ਭ੍ਰਿਸ਼ਟਾਚਾਰ ਮੁਕਤ ਲੋਕ ਰਾਜ ਸਥਾਪਿਤ ਕਰਨਾ ਸਾਡਾ ਟੀਚਾ : ਕੇਜਰੀਵਾਲ
ਪਟਿਆਲਾ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਨੇ ਅੱਜ ਇਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ੍ਹ ‘ਚ ਇਕ ਵੱਡਾ ਰੋਡ ਸ਼ੋਅ ਕੱਢਿਆ, ਇਸ ਰੋਡ ਸ਼ੋਅ ‘ਚ ‘ਆਪ’ ਆਗੂ ਵੱਡਾ ਇਕੱਠ ਕਰਨ ‘ਚ ਸਫਲ ਰਹੇ ਹਨ । ਇਹ ਰੋਡ ਸ਼ੋਅ ਸਥਾਨਕ ਬੱਸ ਅੱਡੇ ਕੋਲ ਡਾ: ਭੀਮ ਰਾਉ ਅੰਬੇਦਕਰ ਦੇ ਬੁੱਤ ‘ਤੇ ਹਾਰ ਪਾ ਕੇ ਸ਼ੁਰੂ ਕੀਤਾ ਗਿਆ । ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਕੇਜਰੀਵਾਲ ਨੇ ਆਖਿਆ ਕਿ ਪੰਜਾਬ ਅੰਦਰ ਪਰਿਵਾਰਵਾਦ ਤੇ ਰਾਜਾਸ਼ਾਹੀ ਦਾ ਅੰਤ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਨਣੀ ਤੈਅ ਹੈ । ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਅੰਦਰ ਵੀ ਦਿੱਲੀ ਵਾਂਗ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਹੈ ਤੇ ਹੁਣ ਸਪਸ਼ਟ ਹੋ ਗਿਆ ਹੈ ਕਿ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਤੇ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਚੋਣ ਹਾਰ ਰਹੇ ਹਨ ਤੇ ਲੋਕ ਆਮ ਆਦਮੀ ਪਾਰਟੀ ਦੀ ਪੂਰੇ ਬਹੁਮਤ ਨਾਲ ਪੰਜਾਬੀ ਸਰਕਾਰ ਬਣਾਕੇ ਹੀ ਦਮ ਲੈਣਗੇ । ਕੇਜਰੀਵਾਲ ਨੇ ਆਖਿਆ ਕਿ ਪੰਜਾਬ ਅੰਦਰ ਹੁਣ ਇਮਾਨਦਾਰੀ ਦਾ ਝਾੜੂ ਚੱਲ ਰਿਹਾ ਹੈ, ਜਦੋਂ ਕਿ ਪਹਿਲਾਂ ਪੰਜਾਬ ਦੇ ਲੋਕ ਕਾਂਗਰਸ ਤੇ ਅਕਾਲੀ ਦਲ ਦੇ
ਜੁਮਲਿਆਂ ‘ਚ ਹੀ ਫਸਦੇ ਰਹੇ ਹਨ । ਆਪ ਦਾ ਇਮਾਨਦਾਰ ਝਾੜੂ ਗੰਦਗੀ ਭ੍ਰਿਸ਼ਟਾਚਾਰ ਦੀ ਸਫ਼ਾਈ ਕਰਕੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਏਗਾ । ਉਨ੍ਹਾਂ ਕਿਹਾ ਕਿ ਪੰਜਾਬ ਦੀ ਹੁਣ ਇਨ੍ਹਾਂ ਚੋਣਾ ਅੰਦਰ ਕਿਸਮਤ ਬਦਲਣ ਜਾ ਰਹੀ ਹੈ, ਆਪ ਨੇ ਅਕਾਲੀ ਦਲ ਦੇ ਵੱਡੇ ਉਮੀਦਵਾਰਾਂ ਦੇ ਖਿਲਾਫ ਆਪਣੇ ਇਮਾਨਦਾਰ ਉਮੀਦਵਾਰ ਮੈਦਾਨ ‘ਚ ਉਤਾਰੇ ਹਨ । ਕੇਜਰੀਵਾਲ ਨੇ ਹਰ ਵਰਗ ਨੂੰ ਵਿਸ਼ਵਾਸ ਦਿਵਾਇਆ ਕਿ ਆਪ ਦੀ ਸਰਕਾਰ ਬਣਨ ਤੇ ਚੋਣ ਮਨੋਰਥ ਪੱਤਰ ਦੇ ਆਧਾਰ ਤੇ ਕੰਮ ਕੀਤੇ ਜਾਣਗੇ ਅਤੇ ਸਭ ਵਰਗਾਂ ਨੂੰ ਰਾਹਤ ਦਿੱਤੀ ਜਾਵੇਗੀ । ਉਨ੍ਹਾਂ ਵਪਾਰੀ ਵਰਗ ਨੂੰ ਆਖਿਆ ਕਿ ਉਨ੍ਹਾਂ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕੀਤੀਆਂ ਜਾਣਗੀਆਂ ਤੇ ਵਪਾਰੀ ਵਰਗ ਨੂੰ ਇੰਸਪੈਕਟਰੀ ਰਾਜ ਤੋਂ ਮੁਕਤੀ ਦਿਵਾਈ ਜਾਵੇਗੀ । ਕੈਪਟਨ ਅਮਰਿੰਦਰ ਸਿੰਘ ਬਾਰੇ ਕੇਜਰੀਵਾਲ ਨੇ ਆਖਿਆ ਕਿ ਹੁਣ ਤੱਕ ਪਟਿਆਲਵੀ ਕੈਪਟਨ ਦੇ ਪਰਿਵਾਰ ਨੂੰ ਜਿਤਾਉਂਦੇ ਆਏ ਹਨ ਪਰ ਕੈਪਟਨ ਜਿੱਤਣ ਤੋਂ ਬਾਅਦ ਕਦੇ ਵੀ ਪਟਿਆਲਾ ਨਹੀਂ ਆਏ । ਉਨ੍ਹਾਂ ਕਿਹਾ ਕਿ ਰਾਜਾਸਾਹੀ ਦੇ ਦਿਨ ਪੁੱਗ ਗਏ ਹਨ ਤੇ ਲੋਕਤੰਤਰ ਪ੍ਰਣਾਲੀ ਅੰਦਰ ਉਹੀ ਲੋਕ ਕਾਮਯਾਬ ਹੁੰਦੇ ਹਨ ਜੋ ਲੋਕਾਂ ‘ਚ ਵਿਚਰਦੇ ਹਨ । ਉਨ੍ਹਾਂ ਲੋਕਾਂ ਨੂੰ ਉਸਨੂੰ ਹੀ ਵੋਟ ਪਾਉਣ ਲਈ ਕਿਹਾ ਜੋ ਉਮੀਦਵਾਰ ਉਨ੍ਹਾਂ ਦੇ ਦੁੱਖ ਸੁੱਖ ‘ਚ ਉਨ੍ਹਾਂ ਨਾਲ ਖੜ੍ਹਦਾ ਹੈ । ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਵਰ੍ਹਦਿਆਂ ਕੇਜਰੀਵਾਲ ਨੇ ਆਖਿਆ ਕਿ ਹੁਣ ਬਾਦਲ ਪੰਜਾਬੀਆਂ ਨੂੰ ਬੇਵਕੂਫ ਨਹੀਂ ਬਣਾ ਸਕਦੇ, ਇਸ ਪਿਤਾ-ਪੁੱਤਰ ਦੀ ਜੋੜੀ ਨੇ ਪੰਜਾਬ ਦੇ ਸਾਰੇ ਕਾਰੋਬਾਰ ਆਮ ਲੋਕਾਂ ਤੋਂ ਖੋਹ ਲਏ ਹਨ । ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ‘ਤੇ ਇਹ ਸਾਰੇ ਕਾਰੋਬਾਰ ਮੁੜ ਆਮ ਲੋਕਾਂ ਦੇ ਸਪੁਰਦ ਕੀਤੇ ਜਾਣਗੇ । ਜ਼ਿਕਰਯੋਗ ਹੈ ਕਿ ਕੇਜਰੀਵਾਲਾ ਦਾ ਰੋਡ ਸ਼ੋਅ ਗਿਣਤੀ ਪੱਖੋਂ ਪੂਰੀ ਤਰ੍ਹਾਂ ਸਫਲ ਰਿਹਾ, ਜਿਸ ‘ਚ ਨੌਜਵਾਨਾਂ ਦੀ ਭਰਵੀਂ ਸ਼ਮੂਲੀਅਤ ਸੀ ਤੇ ਉਹ ਪੂਰੇ ਜੋਸ਼ ‘ਚ ਸਨ । ਰੋਡ ਸ਼ੋਅ ਵਾਲੀ ਗੱਡੀ ‘ਤੇ ਸ੍ਰੀ ਕੇਜਰੀਵਾਲ, ਭਗਵੰਤ ਮਾਨ ਤੇ ‘ਆਪ’ ਦੇ ਉਮੀਦਵਾਰ ਡਾ: ਬਲਬੀਰ ਸਿੰਘ ਹੀ ਸਵਾਰ ਸਨ । ਕੇਜਰੀਵਾਲ ਨੇ ਕਿਹਾ ਕਿ ਖੇਤੀ ਆਧਾਰਤ ਸੂਬੇ ਦਾ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ, ਰਾਜ ‘ਚੋਂ ਉਦਯੋਗ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ । ਗ਼ਰੀਬ, ਮੁਲਾਜ਼ਮ ਵਰਗ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ ਤੇ ਪੰਜਾਬ ਦੀ ਬੇਰੁਜ਼ਗਾਰ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਿਆ ਜਾ ਰਿਹਾ ਹੈ । ਉਨ੍ਹਾਂ ਮੁੜ ਦੁਹਰਾਇਆ ਕਿ ਆਪ ਦੀ ਸਰਕਾਰ ਆਉਣ ਤੇ ਸਭ ਤੋਂ ਪਹਿਲਾ ਕਦਮ ਇਹ ਹੈ ਕਿ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਜੇਲ੍ਹ ਅੰਦਰ ਭੇਜਿਆ ਜਾਵੇਗਾ ।
ਵਿਰੋਧ ਪ੍ਰਦਰਸ਼ਨ
ਇਹ ਰੋਡ ਸੋਅ ਸ਼ਹਿਰ ਅੰਦਰ ਬੱਸ ਅੱਡੇ ਦੇ ਕੋਲੋਂ ਸ਼ੁਰੂ ਹੋਕੇ ਲਾਹੌਰੀ ਗੇਟ, ਆਰੀਆ ਸਮਾਜ ਚੌਕ, ਸਫਾਬਾਦੀ ਗੇਟ, ਕੋਤਵਾਲੀ ਚੌਕ, ਅਦਾਲਤ ਬਜਾਰ ਧਰਮਪੁਰਾ ਬਜਾਰ ਤੋਂ ਹੁੰਦਾ ਹੋਇਆ ਸ਼ੇਰਾਂ ਵਾਲਾ ਗੇਟ ਵਿਖੇ ਸਮਾਪਤ ਹੋਇਆ । ਸ਼ਹਿਰ ਅੰਦਰ ਕਈ ਥਾਵਾਂ ਤੇ ਕਾਂਗਰਸ ਦੇ ਕਾਰਕੁਨਾਂ ਨੇ ਕੇਜਰੀਵਾਲਾ ਦਾ ਕਾਲੀਆਂ ਝੰਡੀਆਂ ਦਿਖਾਕੇ ਵਿਰੋਧ ਕੀਤਾ ਤੇ ਕੇਜਰੀਵਾਲ ਗੋ ਬੈਕ ਦੇ ਨਾਅਰੇ ਵੀ ਲਾਏ, ਕੇਜਰੀਵਾਲ ਤੇ ਭਗਵੰਤ ਮਾਨ ਨੇ ਇਨ੍ਹਾਂ ਰੋਸ ਵਿਖਾਵਿਆਂ ਵੱਲ ਬਹੁਤਾ ਧਿਆਨ ਹੀ ਨਹੀਂ ਦਿੱਤਾ ।
ਭਗਵੰਤ ਮਾਨ
ਆਪ ਦੇ ਰੋਡ ਸ਼ੋਅ ਦਾ ਵਿਰੋਧ ਕਰਨ ਵਾਲੇ ਕਾਂਗਰਸੀ ਕਾਰਕੁੰਨਾਂ ਤੇ ਵਿਅੰਗ ਕੱਸਦਿਆਂ ਆਪ ਦੇ ਲੋਕ ਸਭਾ ਸੰਸਦ ਤੇ ਸਟਾਰ ਪ੍ਰਚਾਰਕ ਭਗਵੰਤ ਮਾਨ ਨੇ ਕਿਹਾ ਕਿ ਇਹ ਕਾਂਗਰਸ ਦੇ ਦਿਹਾੜੀਦਾਰ ਹਨ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਕਰਕੇ ਅੱਜ ਪੰਜ ਚਾਰ ਸੋ ਰੁਪਏ ਦਿਹਾੜੀ ਮਿਲ ਗਈ ਹੈ, ਜਿਸਦਾ ਆਪ ਨੂੰ ਕੋਈ ਦੁੱਖ ਨਹੀਂ ਕਿਉਂਕਿ ਆਪ ਕਰਕੇ ਵਿਹਲੇ ਲੋਕਾਂ ਨੂੰ ਰੁਜ਼ਗਾਰ ਤਾਂ ਮਿਲ ਰਿਹਾ ਹੈ । ਭਗਵੰਤ ਮਾਨ ਨੇ ਆਖਿਆ ਕਿ ਪਟਿਆਲਾ ਦੇ ਲੋਕਾਂ ਲਈ ਅੱਖਾਂ ਦੇ ਡਾਕਟਰ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ ਲੋਕ ਹੁਣ ਤੱਕ ਅੱਖਾਂ ਬੰਦ ਕਰਦੇ ਹੀ ਕੈਪਟਨ ਨੂੰ ਵੋਟ ਪਾ ਦਿੰਦੇ ਹਨ ਪਰ ਇਸ ਵਾਰ ਡਾ: ਨੂੰ ਅੱਖਾਂ ਖੋਲ੍ਹਕੇ ਵੋਟਾਂ ਪਾਕੇ ਜ਼ਰੂਰ ਜਿਤਾਉ । ਇਸ ਰੋਡ ਸੋਅ ਨੇ ਡਾ: ਬਲਬੀਰ ਸਿੰਘ ਤੇ ਪਟਿਆਲਾ ਦਿਹਾਤੀ ਤੋ ਆਪ ਦੇ ਉਮੀਦਵਾਰ ਕਰਨਵੀਰ ਸਿੰਘ ਟਿਵਾਣਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁਲਾਰਾ ਦਿੱਤਾ । ਇਸ ਮੌਕੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਆਗੂ ਹਾਜ਼ਰ ਸਨ ਥਾਂ-ਥਾਂ ‘ਤੇ ਆਪ ਦੇ ਵਰਕਰ ਭੰਗੜੇ ਪਾ ਰਹੇ ਸਨ ਪਰ ਨੌਜ਼ਵਾਨਾਂ ਅੰਦਰ ਕਮਾਲ ਦਾ ਜੋਸ਼ ਦੇਖਣ ਨੂੰ ਮਿਲਿਆ
Comments (0)