ਅਕਾਲੀ ਦਲ ਦੇ ਸਟਾਰ ਪ੍ਰਚਾਰਕ ਰਹੇ ਜਰਮਨਜੀਤ ਕੋਲੋਂ ਵੱਡੀ ਮਾਤਰਾ ‘ਚ ਹਥਿਆਰ ਬਰਾਮਦ

ਅਕਾਲੀ ਦਲ ਦੇ ਸਟਾਰ ਪ੍ਰਚਾਰਕ ਰਹੇ ਜਰਮਨਜੀਤ ਕੋਲੋਂ ਵੱਡੀ ਮਾਤਰਾ ‘ਚ ਹਥਿਆਰ ਬਰਾਮਦ

ਕੈਪਸ਼ਨ-ਬਰਾਮਦ ਕੀਤੇ ਹਥਿਆਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਸਪੀ ਡਾ. ਨਾਨਕ ਸਿੰਘ।  
ਫ਼ਰੀਦਕੋਟ/ਬਿਊਰੋ ਨਿਊਜ਼ :
ਵਿਧਾਨ ਸਭਾ ਚੋਣਾਂ ਵਿੱਚ ਫ਼ਰੀਦਕੋਟ ਤੋਂ ਅਕਾਲੀ ਦਲ ਦੇ ਸਟਾਰ ਪ੍ਰਚਾਰਕ ਰਹੇ ਪਿੰਡ ਗੋਲੇਵਾਲਾ ਦੇ ਜਰਮਨਜੀਤ ਸਿੰਘ ਕੋਲੋਂ ਪੁਲੀਸ ਨੇ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਹਨ। ਚੋਣ ਨਤੀਜਿਆਂ ਤੋਂ ਪਹਿਲਾਂ ਜਰਮਨਜੀਤ ਸਿੰਘ ਨੇ ਫ਼ਰੀਦਕੋਟ ਤੋਂ ਅਕਾਲੀ ਉਮੀਦਵਾਰ ਦੀ ਜਿੱਤ ਅਤੇ ਅਕਾਲੀ ਦਲ ਦੀ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਸੋਸ਼ਲ ਮੀਡੀਆ ‘ਤੇ ਪੰਜ ਕਰੋੜ ਰੁਪਏ ਦੀ ਸ਼ਰਤ ਲਾਈ ਸੀ। ਚੋਣ ਨਤੀਜਿਆਂ ਤੋਂ ਬਾਅਦ ਜਰਮਨਜੀਤ ਸਿੰਘ ਰੂਪੋਸ਼ ਦੱਸਿਆ ਜਾ ਰਿਹਾ ਸੀ। ਜ਼ਿਲ੍ਹਾ ਪੁਲੀਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਜਰਮਨਜੀਤ ਸਿੰਘ ਕੋਲੋਂ ਇਕ ਦੇਸੀ ਪਿਸਤੌਲ 12 ਬੋਰ, ਇਕ 315 ਬੋਰ ਪਿਸਤੌਲ, ਇਕ ਰਿਵਾਲਵਰ, ਇਕ 12 ਬੋਰ ਦੋਨਾਲੀ ਰਾਈਫਲ, 44 ਕਾਰਤੂਸ, ਇਕ ਕਾਪਾ ਅਤੇ ਇਕ ਕਿਰਚ ਬਰਾਮਦ ਕਰ ਕੇ ਉਸ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਦਾਅਵਾ ਕੀਤਾ ਕਿ ਜਰਮਨਜੀਤ ਸਿੰਘ ਦੇ ਗੈਂਗਸਟਰ ਮੁੰਨਾ ਨਿਪਾਲੀ ਨਾਲ ਕਰੀਬੀ ਸਬੰਧ ਹਨ ਅਤੇ ਇਹ ਹਥਿਆਰ ਉਸ ਨੇ ਫਿਰੌਤੀ ਲੈਣ ਲਈ ਜਮ੍ਹਾਂ ਕੀਤੇ ਸਨ। ਜਰਮਨਜੀਤ ਸਿੰਘ ਨੂੰ 23 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਇਸ ਦੌਰਾਨ ਜ਼ਿਲ੍ਹਾ ਪੁਲੀਸ ਨੇ ਪਿੰਡ ਪੰਜਗਰਾਈਂ ਕੋਲੋਂ ਨਾਕਾਬੰਦੀ ਕਰ ਕੇ ਇਕ ਕੈਂਟਰ ਅਤੇ ਬਲੈਰੋ ਕੈਂਪਰ ਵਿਚੋਂ 1200 ਪੇਟੀਆਂ (14400 ਬੋਤਲਾਂ) ਸ਼ਰਾਬ ਬਰਾਮਦ ਕਰ ਕੇ ਇਸ ਮਾਮਲੇ ਵਿੱਚ ਇਕਬਾਲ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਕੁਮਾਰ, ਅਮਰਜੀਤ ਸਿੰਘ ਤੇ ਅਜੇ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਅਨੁਸਾਰ ਇਹ ਵਿਅਕਤੀ ਹੁਸ਼ਿਆਰਪੁਰ ਤੋਂ ਸ਼ਰਾਬ ਲਿਆ ਕੇ ਫ਼ਰੀਦਕੋਟ ਜ਼ਿਲ੍ਹੇ ਵਿੱਚ ਵੇਚਦੇ ਸਨ। ਪੁਲੀਸ ਅਨੁਸਾਰ ਇਹ ਸ਼ਰਾਬ ਠੇਕੇਦਾਰ ਦਰਸ਼ਨ ਸਿੰਘ ਦੇ ਕਹਿਣ ‘ਤੇ ਲਿਆਂਦੀ ਜਾ ਰਹੀ ਸੀ।