ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵਲੋਂ ਡੇਰੇ ਤੋਂ ਸਮਰਥਨ ਮੰਗਣ ਵਾਲਿਆਂ ਦੇ ਬਾਈਕਾਟ ਦਾ ਸੱਦਾ

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵਲੋਂ ਡੇਰੇ ਤੋਂ ਸਮਰਥਨ ਮੰਗਣ ਵਾਲਿਆਂ ਦੇ ਬਾਈਕਾਟ ਦਾ ਸੱਦਾ

ਬਠਿੰਡਾ/ਬਿਊਰੋ ਨਿਊਜ਼ :
ਤਖ਼ਤ ਦਮਦਮਾ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਿੱਖ ਸੰਗਤ ਨੂੰ ਚੋਣਾਂ ਵਿੱਚ ਬਾਦਲਾਂ ਦਾ ਪੂਰਨ ਬਾਈਕਾਟ ਕਰਨ ਦਾ ਸੱਦਾ ਦਿੱਤਾ ਤੇ ਨਾਲ ਹੀ ਆਖਿਆ ਕਿ ਸਿੱਖ ਪੰਥ ਉਨ੍ਹਾਂ ਅਕਾਲੀ ਉਮੀਦਵਾਰਾਂ ਨੂੰ ਵੀ ਮੂੰਹ ਨਾ ਲਾਵੇ, ਜਿਨ੍ਹਾਂ ਨੇ ਡੇਰਾ ਸਿਰਸਾ ਵਿੱਚ ਜਾ ਕੇ ਡੇਰਾ ਮੁਖੀ ਤੋਂ ਸਮਰਥਨ ਮੰਗਿਆ ਹੈ। ਇਹ ਅਕਾਲ ਤਖ਼ਤ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਹੈ। ਸ੍ਰੀ ਦਾਦੂਵਾਲ ਨੇ ਆਖਿਆ ਕਿ ਪੰਜ ਸਿੰਘ ਸਾਹਿਬਾਨ ਛੇਤੀ ਮੀਟਿੰਗ ਕਰਨਗੇ ਅਤੇ ਇਸ ਮਾਮਲੇ ਸਬੰਧੀ ਫ਼ੈਸਲਾ ਲਿਆ ਜਾਵੇਗਾ।
ਮੁਤਵਾਜ਼ੀ ਜਥੇਦਾਰ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਗਿਣਤੀ 90 ਤੋਂ ਜ਼ਿਆਦਾ ਹੋ ਗਈ ਹੈ ਅਤੇ ਸਿੱਖ ਨੌਜਵਾਨਾਂ ਨੂੰ ਕਤਲ ਕਰਨ ਵਾਲਿਆਂ ਖ਼ਿਲਾਫ਼ ਗਠਜੋੜ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਿੱਖਾਂ ‘ਤੇ ਸਭ ਤੋਂ ਜ਼ਿਆਦਾ ‘ਜ਼ੁਲਮ’ ਬਾਦਲ ਸਰਕਾਰ ਨੇ ਕੀਤੇ ਹਨ ਅਤੇ ਸਿੱਖ ਆਗੂਆਂ ਨੂੰ ਵਾਰ ਵਾਰ ਜੇਲ੍ਹਾਂ ਵਿੱਚ ਡੱਕਿਆ ਗਿਆ। ਇਨ੍ਹਾਂ ਚੋਣਾਂ ਵਿੱਚ ਬਾਦਲਾਂ ਨੂੰ ਹਰਾ ਕੇ ਸਬਕ ਸਿਖਾਇਆ ਜਾਵੇ। ਸ੍ਰੀ ਦਾਦੂਵਾਲ ਨੇ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਬਾਦਲਾਂ ਨੇ ਸਿੱਖੀ ਦਾ ਘਾਣ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਬਾਦਲ ਸਰਕਾਰ ਨੇ ਦੋਸ਼ੀਆਂ ਨੂੰ ਨਹੀਂ ਫੜਿਆ ਅਤੇ ਉਲਟਾ ਸਿੱਖ ਨੌਜਵਾਨਾਂ ਨੂੰ ਹੀ ਨਿਸ਼ਾਨਾ ਬਣਾਇਆ।

