ਹੁਣ ਭਗਵੰਤ ਮਾਨ ਤੇ ਹਰਜੋਤ ਬੈਂਸ ਦਾ ਪੈਸੇ ਲੈਂਦੇ ਹੋਏ ਆਡੀਓ ਸਟਿੰਗ
ਛੋਟੇਪੁਰ ਦਾ ਸਟਿੰਗ ਕਰਨ ਵਾਲੇ ਗੁਰਲਾਭ ਨੇ ਕਮਿਸ਼ਨ ਨੂੰ ਦਿੱਤੀ ਸ਼ਿਕਾਇਤ
ਚੰਡੀਗੜ੍ਹ/ਬਿਊਰੋ ਨਿਊਜ਼ :
‘ਆਪ’ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦਾ ਸਟਿੰਗ ਕਰਨ ਵਾਲੇ ਗੁਰਲਾਭ ਸਿੰਘ ਨੇ ਹੁਣ ਭਗਵੰਤ ਮਾਨ ਤੇ ਹਰਜੋਤ ਬੈਂਸ ‘ਤੇ ਪੈਸੇ ਲੈਣ ਦੇ ਦੋਸ਼ ਲਾਉਂਦੇ ਹੋਏ ਆਡੀਓ ਸਟਿੰਗ ਜਾਰੀ ਕੀਤਾ ਹੈ। ਗੁਰਲਾਭ ਨੇ ਇਸ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਵੀ ਕੀਤੀ ਹੈ। ਵੀਰਵਾਰ ਨੂੰ ਸਬੂਤ ਵਜੋਂ ਆਡੀਓ ਜਾਰੀ ਕਰਦਿਆਂ ਗੁਰਲਾਭ ਨੇ ਕਿਹਾ ਕਿ ਭਗਵੰਤ ਨੇ 30 ਜਨਵਰੀ ਨੂੰ ਉਨ੍ਹਾਂ ਤੋਂ ਇਕ ਲੱਖ ਰੁਪਏ ਅਤੇ ਹਰਜੋਤ ਬੈਂਸ ਨੇ 24 ਜਨਵਰੀ ਨੂੰ ਡੇਢ ਲੱਖ ਰੁਪਏ ਲਏ।
ਦੋਸ਼-1, ਭਗਵੰਤ ਮਾਨ ਨੇ ਗੱਡੀ ਵਿਚ ਲਏ ਪੈਸੇ
ਗੁਰਲਾਭ ਨੇ ਦੱਸਿਆ ਕਿ 30 ਜਨਵਰੀ ਨੂੰ ਭਗਵੰਤ ਮਾਨ ਜਲਾਲਾਬਾਦ ਵਿਚ ਰੋਡ ਸ਼ੋਅ ਕਰ ਰਹੇ ਸਨ। ਮੈਂ ਉਨ੍ਹਾਂ ਨੂੰ ਮਿਲਣ ਗਿਆ। ਭਗਵੰਤ ਨੇ ਕਿਹਾ ਕਿ ਗੱਡੀ ਵਿਚ ਬੈਠ ਕੇ ਮਿਲਾਂਗੇ। ਫਿਰ ਗੱਡੀ ਵਿਚ ਮੈਂ ਮਾਨ ਨੂੰ ਇਕ ਲੱਖ ਰੁਪਏ ਦਿੱਤੇ। ਗੁਰਲਾਭ ਨੇ ਇਸ ਦੌਰਾਨ ਹੋਈ ਗੱਲਬਾਤ ਦੀ ਰਿਕਾਰਡਿੰਗ ਕਰ ਲਈ। ਦੋ ਹੋਰ ਲੋਕਾਂ ਨੇ ਵੀ ਭਗਵੰਤ ਮਾਨ ਨੂੰ ਗੱਡੀ ਵਿਚ ਬੈਠ ਕੇ ਪੈਸੇ ਦਿੱਤੇ।
ਦੋਸ਼-2, ਬੈਂਸ ਨੇ ਪੁਛਿਆ ਕਿ ਨੋਟ ਕਿਹੜੇ ਹੋਣਗੇ
ਗੁਰਲਾਭ ਨੇ ਦੱਸਿਆ ਕਿ 24 ਜਨਵਰੀ ਨੂੰ ਉਨ੍ਹਾਂ ਨੇ ਸਾਹਨੇਵਾਲ ਤੋਂ ‘ਆਪ’ ਉਮੀਦਵਾਰ ਹਰਜੋਤ ਬੈਂਸ ਨੂੰ ਵੀ ਡੇਢ ਲੱਖ ਰੁਪਏ ਦਿੱਤੇ। ਇਸ ਤੋਂ ਪਹਿਲਾਂ ਉਨ੍ਹਾਂ ਦੀ ਉਨ੍ਹਾਂ ਨਾਲ ਫੋਨ ‘ਤੇ ਗੱਲ ਹੋਈ, ਜਿਸ ਵਿਚ ਬੈਂਸ ਨੇ ਪੁਛਿਆ ਕਿ ਨੋਟ ਕਿਹੜੇ ਕਿਹੜੇ ਹੋਣਗੇ। ਹਾਲਾਂਕਿ ਬੈਂਸ ਨੇ ਇਨ੍ਹਾਂ ਦੋਸ਼ਾਂ ਨੂੰ ਗ਼ਲਤ ਦੱਸਿਆ ਹੈ।
Comments (0)