ਬਾਦਲਾਂ ਦੇ ਪਿੰਡ ਵਿਚੋਂ ਹਟੀ ਪੁਲੀਸ ਮੁਲਾਜ਼ਮਾਂ ਦੀ ਫ਼ੌਜ

ਬਾਦਲਾਂ ਦੇ ਪਿੰਡ ਵਿਚੋਂ ਹਟੀ ਪੁਲੀਸ ਮੁਲਾਜ਼ਮਾਂ ਦੀ ਫ਼ੌਜ

ਕੈਪਸ਼ਨ-ਪਿੰਡ ਬਾਦਲ ਵਿਚ ਪੁਲੀਸ ਮੁਲਾਜ਼ਮ ਹਟਾਏ ਜਾਣ ਮਗਰੋਂ ਬੰਦ ਪਏ ਗਾਰਦ ਰੂਮ।
ਬਠਿੰਡਾ/ਬਿਊਰੋ ਨਿਊਜ਼ :
ਕਾਂਗਰਸ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਦੇ ਪਿੰਡ ਬਾਦਲ ਵਿੱਚੋਂ ਮੁਲਾਜ਼ਮਾਂ ਦੀ ਫ਼ੌਜ ਹਟਾ ਲਈ ਹੈ। ਉਂਜ, ਬਾਦਲ ਪਰਿਵਾਰ ਦੇ ਪੁਰਾਣੇ ਘਰ ਦੀ ਰਾਖੀ ਲਈ ਅਜੇ ਦਰਜਨ ਮੁਲਾਜ਼ਮ ਤਾਇਨਾਤ ਹਨ, ਜਦੋਂਕਿ ਉਥੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਰਹਿ ਰਿਹਾ। ਸ੍ਰੀ ਬਾਦਲ ਦੇ ਮਿੱਠੜੀ ਰੋਡ ਸਥਿਤ ਖੇਤਾਂ ਵਿੱਚੋਂ ਵੀ ਪੁਲੀਸ ਦੀ ਗਾਰਦ ਵਾਪਸ ਬੁਲਾ ਲਈ ਹੈ।
ਸੂਤਰਾਂ ਅਨੁਸਾਰ ਪਿੰਡ ਬਾਦਲ ਵਿੱਚੋਂ ਪੁਲੀਸ ਨੇ 14 ਮਾਰਚ ਦੀ ਸ਼ਾਮ ਨੂੰ 92 ਪੁਲੀਸ ਮੁਲਾਜ਼ਮ ਵਾਪਸ ਬੁਲਾਏ ਹਨ, ਜੋ ਆਰਮਡ ਫੋਰਸ ਦੇ ਹਨ। ਪਿੰਡ ਦੇ ਜਲ ਘਰ ਵਿੱਚ ਬੈਠੀ ਗਾਰਦ ਵੀ ਹਟਾ ਦਿੱਤੀ ਗਈ ਹੈ। ਇਸੇ ਤਰ੍ਹਾਂ ਬਠਿੰਡਾ ਰੋਡ, ਮਾਨਾਂ ਰੋਡ, ਖਿਉਵਾਲੀ, ਗੱਗੜ ਰੋਡ ਤੇ ਮਿਠੜੀ ਰੋਡ ਤੋਂ ਪੁਲੀਸ ਨਾਕੇ ਚੁੱਕ ਦਿੱਤੇ ਗਏ ਹਨ। ਪਿੰਡ ਬਾਦਲ ਨੂੰ ਆਉਂਦੀ ਹਰ ਸੜਕ ‘ਤੇ ਪੁਲੀਸ ਗਾਰਦ ਬੈਠੀ ਹੋਈ ਸੀ। ਮੁਕਤਸਰ ਪੁਲੀਸ ਦੇ ਅਫ਼ਸਰਾਂ ਨੇ ਕੁਝ ਦਿਨ ਪਹਿਲਾਂ ਸੁਰੱਖਿਆ ਦਾ ਜਾਇਜ਼ਾ ਵੀ ਲਿਆ ਹੈ। ਹੁਣ ਪੁਰਾਣੇ ਘਰ ਤੋਂ ਵੀ ਗਾਰਦ ਹਟਾਉਣ ਬਾਰੇ ਵਿਚਾਰਾਂ ਚੱਲ ਰਹੀਆਂ ਹਨ। ਪਿੰਡ ਬਾਦਲ ਦੇ ਇਨ੍ਹਾਂ ਨਾਕਿਆਂ ‘ਤੇ ਪੀਏਪੀ ਅਤੇ ਆਈਆਰਬੀ ਦੇ ਮੁਲਾਜ਼ਮਾਂ ਦੀ ਤਾਇਨਾਤੀ ਸੀ।
