ਹਰਿਆਣਾ ਕਮੇਟੀ ਵਲੋਂ ਝੀਂਡਾ ਦੀ ‘ਛੁੱਟੀ’, ਨਲਵੀ ਨੂੰ ਸੌਂਪੀ ਜ਼ਿੰਮੇਵਾਰੀ

ਹਰਿਆਣਾ ਕਮੇਟੀ ਵਲੋਂ ਝੀਂਡਾ ਦੀ ‘ਛੁੱਟੀ’, ਨਲਵੀ ਨੂੰ ਸੌਂਪੀ ਜ਼ਿੰਮੇਵਾਰੀ

ਕੈਪਸ਼ਨ- ਕੈਥਲ ਦੇ ਗੁਰਦੁਆਰਾ ਨਿੰਮ ਸਾਹਿਬ ਵਿੱਚ ਬੁਲਾਈ ਗਈ  ਬੈਠਕ ਵਿੱਚ ਭਾਗ ਲੈਂਦੇ ਗੁਰਦੁਆਰਾ ਕਮੇਟੀ  ਦੇ ਮੈਂਬਰ।
ਗੂਹਲਾ ਚੀਕਾ/ਬਿਊਰੋ ਨਿਊਜ਼ :
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਬਾਡੀ ਅਤੇ ਕਾਰਜਕਾਰਨੀ ਦੀ ਮੀਟਿੰਗ ਕੈਥਲ ਦੇ ਨਿੰਮ ਸਾਹਿਬ ਗੁਰਦੁਆਰੇ ਵਿੱਚ ਹੋਈ, ਜਿਸ ਵਿੱਚ ਕਮੇਟੀ ਮੈਂਬਰਾਂ ਵੱਲੋਂ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ। ਝੀਂਡਾ ਬਾਰੇ ਫੈਸਲੇ ‘ਤੇ ਕਮੇਟੀ  ਦੇ 28 ਵਿਚੋਂ 15 ਮੈਂਬਰਾਂ ਨੇ ਸਹਿਮਤੀ ਜਤਾਈ। ਕਮੇਟੀ  ਦੇ ਅਹੁਦੇਦਾਰਾਂ ਨੇ ਝੀਂਡਾ ‘ਤੇ ਸ਼ੰਕਾ ਜ਼ਾਹਰ ਕੀਤਾ ਕਿ ਉਨ੍ਹਾਂ ਨੇ ਪਿਛਲੇ ਦਿਨੀਂ ਬਾਦਲਾਂ ਨਾਲ ਸਮਝੌਤਾ ਕਰ ਲਿਆ, ਜਿਸ ਸਬੰਧੀ ਕਾਰਜਕਾਰਨੀ ਨਾਲ ਸਲਾਹ ਨਹੀਂ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਕੀਤੀ। ਉਨ੍ਹਾਂ ਦੱਸਿਆ ਕਿ ਝੀਂਡਾ ਨੂੰ ਅਹੁਦੇ ਤੋਂ ਹਟਾਉਣ ਮਗਰੋਂ ਉਨ੍ਹਾਂ ਦੀ ਥਾਂ ਦੀਦਾਰ ਸਿੰਘ ਨਲਵੀ ਨੂੰ 7 ਮਈ ਤੱਕ ਜਨਰਲ ਅਤੇ ਕਾਰਜਕਾਰਨੀ ਦਾ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ ਹੈ। ਕਮੇਟੀ ਦੀ ਅਗਲੀ ਮੀਟਿੰਗ 7 ਮਈ ਨੂੰ ਸੱਦੀ ਗਈ ਹੈ ਜਿਸ ਵਿੱਚ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਨੇ ਹਰਿਆਣਾ ਦੀ ਸੰਗਤ ਤੋਂ ਨਵ ਨਿਯੁਕਤ ਪ੍ਰਧਾਨ ਨਲਵੀ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
ਦੀਦਾਰ ਸਿੰਘ ਨਲਵੀ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ।
ਝੀਂਡਾ ਨੇ ਕਿਹਾ-ਨਲਵੀ ਨੂੰ ਕਾਰਜਕਾਰੀ ਪ੍ਰਧਾਨ ਬਣਾਉਣਾ ਗੈਰਕਾਨੂੰਨੀ:
ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਦੀਦਾਰ ਸਿੰਘ ਨਲਵੀ ਨੂੰ ਕਾਰਜਕਾਰੀ ਪ੍ਰਧਾਨ ਬਣਾਉਣਾ ਗੈਰਕਾਨੂੰਨੀ ਹੈ। ਨਲਵੀ ਕਿਸੇ ਵੀ ਹਾਲਤ ਵਿੱਚ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਨਹੀਂ ਬਣ ਸਕਦੇ ਕਿਉਂਕਿ ਉਹ ਅੱਜ ਤੱਕ ਕਾਰਜਕਾਰਨੀ ਦੀ ਕਿਸੇ ਵੀ ਮੀਟਿੰਗ ਵਿੱਚ ਨਹੀਂ ਆਏ।