ਸਾਡੇ ਖ਼ਿਲਾਫ਼ ‘ਆਪ’ ਦੇ ਪ੍ਰਚਾਰ ਦਾ ਲਾਭ ਕਾਂਗਰਸ ਨੇ ਖੱਟਿਆ : ਸੁਖਬੀਰ ਬਾਦਲ

ਸਾਡੇ ਖ਼ਿਲਾਫ਼ ‘ਆਪ’ ਦੇ ਪ੍ਰਚਾਰ ਦਾ ਲਾਭ ਕਾਂਗਰਸ ਨੇ ਖੱਟਿਆ : ਸੁਖਬੀਰ ਬਾਦਲ
ਕੈਪਸ਼ਨ-ਪਿੰਡ ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸੁਖਬੀਰ ਸਿੰੰਘ ਬਾਦਲ।

ਬੰਗਾ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਆਮ ਆਦਮੀ ਪਾਰਟੀ ਵਾਂਗ ਲੋਕਾਂ ਨੂੰ ਗੁਮਰਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਬਾਰੇ ਕੂੜ ਪ੍ਰਚਾਰ ਕਰਨ ਵਾਲੀ ‘ਆਪ’ ਦਾ ਪੰਜਾਬ ਵਿੱਚੋਂ ਸਫ਼ਾਇਆ ਹੋ ਗਿਆ ਪਰ ਇਸ ਦਾ ਵਕਤੀ ਲਾਭ ਪ੍ਰਾਪਤ ਕਰਨ ਵਿੱਚ ਕਾਂਗਰਸ ਸਫ਼ਲ ਹੋ ਗਈ।
ਸੁਖਬੀਰ ਸਿੰਘ ਬਾਦਲ ਪਿੰਡ ਖਟਕੜ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਰੱਖੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੂਬੇ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ ਜਾਰੀ ਹੋਇਆ ਪੈਸਾ ਨਵੀਂ ਸਰਕਾਰ ਵੱਲੋਂ ਵਾਪਸ ਮੰਗਵਾਉਣਾ ਮੰਦਭਾਗਾ ਹੈ, ਜਿਸ ਕਾਰਨ ਉਨ੍ਹਾਂ ਦੀ ਸਰਕਾਰ ਵੱਲੋਂ ਵਿੱਢੇ ਕੰਮ ਠੱਪ ਹੋ ਜਾਣਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਦਿਆਂ ਹੀ ਇੱਕ ਹਫ਼ਤੇ ਅੰਦਰ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਵਾਅਦਾ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਪੰਜਾਬ ਵਿੱਚ ਕਾਂਗਰਸ ਪਾਰਟੀ ਨੇ ਜਿਸ ਤਰ੍ਹਾਂ ਕਰਜ਼ਾ ਮੁਆਫੀ, ਨੌਕਰੀਆਂ ਦੇਣ ਤੇ ਸਮਾਰਟ ਫੋਨ ਦੇਣ ਦੇ ਲਾਲਚ ਤਹਿਤ ਲਿਖਤੀ ਫਾਰਮ ਭਰਵਾਏ ਸਨ, ਉਹ ਦੇਸ਼ ਦੇ ਲੋਕਤੰਤਰੀ ਢਾਂਚੇ ਲਈ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼ਹੀਦਾਂ ਨੂੰ ਹਮੇਸ਼ਾ ਸਿਜਦਾ ਕੀਤਾ ਹੈ ਤੇ ਇਸੇ ਮਿਸ਼ਨ ਤਹਿਤ ਉਨ੍ਹਾਂ ਦੀ ਸਰਕਾਰ ਨੇ ਇਤਿਹਾਸਕ ਯਾਦਗਾਰਾਂ ਸਥਾਪਤ ਕਰਨ ਲਈ ਕਰੋੜਾਂ ਰੁਪਏ ਖ਼ਰਚੇ। ਉਨ੍ਹਾਂ ਦੂਜੀਆਂ ਸਿਆਸੀ ਪਾਰਟੀਆਂ ਛੱਡ ਕੇ ਜਾਂ ਨਿੱਜੀ ਲਾਭ ਲੈਣ ਲਈ ਅਕਾਲੀ ਦਲ ਵਿੱਚ ਆਉਣ ਵਾਲਿਆਂ ‘ਤੇ ਵਿਅੰਗ ਕਰਦਿਆਂ ਪਾਰਟੀ ਲੀਡਰਸ਼ਿਪ ਨੂੰ ਹਦਾਇਤ ਕੀਤੀ ਕਿ ਭਵਿੱਖ ਵਿੱਚ ਅਜਿਹੀ ਕੋਈ ਸ਼ਮੂਲੀਅਤ ਨਾ ਕਰਾਈ ਜਾਵੇ। ਉਨ੍ਹਾਂ ਕਿਹਾ ਕਿ ਜਿੱਥੇ ਵੀ ਕਿਸੇ ਪਾਰਟੀ ਦੇ ਟਕਸਾਲੀ ਆਗੂ ਜਾਂ ਵਰਕਰ ਨਾਲ ਧੱਕਾ ਹੁੰਦਾ ਹੈ ਤਾਂ ਉਸ ਦੀ ਮਦਦ ਲਈ ਸਾਰੀ ਲੀਡਰਸ਼ਿਪ ਇਕੱਠੀ ਹੋ ਕੇ ਸੰਘਰਸ਼ ਕਰੇ। ਆਪਣੇ ਹੱਥੋਂ ਖੁੱਸੀ ਸੱਤਾ ਦੇ ਕਾਰਨਾਂ ਸਬੰਧੀ ਮੀਡੀਆ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਮੰਨਿਆ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਜੋ ਕਮੀਆਂ ਰਹਿ ਗਈਆਂ ਹਨ, ਉਹ ਭਵਿੱਖ ਵਿੱਚ ਗੰਭੀਰਤਾ ਨਾਲ ਵਿਚਾਰਨਗੇ ਅਤੇ ਕੈਪਟਨ ਸਰਕਾਰ ਜੇ ਚੰਗੇ ਕੰਮ ਕਰੇਗੀ ਤਾਂ ਉਹ ਸਾਥ ਦੇਣਗੇ। ਇਸ ਮੌਕੇ ਬੁਲਾਰਿਆਂ ਨੇ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ‘ਆਪ’ ਦੀ ਸੀਨੀਅਰ ਲੀਡਰਸ਼ਿਪ ਦੇ ਨਾ ਆਉਣ ਦਾ ਮਾਮਲਾ ਉਠਾਇਆ।