ਦੱਸਣਯੋਗ ਹੈ ਕਿ ਪਿੰਡ ਬਾਦਲ ਵਿੱਚ ਪਾਵਰਕੌਮ ਦਾ ਇੱਕ ਗੈਸਟ ਹਾਊਸ ਵੀ ਹੈ, ਜਿੱਥੇ ਪੁਲੀਸ ਵਾਸਤੇ ਇੱਕ ਵੱਖਰੀ ਬੈਰਕ ਬਣਾਈ ਹੋਈ ਹੈ। ਬਾਦਲ ਪਰਿਵਾਰ ਪਿੰਡ ਵਿੱਚ ਹੁੰਦਾ ਸੀ ਤਾਂ ਇਹ ਬੈਰਕ ਵੀ ਮੁਲਾਜ਼ਮਾਂ ਨਾਲ ਭਰੀ ਹੁੰਦੀ ਸੀ। ਇਸ ਦੌਰਾਨ ਮੁਕਤਸਰ ਪੁਲੀਸ ਦੇ ਐਸਪੀ (ਸਥਾਨਕ) ਜਸਪਾਲ ਸਿੰਘ ਦਾ ਕਹਿਣਾ ਸੀ ਕਿ ਪਿੰਡ ਬਾਦਲ ਵਿੱਚੋਂ ਕਾਫ਼ੀ ਸਮਾਂ ਪਹਿਲਾਂ ਫੋਰਸ ਹਟਾ ਦਿੱਤੀ ਗਈ ਸੀ। ਦੂਜੇ ਪਾਸੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਹੀ ਨਾਕੇ ਹਟੇ ਹਨ ਅਤੇ ਬੈਰੀਕੇਡ ਚੁੱਕੇ ਗਏ ਹਨ। ਬਠਿੰਡਾ ਪੁਲੀਸ ਨੇ ਕਾਲਝਰਾਨੀ ਹੈਲੀਪੈਡ ਤੋਂ ਗਾਰਦ ਹਟਾ ਲਈ ਹੈ। ਪਿੰਡ ਕਾਲਝਰਾਨੀ ਦੀ ਅਨਾਜ ਮੰਡੀ ਵਿੱਚ ਆਰਜ਼ੀ ਹੈਲੀਪੈਡ ਬਣਾਇਆ ਹੋਇਆ ਸੀ, ਜਿੱਥੇ ਪੁਲੀਸ ਦੀ ਪੱਕੀ ਗਾਰਦ ਬੈਠੀ ਸੀ। ਸੂਤਰ ਦੱਸਦੇ ਹਨ ਕਿ ਦੋ ਮੁਲਾਜ਼ਮ ਅਜੇ ਵੀ ਬੈਠੇ ਹਨ।
ਸੁਖਬੀਰ ਵੱਲੋਂ ‘ਮਿਸ਼ਨ ਢਾਰਸ’ ਸ਼ੁਰੂ
ਬਠਿੰਡਾ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਾਰ ਮਗਰੋਂ ਹੁਣ ‘ਮਿਸ਼ਨ ਢਾਰਸ’ ਸ਼ੁਰੂ ਕੀਤਾ ਹੈ ਤਾਂ ਜੋ ਵਰਕਰਾਂ ਨੂੰ ਹੌਸਲਾ ਦਿੱਤਾ ਜਾ ਸਕੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਲਕਾਵਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਹ ਹਰ ਆਗੂ ਨੂੰ ਥਾਪੀ ਅਤੇ ਵਰਕਰਾਂ ਨੂੰ ਹੱਲਾਸ਼ੇਰੀ ਦਿੰਦੇ ਹਨ। ਬਠਿੰਡਾ (ਸ਼ਹਿਰੀ) ਅਤੇ ਬਠਿੰਡਾ (ਦਿਹਾਤੀ) ਦੇ ਸੀਨੀਅਰ ਆਗੂਆਂ ਨਾਲ ਸੁਖਬੀਰ ਸਿੰਘ ਬਾਦਲ ਨੇ ਦੋ ਦਿਨ ਮੀਟਿੰਗਾਂ ਕੀਤੀਆਂ ਹਨ ਤੇ ਉਹ ਜਲਾਲਾਬਾਦ, ਗਿੱਦੜਬਹਾ, ਜੈਤੋ ਤੇ ਫ਼ਰੀਦਕੋਟ ਦੇ ਹਲਕਿਆਂ ਵਿੱਚ ਵੀ ਗੇੜਾ ਮਾਰ ਚੁੱਕੇ ਹਨ।

