਛਾਪੇ ਮਾਰ ਕੇ ਬੰਦੇ ਮਾਰਨ ਨਾਲ ਪੰਜਾਬ ਨਸ਼ਾ-ਮੁਕਤ ਨਹੀਂ ਹੋਣਾ। ਜੇ ਕੋਈ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਪੁਲੀਸ ਉਸ ਨੂੰ ਕੁੱਟ ਕੁੱਟ ਕੇ ਮਾਰ ਦੇਵੇ।’ ਇਹ ਗੱਲ ਸਾਬਕਾ ਮੁੱਖ ਮੰਤਰੀ ਤੇ ਹਲਕਾ ਵਿਧਾਇਕ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਤਰਮਾਲਾ ਵਿੱਚ ਬਜ਼ੁਰਗ ਕਿਸਾਨ ਗੁਰਦੇਵ ਸਿੰਘ ਦੇ ਸਸਕਾਰ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਯਾਦ ਰਹੇ ਕਿ ਬੀਤੇ ਦਿਨ ਹਲਕੇ ਦੇ ਪਿੰਡ ਤਰਮਾਲਾ ਵਿੱਚ ਪੁਲੀਸ ਵੱਲੋਂ ਨਾਜਾਇਜ਼ ਸ਼ਰਾਬ ਫ਼ੜਨ ਲਈ ਕੀਤੀ ਛਾਪੇਮਾਰੀ ਦੌਰਾਨ ਕੀਤੀ ਕਥਿਤ ਮਾਰਕੁੱਟ ਕਰਕੇ ਬਜ਼ੁਰਗ ਕਿਸਾਨ ਗੁਰਦੇਵ ਸਿੰਘ (65) ਦੀ ਮੌਤ ਹੋ ਗਈ ਸੀ। ਪੋਸਟ ਮਾਰਟਮ ਉਪਰੰਤ ਪਿੰਡ ਵਿੱਚ ਕਿਸਾਨ ਦਾ ਸਸਕਾਰ ਕਰ ਦਿੱਤਾ ਗਿਆ।
ਉਧਰ ਪੁਲੀਸ ਨੇ ਛਾਪੇਮਾਰੀ ਵਿੱਚ ਸ਼ਾਮਲ ਭਾਈਕੇਰਾ ਪੁਲੀਸ ਚੌਕੀ ਦੇ ਮੁਖੀ ਗੁਰਦੀਪ ਸਿੰਘ ਨੂੰ ਹੱਤਿਆ ਦੇ ਮਾਮਲੇ ਵਿਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਟੀਮ ਦੇ ਬਾਕੀ ਮੁਲਾਜ਼ਮਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
ਕੈਪਟਨ ਵੱਲੋਂ ਨਿਆਂਇਕ ਜਾਂਚ ਦੇ ਹੁਕਮ :
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਰਮਾਲਾ ਘਟਨਾ ਦੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਅਤੇ ਨਿਆਂਇਕ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਪੁਲੀਸ ਨੂੰ ਨਸ਼ਿਆਂ ਖ਼ਿਲਾਫ਼ ਛਾਪੇਮਾਰੀ ਦੌਰਾਨ ਸੰਜਮ ਵਰਤਣ ਦੀ ਨਸੀਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤ ਪੰਜਾਬ ਸਿਰਜਣ ਵਿੱਚ ਬੇਗੁਨਾਹਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।