ਫਾਊਲਰ ਵਿਖੇ “23 ਵਾਂ ਉਸਤਾਦ ਲਾਲ ਚੰਦ ਯਮਲਾ ਜੱਟ ਯਾਦਗਾਰੀ ਮੇਲਾ” ਲੱਗਿਆ

ਫਾਊਲਰ ਵਿਖੇ “23 ਵਾਂ ਉਸਤਾਦ ਲਾਲ ਚੰਦ ਯਮਲਾ ਜੱਟ ਯਾਦਗਾਰੀ ਮੇਲਾ” ਲੱਗਿਆ

"ਬਲਬੀਰ ਸਿੰਘ ਰਾਜੇਵਾਲ ਨੇ ਲਵਾਈ ਹਾਜ਼ਰੀ”

ਅੰਮ੍ਰਿਤਸਰ ਟਾਈਮਜ਼ ਬਿਊਰੋ 

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਉੱਭੀ / ਨੀਟਾ ਮਾਛੀਕੇ): ਪੰਜਾਬੀ ਸੱਭਿਆਚਾਰ ਅਤੇ ਗਾਇਕੀ ਦਾ ਮਾਣ, ਤੂੰਬੀ ਦੇ ਬਾਦਸ਼ਾਹ ਮਰਹੂਮ ਕਲਾਕਾਰ ਉਸਤਾਦ ਲਾਲ ਚੰਦ ਯਮਲਾ ਜੱਟ ਦਾ 23 ਵਾਂ ਯਾਦਗਾਰੀ ਮੇਲਾ ਕੈਲੇਫੋਰਨੀਆਂ ਦੇ ਸ਼ਹਿਰ ਫਾਊਲਰ ਵਿਖੇ ਲਾਇਆ ਗਿਆ। ਜਿਸ ਦੀ ਸੁਰੂਆਤ ਸਭ ਨੂੰ ਜੀ ਆਇਆਂ ਕਹਿੰਦੇ ਹੋਏ ਕੀਤੀ। ਇਸ ਉਪਰੰਤ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਤਸਵੀਰ ਉੱਪਰ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਹਾਰ ਪਾਉਣ ਦੀ ਰਸਮ ਕੀਤੀ ਗਈ। 

ਇਸ ਸਮੇਂ ਵਿਸ਼ੇਸ਼ ਤੌਰ ‘ਤੇ ਪੰਜਾਬ ਤੋਂ ਪਹੁੰਚੇ ਕਿਸਾਨ ਆਗੂ ਸ. ਬਲਬੀਰ ਸਿੰਘ ਰਾਜੇਵਾਲ ਨੇ ਹਾਜ਼ਰੀ ਭਰੀ। ਉਨ੍ਹਾਂ ਬੋਲਦਿਆ ਕਿਸਾਨ ਅੰਦੋਲਨ ਲਈ ਵਿਦੇਸ਼ੀਆਂ ਦੇ ਸਹਿਯੋਗ ਦਾ ਧੰਨਵਾਦ ਕੀਤਾ ਅਤੇ ਸਥਾਨਿਕ ਮੇਲਾ ਕਮੇਟੀ ਨੂੰ ਮੇਲੇ ਨੂੰ ਸਫਲ ਬਣਾਉਣ ‘ਤੇ ਵਧਾਈ ਦਿੱਤੀ। ਉਸਤਾਦ ਲਾਲ ਚੰਦ ਯਮਲਾ ਜੱਟ ਕਮੇਟੀ ਵੱਲੋਂ ਰਾਜੇਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਹੋਰ ਬੁਲਾਰਿਆਂ ਵਿੱਚ ਚਰਨਜੀਤ ਸਿੰਘ ਬਾਠ, ਨਾਜ਼ਰ ਸਿੰਘ ਕੂਨਰ, ਰਾਜਿੰਦਰ ਬਰਾੜ, ਗੁਰਿੰਦਰਜੀਤ ਨੀਟਾ ਮਾਛੀਕੇ ਆਦਿਕ ਨੇ ਵਿਚਾਰਾ ਦੀ ਸਾਂਝ ਪਾਈ।

ਇਸ ਬਾਅਦ ਚਲੇ ਗਾਇਕੀ ਦੇ ਖੁੱਲ੍ਹੇ ਅਖਾੜੇ ਵਿੱਚ ਯਮਲਾ ਜੱਟ ਦੇ ਲਾਡਲੇ ਸ਼ਾਗਿਰਦ ਅਤੇ ਮੇਲਾ ਕਮੇਟੀ ਦੇ ਪ੍ਰੈਜ਼ੀਡੈਂਟ ਰਾਜਿੰਦਰ ਬਰਾੜ, ਉਰਫ ਰਾਜ ਬਰਾੜ ਯਮਲਾ ਨੇ ਆਪਣੀ ਗਾਇਕੀ ਰਾਹੀ ਖੂਬ ਰੰਗ ਬੰਨੇ। ਜਿਸ ਬਾਅਦ ਚੱਲੇ ਖੁੱਲੇ ਅਖਾੜੇ ਵਿੱਚ ਦਿਲਦਾਰ ਬ੍ਰਦਰਜ਼ ਗਰੁੱਪ ਦੇ ਗਾਇਕ ਅਵਤਾਰ ਗਰੇਵਾਲ, ਰਾਣੀ ਗਿੱਲ ਅਤੇ ਕਾਤਾਂ ਸਹੋਤਾ ਨੇ ਲਾਈਆਂ ਰੌਣਕਾਂ। ਹੋਰ ਪ੍ਰਮੁੱਖ ਗਾਇਕਾਂ ਵਿੱਚ ਐਚ. ਐਸ. ਭਜਨ, ਹਰਬੰਸ ਸਿੰਘ, ਪੱਪੀ ਭਦੌੜ, ਕਮਲਜੀਤ ਬੈਨੀਪਾਲ, ਮਹਿੰਦਰ ਸਿੰਘ ਰਾਜਪੂਤ, ਗੁਰਦੀਪ ਧਾਲੀਵਾਲ, ਜੋਰਾ ਸਿੰਘ, ਹਰਜੀਤ ਸਿੰਘ ਆਦਿਕ ਨੇ ਯਮਲਾ ਜੀ ਦੇ ਅਤੇ ਆਪਣੇ ਗੀਤਾਂ ਰਾਹੀ ਹਾਜ਼ਰੀ ਭਰਦੇ ਹੋਏ ਹਾਜ਼ਰੀਨ ਦਾ ਭਰਪੂਰ ਮੰਨੋਰੰਜਨ ਕੀਤਾ। 

 ਜਦ ਕਿ ਸਰੋਤਿਆਂ ਦੀ ਮੰਗ ਨੂੰ ਮੁੱਖ ਰੱਖਦੇ ