ਸੰਤ ਸਮਾਜ ਅਕਾਲੀ ਦਲ ਦੇ ਨਾਲ : ਬਾਬਾ ਹਰਨਾਮ ਸਿੰਘ ਖ਼ਾਲਸਾ

ਸੰਤ ਸਮਾਜ ਅਕਾਲੀ ਦਲ ਦੇ ਨਾਲ : ਬਾਬਾ ਹਰਨਾਮ ਸਿੰਘ ਖ਼ਾਲਸਾ

ਜਲਾਲਾਬਾਦ/ਬਿਊਰੋ ਨਿਊਜ਼ :
ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਸੰਤ ਸਮਾਜ ਵੱਲੋਂ ਚੋਣਾਂ ਦੌਰਾਨ ਪਾਰਟੀ ਨੂੰ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ। ਅਕਾਲੀ ਦਲ ਨੂੰ ਸੰਤ ਸਮਾਜ ਦੀ ਪੂਰਨ ਹਿਮਾਇਤ ਦਾ ਐਲਾਨ ਕਰਦੇ ਹੋਏ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਕੀਤੇ ਗਏ ਸਮਾਜਿਕ ਅਤੇ ਧਾਰਮਿਕ ਕੰਮਾਂ ਕਰਕੇ ਸੰਤ ਸਮਾਜ ਇਨ੍ਹਾਂ ਦੇ ਨਾਲ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਸਿੱਖ ਜਗਤ ਨੂੰ ਸਿੱਖ ਯਾਦਗਾਰਾਂ, ਸ਼੍ਰੀ ਦਰਬਾਰ ਸਾਹਿਬ ਦੇ ਸੁੰਦਰੀਕਰਨ, ਹਰ ਧਰਮ ਨਾਲ ਸੰਬੰਧਿਤ ਇਤਿਹਾਸਕ ਸਥਾਨਾਂ ਦੀ ਬਿਹਤਰੀ, ਸੰਗਤਾਂ ਨੂੰ ਹਰ ਧਾਰਮਿਕ ਸਥਾਨ ਦੀ ਯਾਤਰਾ ਕਰਵਾਉਣੀ ਅਤੇ ਹੋਰ ਬਹੁਤ ਕਾਰਜ ਕੀਤੇ ਹਨ। ਇਨ੍ਹਾਂ ਦੀ ਅਗਵਾਈ ਵਿਚ ਪੰਜਾਬ ਦਾ ਵਿਕਾਸ ਵੱਡੇ ਪੱਧਰ ’ਤੇ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਪੁੱਛਣ ਤੇ ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਵੱਡਾ ਕੋਈ ਪਾਪ ਨਹੀਂ ਹੈ। ਇਸ ਸਭ ਦੇ ਪਿੱਛੇ ਜੋ ਵੀ ਹੈ, ਗੁਰੂ ਸਾਹਿਬ ਉਸ ਨੂੰ ਸਜ਼ਾਵਾਂ ਜ਼ਰੂਰ ਦੇਣਗੇ। ਉਨ੍ਹਾਂ ਕਿਹਾ ਕਿ ਜੋ ਲੋਕ ਇਸ ਮੁੱਦੇ ਨੂੰ ਗਲਤ ਰੰਗਤ ਦੇ ਕੇ ਲੋਕਾਂ ਦੀਆਂ ਭਾਵਨਾਵਾਂ ਭੜਕਾ ਰਹੇ ਹਨ, ਜੇਕਰ ਉਨ੍ਹਾਂ ਕੋਲ ਇਸ ਬਾਬਤ ਕੋਈ ਠੋਸ ਸਬੂਤ ਸੀ ਤਾਂ ਅੱਜ ਤੱਕ ਲੋਕਾਂ ਦੇ ਸਾਹਮਣੇ ਕਿਉਂ ਨਹੀਂ ਲੈ ਕੇ ਆਏ। ਬਹਿਬਲ ਕਲਾਂ ਵਿਚ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਸਿੰਘਾਂ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦਾ ਡੀ.ਜੀ.