ਕਾਂਗਰਸ ਆਗੂਆਂ ਨੇ ਡੇਰਾ ਸੱਚਖੰਡ ਬੱਲਾਂ ‘ਚ ਸੰਤ ਨਿਰੰਜਣ ਦਾਸ ਨਾਲ ਬੰਦ ਕਮਰਾ ਮੀਟਿੰਗ ਕੀਤੀ
ਜਲੰਧਰ/ਬਿਊਰੋ ਨਿਊਜ਼ :
ਕਾਂਗਰਸ ਦੇ ਕੌਮੀ ਉਪ ਪ੍ਰਧਾਨ ਰਾਹੁਲ ਗਾਂਧੀ ਤੇ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਸਮੇਤ ਕਾਂਗਰਸ ਦੇ ਹੋਰ ਆਗੂਆਂ ਵੱਲੋਂ ਦੋਆਬੇ ਦੇ ਨਾਮਵਰ ਡੇਰੇ ਸੱਚਖੰਡ ਬੱਲਾਂ ਵਿਚ ਡੇਰਾ ਮੁਖੀ ਸੰਤ ਨਿਰੰਜਣ ਦਾਸ ਨਾਲ ਬੰਦ ਕਮਰਾ ਕੀਤੀ ਗਈ। ਇਸ ਮੀਟਿੰਗ ਤੋਂ ਦੂਜੀਆਂ ਰਾਜਨੀਤਕ ਪਾਰਟੀਆਂ ਵਿਚ ਪ੍ਰੇਸ਼ਾਨੀ ਦਾ ਆਲਮ ਦੱਸਿਆ ਜਾ ਰਿਹਾ ਹੈ।
ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਵੀ ਡੇਰਾ ਬੱਲਾਂ ਵਿਚ ਜਾਂਦੇ ਰਹਿੰਦੇ ਹਨ। ਉਨ੍ਹਾਂ ਦੇ ਯਤਨਾਂ ਸਦਕਾ ਪਿਛਲੇ ਸਾਲ ਸ੍ਰੀ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਸਮੇਂ ਕਾਂਸ਼ੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸ ਡੇਰੇ ਵਿੱਚ ਗਏ ਸਨ, ਜਿਸ ਦਾ ਕੰਟਰੋਲ ਡੇਰਾ ਬੱਲਾਂ ਕੋਲ ਹੈ। ਉਥੇ ਵਾਪਰੀ ਘਟਨਾ ਕਾਰਨ ਡੇਰਾ ਬੱਲਾਂ ਦਾ ਮਨ ਭਾਜਪਾ ਤੋਂ ਉਚਾਟ ਹੋ ਗਿਆ ਸੀ ਕਿਉਂਕਿ ਕਾਂਸ਼ੀ ਵਿਚ ਪ੍ਰਧਾਨ ਮੰਤਰੀ ਦੀ ਹਾਜ਼ਰੀ ਮੌਕੇ ਡੇਰੇ ਦੇ ਮੁਖੀ ਸੰਤ ਨਿਰੰਜਣ ਦਾਸ ਨੂੰ ਪ੍ਰਧਾਨ ਮੰਤਰੀ ਦੇ ਅਮਲੇ ਫੈਲੇ ਨੇ ਹੀ ਮੰਦਰ ਵਿੱਚ ਜਾਣ ਨਹੀਂ ਸੀ ਦਿੱਤਾ। ਡੇਰੇ ਦੇ ਸ਼ਰਧਾਲੂਆਂ ਨੇ ਉਦੋਂ ਭਾਜਪਾ ਵਿਰੁੱਧ ਗੁੱਸਾ ਕੱਢਦਿਆਂ ਵਿਜੇ ਸਾਂਪਲਾ ਦੇ ਪੁਤਲੇ ਵੀ ਸਾੜੇ ਸਨ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਡੇਰਾ ਬੱਲਾਂ ਵਿਚ ਆਪਣੀ ਹਾਜ਼ਰੀ ਭਰ ਚੁੱਕੇ ਹਨ। ਸੰਤ ਨਿਰੰਜਣ ਦਾਸ ਨੇ ਕੇਜਰੀਵਾਲ ਨੂੰ ਸਟੇਜ ਤੋਂ ਬੋਲਣ ਦਾ ਮੌਕਾ ਵੀ ਦਿੱਤਾ ਸੀ ਜਾਣਕਾਰੀ ਅਨੁਸਾਰ ਡੇਰਾ ਬੱਲਾਂ ਦੇ ਮੁਖੀ ਨਾਲ ਕਾਂਗਰਸ ਲੀਡਰਸ਼ਿਪ ਦੀ ਹੋਈ ਬੰਦ ਕਮਰਾ ਮੀਟਿੰਗ ਨੇ ਵਿਰੋਧੀਆਂ ਨੂੰ ਕੰਬਣੀ ਛੇੜੀ ਹੋਈ ਹੈ।