ਲੋਕ ਬਾਦਲ ਦਲ ਦਾ ਬੋਰੀਆ-ਬਿਸਤਰਾ ਸਾਫ਼ ਕਰ ਦੇਣਗੇ: ਦਲ ਖ਼ਾਲਸਾ

ਲੋਕ ਬਾਦਲ ਦਲ ਦਾ ਬੋਰੀਆ-ਬਿਸਤਰਾ ਸਾਫ਼ ਕਰ ਦੇਣਗੇ: ਦਲ ਖ਼ਾਲਸਾ

ਕੈਪਸ਼ਨ : ਦਲ ਖ਼ਾਲਸਾ ਦੇ ਆਗੂ ਭਾਈ ਸੁਖਦੇਵ ਸਿੰਘ ਬਲੱਗਣ ਦੇ ਪਰਿਵਾਰ ਦੇ ਨਾਲ
ਅੰਮ੍ਰਿਤਸਰ/ਸਿੱਖ ਸਿਆਸਤ ਬਿਊਰੋ:
ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਨੂੰ ਖ਼ਤਰਨਾਕ ਪੱਧਰ ਤਕ ਪਹੁੰਚਾਉਣ ਲਈ ਭਾਰਤੀ ਮੁੱਖ ਧਾਰਾ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਕਸੂਰਵਾਰ ਦੱਸਦਿਆਂ ਦਲ ਖ਼ਾਲਸਾ ਨੇ ਕਿਹਾ ਹੈ ਕਿ ਜਨਤਕ ਭਾਸ਼ਣਾਂ ਦੇ ਉਲਟ, ਸੱਤਾ ਹਥਿਆਉਣ ਲਈ ਇਹ ਪਾਰਟੀਆਂ ਅਤੇ ਇਨ੍ਹਾਂ ਦੇ ਉਮੀਦਵਾਰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਨਸ਼ੇ ਅਤੇ ਸ਼ਰਾਬ ਵੰਡਣਗੇ। ਪਾਰਟੀ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਕਿ ਲੋਕਾਂ ਵਿਚ ਭਾਰੀ ਰੋਸ ਹੈ ਕਿਉਂਕਿ ਮੌਜੂਦਾ ਸਰਕਾਰ ਦੇ ਕੁਸ਼ਾਸਨ ਅਤੇ ਗਲਤ ਫੈਸਲਿਆਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਚੋਣਾਂ ਵਿੱਚ ਬਾਦਲ ਦਲ ਦਾ ਬੋਰੀਆ ਬਿਸਤਰਾ ਸਾਫ਼ ਕਰ ਦਿੱਤਾ ਜਾਵੇਗਾ।
ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਵਲੋਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਬਲੱਗਣ ਵਿਖੇ ਸੁਖਦੇਵ ਸਿੰਘ ਬਲੱਗਣ, ਜਿਨ੍ਹਾਂ ਨੂੰ 1992 ਵਿਚ ਭਾਰਤੀ ਸੁਰੱਖਿਆ ਬਲਾਂ ਵਲੋਂ ਹਿਰਾਸਤ ਵਿਚ ਮਾਰ ਦਿੱਤਾ ਗਿਆ ਸੀ, ਦੇ ਸ਼ਹੀਦੀ ਦਿਹਾੜੇ ਮੌਕੇ ਪ੍ਰਗਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਦੁਖਦਾਈ ਪਹਿਲੂ ਹੈ ਕਿ ਪੂਰੀ ਦੁਨੀਆ ਵਿਚ ਸੁਰੱਖਿਆ ਬਲਾਂ ਵਲੋਂ ਵੱਖਵਾਦ ਰੋਕਣ ਦੇ ਨਾਂ ‘ਤੇ ਆਮ ਨਾਗਰਿਕਾਂ ਦੇ ਮਨੁੱਖੀ ਅਧਿਕਾਰਾਂ ਦਾ ਵੱਡੇ ਪੱਧਰ ‘ਤੇ ਘਾਣ ਕੀਤਾ ਜਾਂਦਾ ਹੈ। ਸੁਰੱਖਿਆ ਬਲ ਆਮ ਨਾਗਰਿਕਾਂ ‘ਤੇ ਜ਼ੁਲਮ ਕਰਕੇ ਨੌਜਵਾਨਾਂ ਨੂੰ ਖਾੜਕੂ ਸਫਾਂ ਵਿਚ ਸ਼ਾਮਲ ਹੋਣ ਲਈ ਮਜਬੂਰ ਕਰਦੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਕਿ ਸਿੱਖ ਹੱਕਾਂ ਅਤੇ ਅਜ਼ਾਦੀ ਲਈ ਚੱਲੇ ਸੰਘਰਸ਼ ਵਿਚ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਾਈਆਂ ਜਾਣ।
ਇਸ ਮੌਕੇ ਸ਼ਹੀਦ ਦੀ ਪਤਨੀ ਬੀਬੀ ਸਿਮਰਜੀਤ ਕੌਰ ਅਤੇ ਸਪੁੱਤਰ ਦਾ ਸਨਮਾਨ ਕੀਤਾ ਗਿਆ। ਕੰਵਰਪਾਲ ਸਿੰਘ ਨੇ ਕਿਹਾ ਕਿ ਸ਼ਰਮਨਾਕ ਤੇ ਬੇਹੱਦ ਦੁਖਦਾਈ ਤਾਂ ਇਹ ਵੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ, ਬਰਗਾੜੀ ਕਾਂਡ ਦੇ ਸਾਜਿਸ਼ਘਾੜੇ ਅਤੇ ਅਸਲ ਦੋਸ਼ੀ ਹੁਣ ਤਕ ਨਹੀਂ ਫੜੇ ਗਏ। ਸਰਕਾਰ ਦੀ ਨਾਕਾਮੀ ਕਾਰਨ ਲੋਕਾਂ ਵਿਚ ਵਿਆਪਕ ਰੋਹ ਤੋਂ ਮਹਿਸੂਸ ਹੁੰਦਾ ਹੈ ਕਿ ਉਹ ਆਉਂਦੀਆਂ ਚੋਣਾਂ ਵਿਚ ਬਾਦਲਾਂ ਨੂੰ ਸੱਤਾ ਤੋਂ ਲਾਂਭੇ ਕਰਕੇ ਸਬਕ ਸਿਖਾਉਣਗੇ।