ਪੀ. ਸੁਮੇਧ ਸੈਣੀ ਸੀ ਤਾਂ ਉਸ ਵੇਲੇ ਇਹ ਕਾਂਡ ਵਾਪਰਿਆ। ਸੁਮੇਧ ਸੈਣੀ ਦੀ ਮਾਨਸਿਕਤਾ ਸਿੱਖ ਵਿਰੋਧੀ ਹੈ। ਕਾਂਡ ਹੋਣ ਤੋ ਬਾਅਦ ਸੰਤ ਸਮਾਜ ਵੱਲੋਂ ਸੁਮੇਧ ਸੈਣੀ ਨੂੰ ਹਟਾਉਣ ਦੀ ਮੰਗ ਕੀਤੀ ਗਈ ਸੀ ਅਤੇ ਸਰਕਾਰ ਨੇ ਇਸ ਮੰਗ ਨੂੰ ਵੀ ਪ੍ਰਵਾਨ ਕੀਤਾ ਸੀ। ਸੰਤ ਸਮਾਜ ਦੀ ਮੰਗ ’ਤੇ ਹੀ ਇਸ ਘਟਨਾ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪੀ ਗਈ। ਆਮ ਆਦਮੀ ਪਾਰਟੀ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇਹ ਪਾਰਟੀ ਦਾ ਮੁਖੀ ਅਰਵਿੰਦ ਕੇਜਰੀਵਾਲ ਸਿੱਖ ਵਿਰੋਧੀ ਭਾਵਨਾ ਰੱਖਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਸਿਆਸੀ ਮੁੱਦਾ ਬਣਾਂ ਕੇ ਅਤੇ ਭਾਵਨਾਵਾਂ ਭੜਕਾ ਦੇ ਇਹ ਵੋਟਾਂ ਲੈਣਾ ਚਾਹੁੰਦਾ ਹੈ। ਕੇਜਰੀਵਾਲ ਦੱਸੇ ਕਿ ਦਿੱਲੀ ਵਿੱਚ ਜਿਸ ਬਾਬਾ ਬੰਦਾ ਬਹਾਦਰ ਨੇ ਮੁਗ਼ਲੀਆ ਸਲਤਨਤ ਦੀ ਜ਼ਾਲਮ ਸਰਕਾਰ ਦੀਆਂ ਜੜਾਂ ਹਿਲਾ ਦਿੱਤੀਆਂ ਸਨ, ਉਸ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਵਿਚ ਇਸ ਨੇ ਕੀ ਯੋਗਦਾਨ ਪਾਇਆ ਹੈ। ਸਗੋਂ ਇਸ ਨੇ ਸ਼ਤਾਬਦੀ ਮਨਾਉਣ ਲਈ ਅੜਿੱਕੇ ਹੀ ਲਾਏ ਹਨ। ਕੇਜਰੀਵਾਲ ਦੱਸੇ ਕਿ ਉਸ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਮਨਾਉਣ ਲਈ ਕੀ ਯੋਗਦਾਨ ਦਿੱਤਾ। ਕਾਂਗਰਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਪ੍ਰੇਸ਼ਨ ਬਲਿਊ ਸਟਾਰ ਤੋਂ ’84 ਦੇ ਦਿੱਲੀ ਦੰਗਿਆਂ ਤੱਕ ਸਿੱਖ ਨਸਲਕੁਸ਼ੀ ਕਰਨ ਵਾਲੀ ਜਮਾਤ ਹੈ। ਉਨ੍ਹਾਂ ਕਿਹਾ ਕਿ 60 ਸਾਲਾਂ ਦੇ ਕਾਂਗਰਸ ਰਾਜ ਵਿਚ ਹਮੇਸ਼ਾਂ ਹੀ ਪੰਜਾਬ ਨੂੰ ਅਣਗੌਲਿਆਂ ਕੀਤਾ ਗਿਆ ਅਤੇ ਬਾਕੀ ਖ਼ਿੱਤਿਆਂ ਨੂੰ ਫ਼ਾਇਦਾ ਦੇਣ ਲਈ ਪੰਜਾਬ ਦਾ ਨੁਕਸਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵਿਚ ਵੀ ਕਮੀਆਂ ਹਨ ਪਰ ਬਾਕੀ ਪਾਰਟੀਆਂ ਦੇ ਮੁਕਾਬਲੇ ਇਨ੍ਹਾਂ ਦੀ ਸਰਕਾਰ ਨੇ ਪੰਜਾਬ ਦੇ ਹਿਤਾਂ ਲਈ ਜਿਆਦਾ ਉੱਚੀ ਸੋਚ ਨਾਲ ਕੰਮ ਕੀਤੇ ਹਨ। ਉਨ੍ਹਾਂ ਸਮੂਹ ਪੰਜਾਬੀਆਂ ਅਤੇ ਸਿੱਖ ਜਗਤ ਨੂੰ ਬੇਨਤੀ ਕੀਤੀ ਕਿ ਪੰਜਾਬ ਦੀ ਬਿਹਤਰੀ ਲਈ ਅਸੀਂ ਅਕਾਲੀ ਦਲ ਦਾ ਸਾਥ ਜ਼ਰੂਰ ਦੇਈਏ।