ਆਪਣਾ ਪੰਜਾਬ ਵੱਲੋਂ ਛੋਟੇਪੁਰ ਹੋਣਗੇ ਮੁੱਖ ਮੰਤਰੀ ਦੇ ਉਮੀਦਵਾਰ

ਆਪਣਾ ਪੰਜਾਬ ਵੱਲੋਂ ਛੋਟੇਪੁਰ ਹੋਣਗੇ ਮੁੱਖ ਮੰਤਰੀ ਦੇ ਉਮੀਦਵਾਰ

ਚੰਡੀਗੜ੍ਹ/ਬਿਊਰੋ ਨਿਊਜ਼ :
ਆਪਣਾ ਪੰਜਾਬ ਪਾਰਟੀ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਦਿੱਤਾ ਹੈ। ਇਸ ਤੋਂ ਇਲਾਵਾ ਚੌਥੀ ਸੂਚੀ ਜਾਰੀ ਕਰ ਕੇ ਪਾਰਟੀ ਦੇ 26 ਹੋਰ ਉਮੀਦਵਾਰ ਐਲਾਨੇ ਗਏ ਹਨ। ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਉਪ ਚੋਣ ਲਈ ਪਾਰਟੀ ਦੇ ਮੀਤ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੂੰ ਟਿਕਟ ਦਿੱਤੀ ਗਈ ਹੈ।
ਆਪਣਾ ਪੰਜਾਬ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਆਈਏਐਸ ਅਧਿਕਾਰੀ ਆਰ.ਆਰ. ਭਾਰਦਵਾਜ ਅਤੇ ਮੀਡੀਆ ਇੰਚਾਰਜ ਕਰਨਲ ਜੇ.ਐਸ. ਗਿੱਲ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਛੋਟੇਪੁਰ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ। ਇਸ ਮੌਕੇ ਸ੍ਰੀ ਛੋਟੇਪੁਰ ਨੇ ‘ਆਪ’ ਦੇ ਖਰੜ ਤੋਂ ਉਮੀਦਵਾਰ ਕੰਵਰ ਸੰਧੂ ਦੀ ਹਮਾਇਤ ਕਰਨ ਦੀ ਥਾਂ ਉਨ੍ਹਾਂ ਵਿਰੁੱਧ ‘ਆਪ’ ਦੇ ਹੀ ਇਕ ਬਾਗ਼ੀ ਆਗੂ ਸੁਦੇਸ਼ ਮੂੰਧੋਂ ਨੂੰ ਖੜ੍ਹੇ ਕਰਨ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ ਪੰਜਾਬ ਫਰੰਟ ਦੇ ਸਰਪ੍ਰਸਤ ਡਾਕਟਰ ਗਾਂਧੀ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਸ੍ਰੀ ਸੰਧੂ ਨੇ ਸ੍ਰੀ ਛੋਟੇਪੁਰ ਨੂੰ ਪਾਰਟੀ ਵਿੱਚੋਂ ਕੱਢਣ ਵੇਲੇ ਦਿੱਲੀ ਦਰਬਾਰ ਅੱਗੇ ਝੁਕਣ ਦੀ ਥਾਂ ਸੱਚ ਉਪਰ ਪਹਿਰਾ ਦਿੱਤਾ ਸੀ, ਜਿਸ ਕਾਰਨ ਫਰੰਟ ਕੋਲ ਖਰੜ ਲਈ ਠੋਸ ਉਮੀਦਵਾਰ ਹੋਣ ਦੇ ਬਾਵਜੂਦ ਉਹ ਇਸ ਹਲਕੇ ਤੋਂ ਆਪਣਾ ਉਮੀਦਵਾਰ ਖੜ੍ਹਾ ਨਹੀਂ ਕਰਨਗੇ।
ਇਸ ਮੌਕੇ ਖਰੜ ਹਲਕੇ ਦੇ ‘ਆਪ’ ਦੇ ਕੁਝ ਆਗੂ ਵੀ ਇਸ ਪਾਰਟੀ ਵਿੱਚ ਸ਼ਾਮਲ ਹੋਏ। ਸ੍ਰੀ ਛੋਟੇਪੁਰ ਨੇ ਦੱਸਿਆ ਕਿ ਉਹ ਹੁਣ ਤੱਕ 74 ਉਮੀਦਵਾਰਾਂ ਦਾ ਐਲਾਨ ਕਰ ਚੁੱਕੇ ਹਨ ਅਤੇ ਬਾਕੀ 43 ਉਮੀਦਵਾਰਾਂ ਦਾ ਐਲਾਨ ਲੋਹੜੀ ਤੱਕ ਕਰ ਦਿੱਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਦੇ ’55 ਮੈਂਬਰੀ ਟੋਲੇ’ ਨੇ ਪੰਜਾਬ ਵਿੱਚੋਂ ਕਥਿਤ ਤੌਰ ‘ਤੇ ਕਰੋੜਾਂ ਰੁਪਏ ਇਕੱਠੇ ਕੀਤੇ ਹਨ ਅਤੇ ਹੁਣ ਸੰਕੇਤ ਮਿਲ ਰਹੇ ਹਨ ਕਿ ਪੰਜਾਬ ਦੇ ਮੁੱਖ ਮੰਤਰੀ ਦਾ ਉਮੀਦਵਾਰ ਵੀ ਅਰਵਿੰਦ ਕੇਜਰੀਵਾਲ ਨੂੰ ਬਣਾਉਣ ਦੀਆਂ ਚਾਲਾਂ ਖੇਡੀਆਂ ਜਾ ਰਹੀਆਂ ਹਨ।
ਸ੍ਰੀ ਛੋਟੇਪੁਰ ਨੇ ਕਿਹਾ ਕਿ ਡਾਕਟਰ ਗਾਂਧੀ ਨਾਲ ਉਨ੍ਹਾਂ ਦੀ ਗੱਲ ਹੋਈ ਹੈ ਅਤੇ ਉਹ ਨਿਰੰਤਰ ਉਨ੍ਹਾਂ ਦੇ ਸੰਪਰਕ ਵਿੱਚ ਹਨ। ਇਸ ਮੌਕੇ ਰਿਪਬਲਿਕ ਪਾਰਟੀ ਆਫ ਇੰਡੀਆ ਦੀ ਪੰਜਾਬ ਇਕਾਈ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਵੀ ਇਸ ਪਾਰਟੀ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਸ੍ਰੀ ਛੋਟੇਪੁਰ ਵੱਲੋਂ ਐਲਾਨੇ 26 ਉਮੀਦਵਾਰਾਂ ਵਿੱਚ ਰਮੇਸ਼ ਸਿੰਘ ਨੂੰ ਸੁਜਾਨਪੁਰ, ਪ੍ਰਿੰਸੀਪਲ ਓਮ ਪ੍ਰਕਾਸ਼ ਨੂੰ ਸ੍ਰੀ ਹਰਗੋਬਿੰਦਪੁਰ, ਚੀਡਾ ਪੀਟਰ ਨੂੰ ਫ਼ਤਹਿਗੜ੍ਹ ਚੂੜੀਆਂ, ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਦੇ ਭਤੀਜੇ ਦੀਪਇੰਦਰ ਰੰਧਾਵਾ ਨੂੰ ਡੇਰਾ ਬਾਬਾ ਨਾਨਕ, ਕੁਲਵੰਤ ਸਿੰਘ ਮੋਹਰ ਨੂੰ ਰਾਜਾਸਾਂਸੀ, ਕੁਲਵੰਤ ਸਿੰਘ ਬਡਾਲੀ ਨੂੰ ਅੰਮ੍ਰਿਤਸਰ (ਪੱਛਮੀਂ), ਕੇਸ਼ਵ ਕੋਹਲੀ ਨੂੰ ਅੰਮ੍ਰਿਤਸਰ ਕੇਂਦਰੀ, ਕੁਲਦੀਪ ਸਿੰਘ ਨੂੰ ਅੰਮ੍ਰਿਤਸਰ (ਦੱਖਣੀ), ਦਲਜੀਤ ਸਿੰਘ ਨੂੰ ਖਡੂਰ ਸਾਹਿਬ, ਨਰਿੰਦਰ ਚਾਵਲਾ ਨੂੰ ਜਲੰਧਰ ਕੈਂਟ, ਲਾਰੈਂਸ ਚੌਧਰੀ ਨੂੰ ਦਸੂਹਾ, ਡਾਕਟਰ ਸਤੀਸ਼ ਲਾਂਬਾ ਨੂੰ ਸ਼ਾਮਚੁਰਾਸੀ, ਮਹਿੰਦਰ ਸਿੰਘ ਨੂੰ ਹੁਸ਼ਿਆਰਪੁਰ, ਸਰਬਜੀਤ ਸਿੰਘ ਨੂੰ ਬੰਗਾ, ਤਰਲੋਚਨ ਸਿੰਘ ਲਾਲੀ ਨੂੰ ਫ਼ਤਹਿਗੜ੍ਹ ਸਾਹਿਬ, ਵਰਿੰਦਰ ਢਿੱਲੋਂ ਨੂੰ ਤਲਵੰਡੀ ਸਾਬੋ, ਹਰਪਾਲ ਕਾਲੀਪੁਰ ਨੂੰ ਮੌੜ, ਬਾਬਾ ਕਾਲਾ ਸਿੰਘ ਨੂੰ ਬੁਢਲਾਡਾ, ਮਲਕੀਤ ਸਿੰਘ ਨੂੰ ਲਹਿਰਾ, ਗੁਰਮੀਤ ਸਿੰਘ ਨੂੰ ਭਦੌੜ, ਸੁਖਚੈਨ ਸਿੰਘ ਨੂੰ ਅਮਰਗੜ੍ਹ, ਮਹਿਲਾ ਵਿੰਗ ਦੀ ਪ੍ਰਧਾਨ ਪਰਮਿੰਦਰ ਕੌਰ ਨੂੰ ਸੰਗਰੂਰ, ਸ਼ਮਿੰਦਰ ਕੌਰ ਨੂੰ ਪਟਿਆਲਾ (ਦਿਹਾਤੀ) ਅਤੇ ਰਾਜ ਮੱਲ ਨੂੰ ਮੁਕੇਰੀਆਂ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ।