‘ਹਿੰਦੀ ਚੌਧਰੀਆਂ’ ਦੇ ਵੱਸ ਪੈ ਗਈ ਪੰਜਾਬੀ ਜ਼ੁਬਾਨ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੀ ਸਿੱਖਿਆ ਰਾਜ ਮੰਤਰੀ ਅਰੁਣਾ ਚੌਧਰੀ ਨੇ ਪਹਿਲਾਂ ਪਿਛਲੇ ਹਫ਼ਤੇ ਹਲਫ਼ਦਾਰੀ ਸਮਾਗਮ ਦੌਰਾਨ ਅਤੇ ਹੁਣ ਵਿਧਾਨ ਸਭਾ ਵਿੱਚ ਵਿਧਾਇਕਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਪੰਜਾਬੀ ਨੂੰ ਤਰਜੀਹ ਨਹੀਂ ਦਿੱਤੀ। ਮੰਤਰੀ ਦੇ ਪਤੀ ਅਸ਼ੋਕ ਚੌਧਰੀ (ਸੇਵਾਮੁਕਤ ਨੌਕਰਸ਼ਾਹ) ਨੇ ਮੰਨਿਆ ਹੈ ਕਿ ਮੰਤਰੀ ਆਪਣੇ ਵਿਦਿਅਕ ਪਿਛੋਕੜ ਕਾਰਨ ਪੰਜਾਬੀ ਭਾਸ਼ਾ ਵਿੱਚ ‘ਸਹਿਜ’ ਨਹੀਂ ਹੈ।
ਮੰਤਰੀ ਦੀ ਪੰਜਾਬੀ ਜ਼ੁਬਾਨ ਦੀ ਮੁਹਾਰਤ ਬਾਰੇ ਇਹ ਕਬੂਲਨਾਮਾ ਹੈਰਾਨ ਕਰਨ ਵਾਲਾ ਹੈ ਕਿਉਂਕਿ ਅਰੁਣਾ ਚੌਧਰੀ ਸਕੂਲ ਤੇ ਉੱਚ ਸਿੱਖਿਆ ਵਿਭਾਗਾਂ, ਜਿਨ੍ਹਾਂ ਨੂੰ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨ ਵਾਲੇ ਮੁਢਲੇ ਸੰਸਥਾਨ ਵਜੋਂ ਦੇਖਿਆ ਜਾਂਦਾ ਹੈ, ਦੇ ਮੁਖੀ ਹਨ। ਇਸ ਤੋਂ ਇਲਾਵਾ ਸ੍ਰੀਮਤੀ ਚੌਧਰੀ ਇਤਿਹਾਸਕ ਮਹੱਤਤਾ ਵਾਲੇ ਪੰਜਾਬ ਭਾਸ਼ਾ ਵਿਭਾਗ, ਜਿਸ ਦਾ ਇਕਲੌਤਾ ਮਕਸਦ ਪੰਜਾਬੀ ਭਾਸ਼ਾ ਦੀ ਤਰੱਕੀ ਤੇ ਵਿਕਾਸ ਹੈ, ਦੇ ਮੁਖੀ ਹਨ। ਭਾਸ਼ਾ ਵਿਭਾਗ ਵੱਲੋਂ ਵਿਸ਼ਵ ਦੀਆਂ ਸ਼ਾਹਕਾਰ ਲਿਖਤਾਂ ਦਾ ਪੰਜਾਬੀ ਵਿੱਚ ਤਰਜਮਾ ਕਰਾ ਕੇ ਅਤੇ ਨਾਯਾਬ ਪੰਜਾਬੀ ਕਿਤਾਬਾਂ ਪ੍ਰਕਾਸ਼ਤ ਕੀਤੀਆਂ ਜਾਂਦੀਆਂ ਹਨ।
ਅਸ਼ੋਕ ਚੌਧਰੀ ਨੇ ਦੱਸਿਆ, ‘ਮੇਰੀ ਪਤਨੀ ਨੇ ਸਾਰੀ ਸਿੱਖਿਆ ਜੰਮੂ ਤੇ ਕਸ਼ਮੀਰ ਵਿੱਚੋਂ ਹਾਸਲ ਕੀਤੀ ਹੈ, ਜਿਥੇ ਪੰਜਾਬੀ ਨਾ ਤਾਂ ਸਕੂਲ ਅਤੇ ਨਾ ਹੀ ਕਾਲਜ ਪਾਠਕ੍ਰਮ ਦਾ ਹਿੱਸਾ ਸੀ। ਵਿਦਿਅਕ ਪਿਛੋਕੜ ਕਾਰਨ ਉਹ ਪੰਜਾਬੀ ਨਾਲੋਂ ਹਿੰਦੀ ਤੇ ਅੰਗਰੇਜ਼ੀ ਵਿੱਚ ਜ਼ਿਆਦਾ ਸਹਿਜ ਹਨ।’ ਸ੍ਰੀ ਅਸ਼ੋਕ ਨੇ ਫ਼ਖ਼ਰ ਨਾਲ ਕਿਹਾ ਕਿ ਅਰੁਣਾ ਨੇ ਰਾਜ ਮੰਤਰੀ ਵਜੋਂ ਹਿੰਦੀ ਵਿੱਚ ਹਲਫ਼ ਲਿਆ ਹੈ ਕਿਉਂਕਿ ਇਹ ‘ਸਾਡੀ ਮਾਤ ਭਾਸ਼ਾ’ ਹੈ, ਉਨ੍ਹਾਂ ਦੇ ਅੰਗਰੇਜ਼ੀ ਵਿੱਚ ਹਲਫ਼ ਲੈਣ ਨਾਲ ਕਈ ਹੈਰਾਨ ਹੋਏ ਹਨ।
ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਸੁਖਦੇਵ ਸਿੰਘ ਸਿਰਸਾ ਨੇ ਕਿਹਾ, ‘ਜੇਕਰ ਸਿੱਖਿਆ ਮੰਤਰੀ ਪੰਜਾਬੀ ਨਾਲੋਂ ਹਿੰਦੀ ਤੇ ਅੰਗਰੇਜ਼ੀ ਵਿੱਚ ਵੱਧ ਸਹਿਜ ਹੈ ਤਾਂ ਭਵਿੱਖ ਵਿੱਚ ਅਸੀਂ ਪੰਜਾਬੀ ਦੀ ਕਿਸ ਤਰ੍ਹਾਂ ਦੀ ਤਰੱਕੀ ਦੀ ਉਮੀਦ ਕਰ ਸਕਦੇ ਹਾਂ? ਇਹ ਹਾਸੋਹੀਣਾ ਹੈ ਕਿ ਇਹ ਉਸ ਸੂਬੇ ਵਿੱਚ ਹੋ ਰਿਹਾ ਹੈ, ਜਿਥੇ ਭਾਸ਼ਾ ਦਾ ਸਵਾਲ ਹਮੇਸ਼ਾ ਅਹਿਮ ਮੁੱਦਾ ਰਿਹਾ ਹੈ।’
Comments (0)