‘ਗਾਰਦ ਸਭਿਆਚਾਰ’ ਹੋਵੇਗਾ ਖ਼ਤਮ, ਕਈਆਂ ਦੀ ਸੁਰੱਖਿਆ ਛਤਰੀ ਲਈ ਜਾਵੇਗੀ ਵਾਪਸ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿੱਚ ਰੁਤਬੇ ਦਾ ਚਿੰਨ੍ਹ ਮੰਨਿਆ ਜਾਂਦਾ ‘ਗਾਰਦ ਸੱਭਿਆਚਾਰ’ ਖ਼ਤਮ ਕਰਨ ਦੀ ਕੋਸ਼ਿਸ਼ ਤਹਿਤ ਨਵੀਂ ਬਣੀ ਕਾਂਗਰਸ ਸਰਕਾਰ ਨੇ ਕਈਆਂ ਦੀ ਸੁਰੱਖਿਆ ਛਤਰੀ ਵਾਪਸ ਲੈਣ ਦੀ ਤਿਆਰੀ ਕਰ ਲਈ ਹੈ। ਖ਼ਾਸ ਤੌਰ ‘ਤੇ ਅਕਾਲੀ ਸਿਆਸਤਦਾਨਾਂ ਤੇ ਉਨ੍ਹਾਂ ਪੁਲੀਸ ਅਫ਼ਸਰਾਂ ਤੋਂ ਗਾਰਦ ਵਾਪਸ ਲਈ ਜਾ ਰਹੀ ਹੈ, ਜੋ ਆਪਣੇ ਨਿੱਜੀ ਕੰਮ ਸਿਪਾਹੀਆਂ ਤੋਂ ਕਰਵਾਉਂਦੇ ਹਨ।
ਸਿਆਸਤਦਾਨਾਂ ਤੇ ਪੁਲੀਸ ਅਧਿਕਾਰੀਆਂ ਦੀ ਨਿੱਜੀ ਸੁਰੱਖਿਆ ਡਿਊਟੀ ਵਿੱਚ ਲੱਗੇ ਤਕਰੀਬਨ ਛੇ ਹਜ਼ਾਰ ਪੁਲੀਸ ਮੁਲਾਜ਼ਮਾਂ ਨੂੰ ਅਗਲੇ ਹਫ਼ਤੇ ਫੀਲਡ ਡਿਊਟੀ ਉਤੇ ਭੇਜਿਆ ਜਾ ਸਕਦਾ ਹੈ। ਵੀਆਈਪੀਜ਼ ਦੀ ਐਸਕਾਰਟ ਡਿਊਟੀ ਵਿੱਚ ਵੀ ਪੁਲੀਸ ਦੇ 60 ਵਾਹਨ ਲੱਗੇ ਹੋਏ ਸਨ। ਇਹ ਗਾਰਦ ਤੇ ਵਾਹਨ ਆਮ ਡਿਊਟੀ ਲਈ ਵਰਤੇ ਜਾਣਗੇ। ਡੀਜੀਪੀ ਸੁਰੇਸ਼ ਅਰੋੜਾ ਨੇ ਅੱਜ ਡੀਜੀਪੀ (ਕਾਨੂੰਨ ਵਿਵਸਥਾ) ਹਰਦੀਪ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਸੂਬਾ ਪੱਧਰੀ ਸਮੀਖਿਆ ਕਮੇਟੀ ਕਾਇਮ ਕਰ ਦਿੱਤੀ, ਜੋ ਵੱਖ ਵੱਖ ਵਿਅਕਤੀਆਂ ਨੂੰ ਪੁਲੀਸ ਵੱਲੋਂ ਦਿੱਤੀ ਸੁਰੱਖਿਆ ਦੀ ਸਮੀਖਿਆ ਕਰੇਗੀ।
