ਬਰਤਨ ਮਾਂਜ ਕੇ ਝੀਂਡਾ ਨੇ ਪੂਰੀ ਕੀਤੀ ਤਨਖ਼ਾਹ

ਬਰਤਨ ਮਾਂਜ ਕੇ ਝੀਂਡਾ ਨੇ ਪੂਰੀ ਕੀਤੀ ਤਨਖ਼ਾਹ
ਕੈਪਸ਼ਨ-ਸ੍ਰੀ ਗੁਰੂ ਰਾਮਦਾਸ ਲੰਗਰ ਵਿੱਚ ਜੂਠੇ ਬਰਤਨਾਂ ਦੀ ਸੇਵਾ ਕਰ ਰਹੇ ਜਗਦੀਸ਼ ਸਿੰਘ ਝੀਂਡਾ।

ਅੰਮ੍ਰਿਤਸਰ/ਬਿਊਰੋ ਨਿਊਜ਼ :
ਹਰਿਆਣਾ ਦੇ ਸਿੱਖ ਆਗੂ ਜਗਦੀਸ਼ ਸਿੰਘ ਝੀਂਡਾ ਨੇ ਪੰਥ ਵਿੱਚ ਵਾਪਸੀ ਲਈ ਅਕਾਲ ਤਖ਼ਤ ਵੱਲੋਂ ਲਾਈ ਤਨਖਾਹ ਪੂਰੀ ਕਰਨ ਲਈ ਇੱਥੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਸਥਿਤ ਸ੍ਰੀ ਗੁਰੂ ਰਾਮਦਾਸ ਲੰਗਰ ਵਿੱਚ ਇੱਕ ਘੰਟਾ ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ। ਇਸ ਮਗਰੋਂ ਅਕਾਲ ਤਖ਼ਤ ‘ਤੇ ਖਿਮਾ ਯਾਚਨਾ ਦੀ ਅਰਦਾਸ ਕਰ ਕੇ ਉਨ੍ਹਾਂ ਪੰਥ ਵਿੱਚ ਵਾਪਸੀ ਕੀਤੀ।
ਕੁਝ ਸਾਲ ਪਹਿਲਾਂ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਦੇ ਮਾਮਲੇ ਨੂੰ ਲੈ ਕੇ ਅਕਾਲ ਤਖ਼ਤ ਵੱਲੋਂ ਹਰਿਆਣਾ ਦੇ ਤਿੰਨ ਸਿੱਖ ਆਗੂਆਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ। ਬੀਤੇ ਦਿਨੀਂ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸਮੇਂ ਜਗਦੀਸ਼ ਸਿੰਘ ਝੀਂਡਾ ਨੇ ਪੇਸ਼ ਹੋ ਕੇ ਖਿਮਾ ਯਾਚਨਾ ਲਈ ਅਪੀਲ ਕੀਤੀ ਸੀ, ਜਿਸ ਦੇ ਆਧਾਰ ‘ਤੇ ਪੰਜ ਸਿੰਘ ਸਾਹਿਬਾਨ ਵੱਲੋਂ ਉਨ੍ਹਾਂ ਨੂੰ ਤਨਖਾਹ ਲਾਈ ਗਈ ਸੀ।
ਸ੍ਰੀ ਝੀਂਡਾ ਨੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿੱਚ ਪਹਿਲਾਂ ਸੰਗਤਾਂ ਦੇ ਜੂਠੇ ਬਰਤਨਾਂ ਦੀ ਸੇਵਾ ਕਰਦਿਆਂ ਤਨਖਾਹ ਪੂਰੀ ਕੀਤੀ ਅਤੇ ਮਗਰੋਂ ਅਕਾਲ ਤਖ਼ਤ ‘ਤੇ ਕੜਾਹ ਪ੍ਰਸਾਦਿ ਦੀ ਦੇਗ ਭੇਟ ਕਰਦਿਆਂ ਖਿਮਾ ਯਾਚਨਾ ਦੀ ਅਰਦਾਸ ਕਰਵਾਈ। ਇਸ ਮੌਕੇ ਸ੍ਰੀ ਝੀਂਡਾ ਨੇ ਹਰਿਆਣਾ ਵਿੱਚ ਵੱਖਰੀ ਕਮੇਟੀ ਦੀ ਬਣਾਈ ਗਈ ਐਡਹਾਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਕਾਰਵਾਈ ਬਾਰੇ ਆਖਿਆ ਕਿ ਦੀਦਾਰ ਸਿੰਘ ਨਲਵੀ ਨੂੰ ਵੀ ਪੰਥ ਵਿੱਚੋਂ ਛੇਕਿਆ ਹੋਇਆ ਹੈ ਤੇ ਛੇਕੇ ਹੋਏ ਵਿਅਕਤੀ ਨੂੰ ਅਜਿਹਾ ਫ਼ੈਸਲਾ ਲੈਣ ਦਾ ਕੋਈ ਹੱਕ ਨਹੀਂ ਹੈ। ਉਹ ਪਹਿਲਾਂ ਖੁਦ ਪੰਥ ਵਿੱਚ ਵਾਪਸੀ ਕਰਨ। ਮੁਤਵਾਜੀ ਜਥੇਦਾਰਾਂ ਵਿੱਚ ਸ਼ਾਮਲ ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਦੀਦਾਰ ਸਿੰਘ ਨਲਵੀ ਨੂੰ ਸਿਰੋਪਾਓ ਦਿੱਤੇ ਜਾਣ ‘ਤੇ ਇਤਰਾਜ਼ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਝੀਂਡਾ ਨੇ ਆਖਿਆ ਕਿ ਸ੍ਰੀ ਦਾਦੂਵਾਲ ਨੇ ਪੰਥ ਵਿੱਚੋਂ ਛੇਕੇ ਹੋਏ ਵਿਅਕਤੀ ਨੂੰ ਸਿਰੋਪਾਓ ਦੇ ਕੇ ਅਕਾਲ ਤਖ਼ਤ ਦੇ ਆਦੇਸ਼ ਦੀ ਉਲੰਘਣਾ ਕੀਤੀ ਹੈ।
ਸ੍ਰੀ ਝੀਂਡਾ ਨੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਵੀ ਕੀਤੀ। ਇਸ ਮੌਕੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਸ੍ਰੀ ਝੀਂਡਾ ਨੇ ਅਕਾਲ ਤਖ਼ਤ ਵੱਲੋਂ ਲਾਈ ਤਨਖਾਹ ਪੂਰੀ ਕਰ ਲਈ ਹੈ ਅਤੇ ਉਹ ਰਸਮੀ ਤੌਰ ‘ਤੇ ਪੰਥ ਵਿੱਚ ਮੁੜ ਸ਼ਾਮਲ ਹੋ ਗਏ ਹਨ।