ਲੁਧਿਆਣਾ ‘ਚ ਕੂੜੇ ਦੇ ਢੇਰ ‘ਚੋਂ ਗੁਟਕਾ ਸਾਹਿਬ ਦੇ ਪੰਨੇ ਖਿਲਰੇ ਮਿਲੇ

ਲੁਧਿਆਣਾ ‘ਚ ਕੂੜੇ ਦੇ ਢੇਰ ‘ਚੋਂ ਗੁਟਕਾ ਸਾਹਿਬ ਦੇ ਪੰਨੇ ਖਿਲਰੇ ਮਿਲੇ

ਲੁਧਿਆਣਾ/ਬਿਊਰੋ ਨਿਊਜ਼ :
ਸਨਅਤੀ ਸ਼ਹਿਰ ਵਿੱਚ ਇੱਕ ਵਾਰ ਫਿਰ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ, ਇਹ ਘਟਨਾ ਬਸਤੀ ਜੋਧੇਵਾਲ ਇਲਾਕੇ ਦੇ ਨੂਰਵਾਲਾ ਰੋਡ ਸਥਿਤ ਆਨੰਦਪੁਰੀ ਕਲੋਨੀ ਦੀ ਹੈ। ਜਿੱਥੇ ਗੁਰਦੁਆਰੇ ਮੱਥਾ ਟੇਕਣ ਜਾ ਰਹੀ ਸੰਗਤ ਨੇ ਇਲਾਕੇ ਵਿਚ ਪਏ ਕੂੜੇ ਦੇ ਢੇਰਾਂ ‘ਤੇ ਗੁਟਕਾ ਸਾਹਿਬ ਦੇ ਪੰਨੇ ਖਿਲਰੇ ਵੇਖੇ।
ਇਲਾਕੇ ਦੀ ਸੰਗਤ ਨੇ ਤੁਰੰਤ ਇਸ ਦੀ ਜਾਣਕਾਰੀ ਗੁਰਦੁਆਰੇ ਦੇ ਪ੍ਰਧਾਨ ਨੂੰ ਦਿੱਤੀ ਜਿਸ ਨੇ ਮੌਕੇ ‘ਤੇ ਆ ਕੇ ਪੁਲੀਸ ਨੂੰ ਇਸ ਸਬੰਧੀ ਦੱਸਿਆ। ਸੂਚਨਾ ਮਿਲਣ ਉੱਤੇ ਏਡੀਸੀਪੀ ਕ੍ਰਾਈਮ ਬਲਕਾਰ ਸਿੰਘ, ਏਡੀਸੀਪੀ-4 ਸੰਦੀਪ ਸ਼ਰਮਾ, ਏਡੀਸੀਪੀ 3 ਸੁਰਿੰਦਰ ਲਾਂਬਾ, ਏਸੀਪੀ ਪੂਰਬੀ ਸੌਰਵ ਜਿੰਦਲ, ਥਾਣਾ ਬਸਤੀ ਜੋਧੇਵਾਲ, ਡਿਵੀਜ਼ਨ ਨੰ. 7, ਸੀਆਈਏ-1 ਤੇ 2 ਦੀ ਪੁਲੀਸ ਮੌਕੇ ‘ਤੇ ਪੁੱਜੀ। ਪੁਲੀਸ ਨੇ ਇਲਾਕਾ ਵਾਸੀਆਂ ਨਾਲ ਮਿਲ ਕੇ ਪੂਰੇ ਆਦਰ ਸਤਿਕਾਰ ਨਾਲ ਪਵਿੱਤਰ ਅੰਗਾਂ ਨੂੰ ਇੱਕਠੇ ਕੀਤਾ ਤੇ ਸੁਰੱਖਿਅਤ ਸਥਾਨਾਂ ‘ਤੇ ਰਖਵਾਇਆ।
ਜਾਂਚ ਦੌਰਾਨ ਪਤਾ ਲੱਗਾ ਕਿ ਦੋ ਦਿਨ ਪਹਿਲਾਂ ਇਲਾਕੇ ਵਿਚ ਰਹਿਣ ਵਾਲੇ ਹਰਪ੍ਰੀਤ ਸਿੰਘ ਨੇ ਆਪਣਾ ਘਰ ਬਦਲਿਆ ਹੈ। ਜਿਸ ਨੇ ਸਾਰਾ ਕੂੜਾ ਘਰ ਦੇ ਬਾਹਰ ਸੁੱਟਿਆ ਹੈ ਤੇ ਉਸ ਵਿਚ ਪਵਿੱਤਰ ਪੋਥੀ ਦੇ ਪੰਨੇ ਪਾੜ ਕੇ ਸੁੱਟੇ ਗਏ ਹਨ। ਪੁਲੀਸ ਨੇ ਤੁਰੰਤ ਹਰਪ੍ਰੀਤ ਦੇ ਖਿਲਾਫ਼ ਕੇਸ ਦਰਜ ਕਰਕੇ ਉਸ ਨੂੰ ਕਾਬੂ ਕਰ ਲਿਆ। ਦੂਸਰੇ ਪਾਸੇ ਹਰਪ੍ਰੀਤ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚਿਆਂ ਤੋਂ ਗ਼ਲਤੀ ਨਾਲ ਇਹ ਧਾਰਮਿਕ ਗ੍ਰੰਥ ਦੇ ਪੰਨੇ ਫਟ ਗਏ। ਉਸ ਨੇ ਦੱਸਿਆ ਕਿ ਉਹ ਖੁਦ ਵੀ ਸਿੱਖ ਪਰਿਵਾਰ ਨਾਲ ਸਬੰਧ ਰੱਖਦਾ ਹੈ। ਏਡੀਸੀਪੀ ਕ੍ਰਾਈਮ ਬਲਕਾਰ ਸਿੰਘ ਨੇ ਕਿਹਾ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।