ਬਾਦਲ ਸਰਕਾਰ ਨੇ ਪ੍ਰਚਾਰ ਲਈ ਸੋਸ਼ਲ ਮੀਡੀਆ ‘ਤੇ ਖ਼ਰਚੇ ਲੱਖਾਂ ਰੁਪਏ

ਬਾਦਲ ਸਰਕਾਰ ਨੇ ਪ੍ਰਚਾਰ ਲਈ ਸੋਸ਼ਲ ਮੀਡੀਆ ‘ਤੇ ਖ਼ਰਚੇ ਲੱਖਾਂ ਰੁਪਏ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਇਸ ਵਾਰ ਆਪਣੇ ਪ੍ਰਚਾਰ ਲਈ ਕੇਵਲ ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਦਾ ਹੀ ਸਹਾਰਾ ਨਹੀਂ ਲਿਆ, ਸਗੋਂ ਸੋਸ਼ਲ ਮੀਡੀਆ ਉਪਰ ਵੀ ਰੱਜਵਾਂ ਪ੍ਰਚਾਰ ਕੀਤਾ ਹੈ। ਸਰਕਾਰ ਨੇ ਸੋਸ਼ਲ ਮੀਡੀਆ ‘ਤੇ ਪ੍ਰਚਾਰ ਲਈ ਲੱਖਾਂ ਰੁਪਏ ਖਰਚ ਕੀਤੇ ਹਨ।
ਜੈਤੋ ਦੇ ਸਮਾਜ ਸੇਵੀ ਡਾਲ ਚੰਦ ਪਵਾਰ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਲੋਕ ਸੰਪਰਕ ਵਿਭਾਗ ਪੰਜਾਬ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਕੇਵਲ 8 ਮਹੀਨਿਆਂ (ਮਾਰਚ 2016 ਤੋਂ ਅਕਤੂਬਰ 2016 ਤੱਕ) ਦੌਰਾਨ 58,82,117 ਰੁਪਏ ਫੇਸਬੁੱਕ ਤੇ ਗੂਗਲ ਉਪਰ ਪ੍ਰਚਾਰ ਲਈ ਖਰਚੇ ਹਨ, ਜਿਨ੍ਹਾਂ ਵਿਚੋਂ 41,33,852 ਰੁਪਏ ਗੂਗਲ ਅਤੇ 17,48,265 ਰੁਪਏ ਫੇਸਬੁੱਕ ਉਪਰ ਪ੍ਰਚਾਰ ਕਰਨ ਲਈ ਖਰਚੇ ਹਨ।
ਦੱਸਣਯੋਗ ਹੈ ਕਿ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੋਸ਼ਲ ਮੀਡੀਆ ਹੈਰਾਨੀਜਨਕ ਢੰਗ ਨਾਲ ਸਰਗਰਮ ਰਿਹਾ ਅਤੇ ਵੱਖ-ਵੱਖ ਸਿਆਸੀ ਧਿਰਾਂ ਵੱਲੋਂ ਬਾਦਲ ਸਰਕਾਰ ਵਿਰੁੱਧ ਵੱਡੇ ਪੱਧਰ ‘ਤੇ ਪ੍ਰਚਾਰ ਅਤੇ ਕਈ ਤਰ੍ਹਾਂ ਦੇ ਟੋਟਕੇ ਚਲਾਏ ਗਏ ਸਨ। ਕਈ ਪਾਰਟੀਆਂ ਨੇ ਤਾਂ ਪ੍ਰਾਈਵੇਟ ਕੰਪਨੀਆਂ ਨੂੰ ਵਿਰੋਧੀ ਪਾਰਟੀਆਂ ਅਤੇ ਉਨ੍ਹਾਂ ਦੇ ਆਗੂਆਂ ਵਿਰੁੱਧ ਦਿਲਖਿਚਵੇਂ ਟੋਟਕੇ ਲਿਖਣ ਦੇ ਠੇਕੇ ਵੀ ਦਿੱਤੇ ਸਨ। ਸੂਤਰਾਂ ਅਨੁਸਾਰ ਸਰਕਾਰ ਨੇ ਸੋਸ਼ਲ ਮੀਡੀਆ ਉਪਰ ਉਸ ਵਿਰੁੱਧ ਹੋ ਰਹੇ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਹੀ ਇਨ੍ਹਾਂ ਸੋਸ਼ਲ ਸਾਈਟਸ ਦੀ ਵਰਤੋਂ ਕੀਤੀ ਹੈ।
ਪੰਜਾਬ ਸਰਕਾਰ ਨੇ ਮਾਰਚ 2016 ਦੌਰਾਨ ਗੂਗਲ ਉਪਰ ਕੇਵਲ 1,898 ਰੁਪਏ ਅਤੇ ਫੇਸਬੁੱਕ ਉਪਰ 4,813 ਰੁਪਏ ਖਰਚ ਕੇ ਹੀ ਪ੍ਰਚਾਰ ਕੀਤਾ ਸੀ। ਇਸ ਮਹੀਨੇ ਦੋਵਾਂ ਸਾਈਟਾਂ ਉਪਰ ਕੀਤੇ ਪ੍ਰਚਾਰ ਦਾ ਖਰਚਾ ਕੇਵਲ 6,711 ਰੁਪਏ ਹੈ। ਅਪਰੈਲ 2016 ਵਿੱਚ ਇਹ ਖਰਚੇ ਹਜ਼ਾਰਾਂ ਤੱਕ ਪੁੱਜ ਗਏ ਹਨ। ਇਸ ਮਹੀਨੇ ਸਰਕਾਰ ਨੇ ਗੂਗਲ ਨੂੰ 60,206 ਰੁਪਏ ਅਤੇ ਫੇਸਬੁੱਕ ਨੂੰ 1,23,994 ਰੁਪਏ ਪ੍ਰਚਾਰ ਕਰਨ ਦੇ ਇਵਜ਼ ਵਜੋਂ ਜਾਰੀ ਕੀਤੇ। ਮਈ 2016 ਵਿੱਚ ਇਹ ਬਜਟ ਕਈ ਗੁਣਾਂ ਵੱਧ ਗਿਆ। ਇਸ ਮਹੀਨੇ ਗੂਗਲ ਉਪਰ 6.85 ਲੱਖ ਰੁਪਏ ਅਤੇ ਫੇਸਬੁੱਕ ਉਪਰ 2.34 ਲੱਖ ਰੁਪਏ ਖਰਚ ਕੇ ਪ੍ਰਚਾਰ ਕੀਤਾ ਸੀ। ਅਕਤੂਬਰ 2016 ਵਿੱਚ ਗੂਗਲ ਉਪਰ 10.45 ਲੱਖ ਰੁਪਏ ਅਤੇ ਫੇਸਬੁੱਕ ਉਪਰ 5.40 ਲੱਖ ਰੁਪਏ ਖਰਚ ਕੇ ਪ੍ਰਚਾਰ ਕੀਤਾ ਗਿਆ ਸੀ। ਸਰਕਾਰ ਨੇ ਇਲੈਕਟ੍ਰਾਨਿਕ ਮੀਡੀਆ, ਇਸ਼ਤਿਹਾਰਾਂ, ਪ੍ਰਦਰਸ਼ਨੀਆਂ, ਬੈਨਰਾਂ, ਫਲੈਕਸ ਹੋਰਡਿੰਗਜ਼ ਰਾਹੀਂ ਪ੍ਰਚਾਰ ਉਪਰ ਵੀ ਕਰੋੜਾਂ ਰੁਪਏ ‘ਵਾਰੇ’ ਹਨ।