ਢੀਂਡਸਾ ਨੇ ਰਾਜ ਸਭਾ ‘ਚ ਅਕਾਸ਼ਵਾਣੀ ਤੋਂ ਪੰਜਾਬੀ ਬੁਲੇਟਿਨ ਬੰਦ ਹੋਣ ਦਾ ਖਦਸ਼ਾ ਪ੍ਰਗਟਾਇਆ

ਢੀਂਡਸਾ ਨੇ ਰਾਜ ਸਭਾ ‘ਚ ਅਕਾਸ਼ਵਾਣੀ ਤੋਂ ਪੰਜਾਬੀ ਬੁਲੇਟਿਨ ਬੰਦ ਹੋਣ ਦਾ ਖਦਸ਼ਾ ਪ੍ਰਗਟਾਇਆ

ਨਵੀਂ ਦਿੱਲੀ/ਬਿਊਰੋ ਨਿਊਜ਼ :
ਰਾਜ ਸਭਾ ਸੰਸਦ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਨੇ ਰਾਜ ਸਭਾ ਵਿਚ ਅਕਾਸ਼ਵਾਣੀ ਤੋਂ ਪੰਜਾਬੀ ਬੁਲੇਟਿਨ ਬੰਦ ਕਰਨ ਦੇ ਖਦਸ਼ਿਆਂ ਦਾ ਮੁੱਦਾ ਚੁੱਕਿਆ। ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰਾਂ ਨੇ ਸਿਫਰਕਾਲ ਵਿਚ ਮੁੱਦਾ ਚੁੱਕਦਿਆਂ ਕਿਹਾ ਕਿ ਅਕਾਸ਼ਵਾਣੀ ਤੋਂ ਖੇਤਰੀ ਭਾਸ਼ਾਵਾਂ ਦੇ ਬੁਲੇਟਿਨ ਦਾ ਪ੍ਰਸਾਰਨ ਉਸ ਵੇਲੇ ਤੋਂ ਚੱਲਿਆ ਆ ਰਿਹਾ ਹੈ, ਜਦ ਤੋਂ ਸਰਦਾਰ ਪਟੇਲ ਪਹਿਲੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਬਣੇ ਸਨ। ਉਨ੍ਹਾਂ ਕਿਹਾ ਕਿ ਉਸ ਵੇਲੇ ਪੰਜਾਬੀ ਸਮੇਤ ਹੋਰ 6 ਭਾਸ਼ਾਵਾਂ (ਅਸਮਿਆ, ਡੋਗਰੀ, ਕਸ਼ਮੀਰੀ, ਮਲਿਆਲਮ) ਭਾਸ਼ਾਵਾਂ ਦੇ ਬੁਲੇਟਿਨ ਸ਼ੁਰੂ ਕਰਵਾਏ ਗਏ, ਜਦ ਦਿੱਲੀ ਵਿਚ ਖੇਤਰੀ ਭਾਸ਼ਾਵਾਂ ਦੀ ਸੋਝੀ ਰੱਖਣ ਵਾਲੇ ਵਿਅਕਤੀ ਦਿੱਲੀ ਵਿਚੋਂ ਮਿਲਣੇ ਤਕਰੀਬਨ ਨਾਮੁਮਕਿਨ ਸੀ। ਪਰ ਸਮੇਂ ਦੇ ਨਾਲ ਬਦਲੇ ਹਾਲਾਤ ਤੋਂ ਬਾਅਦ ਹੁਣ ਦਿੱਲੀ ਵਿਚ ਖੇਤਰੀ ਭਾਸ਼ਾਵਾਂ ਦੇ ਮਾਹਰਾਂ ਦੀ ਕੋਈ ਘਾਟ ਨਹੀਂ ਹੈ। ਰਾਜ ਸਭਾ ਸੰਸਦ ਮੈਂਬਰਾਂ ਨੇ ਸੂਚਨਾ ਅਤੇ ਪ੍ਰਸਾਰਨ ਰਾਜ ਮੰਤਰੀ ਰਾਜਵਰਧਨ ਰਾਠੌਰ ਵੱਲੋਂ ਲੋਕ ਸਭਾ ਵਿਚ ਇਕ ਲਿਖਤੀ ਸਵਾਲ ਦੇ ਜਵਾਬ ਦਾ ਹਵਾਲਾ ਦਿੰਦਿਆਂ ਕਿਹਾ ਕਿ ਮੰਤਰੀ ਮੁਤਾਬਿਕ 4 ਖੇਤਰੀ ਭਾਸ਼ਾਵਾਂ ਅਸਮਿਆ, ਉੜੀਆ, ਮਲਿਆਲਮ ਅਤੇ ਤਾਮਿਲ ਦੇ ਖਬਰਾਂ ਦੇ ਬੁਲੇਟਿਨ ਨੂੰ ਸੰਬੰਧਤ ਰਾਜਾਂ ਵਿਚ ਸ਼ਿਫਟ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਸ. ਢੀਂਡਸਾ ਨੇ ਪ੍ਰਸਾਰ ਭਾਰਤੀ ਦੇ ਇਸ ਕਦਮ ‘ਤੇ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਇਸ ਨਾਲ ਰਾਜਧਾਨੀ ਵਿਚ ਭਾਸ਼ਾਵਾਂ ਦੇ ਵਿਕਾਸ ਨਾਲ ਧੱਕਾ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਨੇਤਾ ਨੇ ਇਨ੍ਹਾਂ ਭਾਸ਼ਾਵਾ ਦੇ ਯੂਨਿਟਾਂ ਨੂੰ ਰਾਜਧਾਨੀ ਵਿਚੋਂ ਬਾਹਰ ਭੇਜਣ ਦੇ ਕਦਮ ਨੂੰ ਫੌਰੀ ਵਾਪਸ ਲੈਣ ਦੀ ਮੰਗ ਕੀਤੀ।