ਸਰਕਾਰੀ ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੀਜੀਪੀ ਸੁਰੇਸ਼ ਅਰੋੜਾ ਨਾਲ ਮੀਟਿੰਗ ਮਗਰੋਂ ਇਹ ਕਮੇਟੀ ਕਾਇਮ ਕੀਤੀ ਗਈ। ਮੀਟਿੰਗ ਵਿੱਚ ਇਹ ਗੱਲ ਉੱਠੀ ਕਿ ਦੇਸ਼ ਭਰ ਵਿੱਚੋਂ ਪੰਜਾਬ ਵਿੱਚ ਭਾਵੇਂ ਪੁਲੀਸ-ਪਬਲਿਕ ਔਸਤ ਸਭ ਤੋਂ ਵੱਧ ਹੈ ਪਰ ਅਪਰਾਧ ਨਾਲ ਨਜਿੱਠਣ ਲਈ ਬਹੁਤ ਘੱਟ ਸਿਪਾਹੀ ਡਿਊਟੀ ਉਤੇ ਹੁੰਦੇ ਹਨ। ਸਮੀਖਿਆ ਕਮੇਟੀ ਨੂੰ 24 ਮਾਰਚ ਤੱਕ ਡੀਜੀਪੀ ਨੂੰ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਕਮੇਟੀ ਦੇ ਹੋਰ ਮੈਂਬਰਾਂ ਵਿੱਚ ਏਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ, ਏਡੀਜੀਪੀ ਸਕਿਉਰਿਟੀ ਬੀ.ਕੇ. ਬਾਵਾ ਅਤੇ ਆਈਜੀਪੀ (ਸਪੈਸ਼ਲ ਪ੍ਰੋਟੈਕਸ਼ਨ ਯੂਨਿਟ) ਪ੍ਰਮੋਦ ਬਾਨ ਸ਼ਾਮਲ ਹਨ।
ਭਾਵੇਂ ਸਰਕਾਰ ਨੇ ਸੁਰੱਖਿਆ ਵਿੱਚ ਕਟੌਤੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਪਰ ਪਟਿਆਲਾ ਦੇ ਦੋ ਵਾਸੀਆਂ ਹਿੰਦੋਸਤਾਨ ਸ਼ਿਵ ਸੈਨਾ ਦੇ ਪਵਨ ਗੁਪਤਾ ਅਤੇ ਕਾਲੀ ਮਾਤਾ ਮੰਦਰ ਦੇ ਮੁੱਖ ਪੁਜਾਰੀ ਪੰਚਨਾਦ ਗਿਰੀਰਾਜ ਮਹਾਰਾਜ ਨੂੰ ਸੁਰੱਖਿਆ ਲਈ ਬੁਲੇਟਪਰੂਫ ਵਾਹਨ ਮੁਹੱਈਆ ਕਰਵਾਏ ਹਨ।
ਜੱਸੀ ਨੂੰ ਜ਼ੈੱਡ ਪਲੱਸ ਸੁਰੱਖਿਆ :
ਕਾਂਗਰਸੀ ਆਗੂ ਹਰਮਿੰਦਰ ਜੱਸੀ ਨੂੰ ਜ਼ੈੱਡ ਪਲੱਸ ਸੁਰੱਖਿਆ ਮੁਹੱਈਆ ਕਰਵਾਈ ਗਈ। ਡੇਰਾ ਮੁਖੀ ਦੇ ਰਿਸ਼ਤੇਦਾਰ ਸ੍ਰੀ ਜੱਸੀ ਨੂੰ ਨਿਸ਼ਾਨਾ ਬਣਾ ਕੇ 31 ਮਾਰਚ ਨੂੰ ਮੌੜ ਮੰਡੀ ਵਿੱਚ ਧਮਾਕਾ ਹੋਇਆ  ਸੀ। ਪੰਜਾਬ ਪੁਲੀਸ ਨੇ ਉਨ੍ਹਾਂ ਨੂੰ ਬੁਲੇਟ ਪਰੂਫ ਮਹਿੰਦਰਾ ਸਕੌਰਪੀਓ, ਇਕ ਮੋਬਾਈਲ ਜੈਮਰ ਵਾਹਨ ਅਤੇ ਇਕ ਐਸਕਾਰਟ ਵਾਹਨ ਮੁਹੱਈਆ ਕੀਤਾ।