ਹਰਿਦੁਆਰ ਸਥਿਤ ਗੁਰਦੁਆਰਾ ਗਿਆਨ ਗੋਦੜੀ ਮਾਮਲੇ ਦੇ ਹੱਲ ਲਈ ਕਮੇਟੀ ਦਾ ਗਠਨ

ਹਰਿਦੁਆਰ ਸਥਿਤ ਗੁਰਦੁਆਰਾ ਗਿਆਨ ਗੋਦੜੀ ਮਾਮਲੇ ਦੇ ਹੱਲ ਲਈ ਕਮੇਟੀ ਦਾ ਗਠਨ

ਅੰਮ੍ਰਿਤਸਰ/ਬਿਊਰੋ ਨਿਊਜ਼ :
ਉੱਤਰਾਖੰਡ ਦੇ ਹਰਿਦੁਆਰ ਸਥਿਤ ਹਰਿ ਕੀ ਪਉੜੀ ਵਿਖੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਉਸਾਰੀ ਦੇ ਮਸਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਨੇ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜੋ ਚਾਰ ਅਪ੍ਰੈਲ ਨੂੰ ਉੱਤਰਾਖੰਡ ਸਰਕਾਰ ਨਾਲ ਗੱਲਬਾਤ ਲਈ ਰਵਾਨਾ ਹੋਵੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਕਿ ਗੁਰਦੁਆਰਾ ਗਿਆਨ ਗੋਦੜੀ ਨੂੰ ਕੁਝ ਵਰ੍ਹੇ ਪਹਿਲਾਂ ਢਹਿ ਢੇਰੀ ਕਰ ਦਿੱਤਾ ਗਿਆ ਸੀ ਜਿਸ ਮਗਰੋਂ ਇਸ ਗੁਰਦੁਆਰੇ ਦੀ ਜ਼ਮੀਨ ‘ਤੇ ਸਕਾਊਟਸ ਵਿਭਾਗ ਦਾ ਦਫ਼ਤਰ ਸਥਾਪਤ ਕਰ ਦਿੱਤਾ ਗਿਆ ਸੀ। ਇਸ ਗੁਰਦੁਆਰੇ ਦੀ ਮੁੜ ਉਸਾਰੀ ਨੂੰ ਲੈ ਕੇ ਸਿੱਖ ਸੰਗਤ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਸਲੇ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਨੇ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ, ਹਰਭਜਨ ਸਿੰਘ ਚੀਮਾ ਉੱਤਰਾਖੰਡ, ਮੁੱਖ ਸਕੱਤਰ ਹਰਚਰਨ ਸਿੰਘ ਅਤੇ ਵਧੀਕ ਸਕੱਤਰ ਭਜਨ ਸਿੰਘ ਮਨਾਵਾਂ ਸ਼ਾਮਲ ਹਨ। ਇਸ ਸਬੰਧੀ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰਾ ਸਿੰਘ ਰਾਵਤ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ, ਜਿਸ ਰਾਹੀਂ ਇਸ ਮਾਮਲੇ ਬਾਰੇ ਗੱਲਬਾਤ ਕਰਨ ਲਈ ਸਮਾਂ ਦੇਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਇਹ ਮਾਮਲਾ ਮਿਲ ਬੈਠ ਕੇ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨੇ ਦੱਸਿਆ ਕਿ ਇਹ ਚਾਰ ਮੈਂਬਰੀ ਵਫ਼ਦ 4 ਅਪ੍ਰੈਲ ਨੂੰ ਉੱਤਰਾਖੰਡ ਸਰਕਾਰ ਨਾਲ ਗੱਲਬਾਤ ਲਈ ਜਾਵੇਗਾ।