ਸ਼੍ਰੋਮਣੀ ਕਮੇਟੀ ਨੇ ਮੋਦੀ ਸਰਕਾਰ ਤੋਂ ਵਿਸਾਖੀ ਨੂੰ ‘ਸਿੱਖ ਕੌਮੀ ਦਿਵਸ’ ਵਜੋਂ ਮਾਨਤਾ ਮੰਗੀ

ਸ਼੍ਰੋਮਣੀ ਕਮੇਟੀ ਨੇ ਮੋਦੀ ਸਰਕਾਰ ਤੋਂ ਵਿਸਾਖੀ ਨੂੰ ‘ਸਿੱਖ ਕੌਮੀ ਦਿਵਸ’ ਵਜੋਂ ਮਾਨਤਾ ਮੰਗੀ

ਅੰਮ੍ਰਿਤਸਰ/ਬਿਊਰੋ ਨਿਊਜ਼ :
ਅਮਰੀਕਾ ਵਿੱਚ ਵਿਸਾਖੀ ਦੇ ਦਿਹਾੜੇ ਨੂੰ ਸਿੱਖ ਕੌਮੀ ਦਿਵਸ ਵਜੋਂ ਮਨਾਉਣ ਦਾ ਰਾਹ ਪੱਧਰਾ ਹੋਣ ਮਗਰੋਂ ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਾਰਤ ਵਿੱਚ ਇਸ ਦਿਵਸ ਨੂੰ ਸਿੱਖ ਕੌਮੀ ਦਿਵਸ ਵਜੋਂ ਮਾਨਤਾ ਦਿੱਤੀ ਜਾਵੇ। ਇਸੇ ਤਰ੍ਹਾਂ ਨਵੰਬਰ 1984 ਸਿੱਖ ਕਤਲੇਆਮ ਅਤੇ ਸਾਕਾ ਨੀਲਾ ਤਾਰਾ ਲਈ ਸੰਸਦ ਵਿੱਚ ਸਿੱਖ ਕੌਮ ਕੋਲੋਂ ਮੁਆਫ਼ੀ ਮੰਗਣ ਦੀ  ਮੰਗ ਰੱਖੀ ਗਈ ਹੈ।
ਅਮਰੀਕਾ ਵਿੱਚ ਕਾਂਗਰਸ ਵੱਲੋਂ ਇਜਲਾਸ ਦੌਰਾਨ ਮਤਾ ਪਾ ਕੇ ਵਿਸਾਖੀ ਨੂੰ ਸਿੱਖਾਂ ਦੇ ਕੌਮੀ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸੇ ਫੈਸਲੇ ਦੀ ਰੌਸ਼ਨੀ ਵਿੱਚ ਅਮਰੀਕਾ ਦੇ ਸੂਬੇ ਨਾਰਵਿਚ ਦੀ ਅਸੈਂਬਲੀ ਵਿੱਚ ਮਤਾ ਪਾਸ ਕਰਕੇ ਵਿਸਾਖੀ ਦਿਹਾੜੇ ਨੂੰ ਸਿੱਖ ਕੌਮੀ ਦਿਵਸ ਵਜੋਂ ਮਾਨਤਾ ਦੇ ਦਿੱਤੀ ਗਈ ਹੈ। ਇਸੇ ਤਰ੍ਹਾਂ ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਲਿਬਰਲ ਪਾਰਟੀ ਦੀ ਮੈਂਬਰ ਹਰਿੰਦਰ ਕੌਰ ਮੱਲੀ ਨੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿਵਾਉਣ ਲਈ ਮਤਾ ਰੱਖਿਆ ਗਿਆ, ਜਿਸ ਨੂੰ ਬਹੁਗਿਣਤੀ ਨਾਲ ਪ੍ਰਵਾਨ ਕੀਤਾ ਗਿਆ। ਇਸੇ ਸਬੰਧੀ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਇਸੇ ਫ਼ੈਸਲੇ ਦੀ ਰੌਸ਼ਨੀ ਵਿੱਚ ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵਿਸਾਖੀ ਨੂੰ ਦੇਸ਼ ਵਿੱਚ ਸਿੱਖ ਕੌਮੀ ਦਿਵਸ ਵਜੋਂ ਮਾਨਤਾ ਦਿੱਤੀ ਜਾਵੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਵਿਸਾਖੀ ਮੌਕੇ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਜਿਸ ਨੂੰ ਸਮੁੱਚੀ ਕੌਮ ਖਾਲਸਾ ਸਾਜਨਾ ਦਿਵਸ ਵਜੋਂ ਮਨਾਉਂਦੀ ਹੈ। ਭਾਰਤ ਸਰਕਾਰ ਵੀ ਇਸ ਦਿਵਸ ਨੂੰ ਸਿੱਖ ਕੌਮੀ ਦਿਵਸ ਵਜੋਂ ਮਾਨਤਾ ਦੇਵੇ। ਉਨ੍ਹਾਂ ਆਖਿਆ ਕਿ ਇਸ ਸਬੰਧੀ ਪ੍ਰਧਾਨ ਮੰਤਰੀ ਨੂੰ ਜਲਦੀ ਹੀ ਪੱਤਰ ਭੇਜਿਆ ਜਾਵੇਗਾ।
ਸ਼੍ਰੋਮਣੀ ਕਮੇਟੀ ਨੇ ਕੇਂਦਰ ਸਰਕਾਰ ਕੋਲੋਂ ਇਹ ਵੀ ਮੰਗ ਕੀਤੀਹੈ ਕਿ ਨਵੰਬਰ 1984 ਸਿੱਖ ਨਸਲਕੁਸ਼ੀ ਅਤੇ ਜੂਨ 1984 ਸਾਕਾ ਨੀਲਾ ਤਾਰਾ ਮਾਮਲੇ ਵਿੱਚ ਸੰਸਦ ਵਿੱਚ ਸਿੱਖ ਕੌਮ ਕੋਲੋਂ ਮੁਆਫ਼ੀ ਮੰਗੀ ਜਾਵੇ। ਇਸ ਦੌਰਾਨ ਦਲ ਖਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਅਤੇ ਕੰਵਰਪਾਲ ਸਿੰਘ ਨੇ ਅਮਰੀਕਾ ਵਿੱਚ ਕਾਂਗਰਸ ਵੱਲੋਂ ਵਿਸਾਖੀ ਨੂੰ ਸਿੱਖ ਕੌਮੀ ਦਿਵਸ ਵਜੋਂ ਮਨਾਉਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਪੀਰ ਮੁਹੰਮਦ ਦੇ ਮੁਖੀ ਕਰਨੈਲ ਸਿੰਘ ਪੀਰ ਮੁਹੰਮਦ ਨੇ ਓਂਟਾਰੀਓ ਅਸੈਂਬਲੀ ਵਿੱਚ ਸਿੱਖ ਨਸਲਕੁਸ਼ੀ ਨੂੰ ਮਾਨਤਾ ਦਿੱਤੇ ਜਾਣ ਦੀ ਸ਼ਲਾਘਾ ਕੀਤੀ।