ਗੁਰਦੁਆਰਾ ਸਾਹਿਬ ‘ਚ ਅੱਗ ਲੱਗਣ ਕਾਰਨ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਤੇ ਪਾਲਕੀ ਅਗਨ ਭੇਟ

ਗੁਰਦੁਆਰਾ ਸਾਹਿਬ ‘ਚ ਅੱਗ ਲੱਗਣ ਕਾਰਨ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਤੇ ਪਾਲਕੀ ਅਗਨ ਭੇਟ

ਕੈਪਸ਼ਨ-ਘਟਨਾ ਦਾ ਜਾਇਜ਼ਾ ਲੈਂਦੇ ਹੋਏ ਐਸਐਸਪੀ ਨਵੀਨ ਸਿੰਗਲਾ ਤੇ ਹੋਰ।
ਗੋਨਿਆਣਾ ਮੰਡੀ/ਬਿਊਰੋ ਨਿਊਜ਼ :
ਪਿੰਡ ਮਹਿਮਾ ਸਵਾਈ ਵਿੱਚ ਇਤਿਹਾਸਕ ਗੁਰਦੁਆਰਾ ਗੁਰੂਸਰ ਦੇ ਦਰਬਾਰ ਹਾਲ ਵਿੱਚ ਅੱਗ ਲੱਗ ਗਈ, ਜਿਸ ਕਾਰਨ ਸੱਚਖੰਡ ਵਿੱਚ ਪਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਅਗਨ ਭੇਟ ਹੋ ਗਈਆਂ। ਗੁਰਦੁਆਰੇ ਦੇ ਮੁੱਖ ਸੇਵਾਦਾਰ ਬਾਬਾ ਖੜਕ ਸਿੰਘ ਅਨੁਸਾਰ ਉਨ੍ਹਾਂ ਦੇ ਸੀਰੀ ਨੂੰ ਅੱਗ ਲੱਗਣ ਬਾਰੇ ਪਤਾ ਲੱਗਿਆ। ਉਸ ਨੇ ਤੁਰੰਤ ਪਿੰਡ ਵਾਸੀਆਂ ਨੂੰ ਸੂਚਨਾ ਦਿੱਤੀ। ਪਿੰਡ ਵਾਸੀਆਂ ਨੇ ਫ਼ੌਰੀ ਪੁੱਜ ਕੇ ਅੱਗ ‘ਤੇ ਕਾਬੂ ਪਾਇਆ। ਇਸ ਮੌਕੇ ਬਠਿੰਡਾ ਦੇ ਐਸਐਸਪੀ ਨਵੀਨ ਸਿੰਗਲਾ, ਡੀਐਸਪੀ ਗੁਰਪ੍ਰਤਾਪ ਸਿੰਘ ਸਹੋਤਾ ਤੇ ਥਾਣਾ ਮੁਖੀ ਰਵਿੰਦਰ ਕੁਮਾਰ ਵੀ ਟੀਮਾਂ ਸਮੇਤ ਪੁੱਜ ਗਏ ਅਤੇ ਦਰਬਾਰ ਹਾਲ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ। ਸੀਸੀਟੀਵੀ ਕੈਮਰੇ ਦੀ ਫੁਟੇਜ ਮੁਤਾਬਕ ਅੱਗ ਦੀ ਘਟਨਾ ਸਵੇਰੇ 9.16 ਵਜੇ ਵਾਪਰੀ। ਐਸਐਸਪੀ ਬਠਿੰਡਾ ਨੇ ਦੱਸਿਆ ਕਿ ਅੱਗ ਸ਼ਾਟ ਸਰਕਟ ਕਾਰਨ ਲੱਗੀ ਜਾਪਦੀ ਹੈ, ਫਿਰ ਵੀ ਉਹ ਘਟਨਾ ਦੀ ਜਾਂਚ ਕਰਨਗੇ। ਇਸ ਘਟਨਾ ਵਿੱਚ ਗੁਰਦੁਆਰੇ ਵਿੱਚ ਪਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਸਮੇਤ ਪਾਲਕੀ ਸਾਹਿਬ, ਏਸੀ ਤੇ ਗਲੀਚੇ ਸੜ ਗਏ। ਗੁਰੂ ਗ੍ਰੰਥ ਸਾਹਿਬ ਦੀਆਂ ਨੁਕਸਾਨੀਆਂ ਬੀੜਾਂ ਨੂੰ ਤਖ਼ਤ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਗੁਰਮੁੱਖ ਸਿੰਘ ਸਾਹਿਬ ਅਤੇ ਪੰਜ ਸਿੰਘ ਸਾਹਿਬਾਨ ਦੀ ਅਗਵਾਈ ਵਿੱਚ ਗੋਇੰਦਵਾਲ ਸਾਹਿਬ ਭੇਜ ਦਿੱਤਾ ਹੈ। ਇਸ ਮੌਕੇ ਹਲਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਵੀ ਪੁੱਜੇ।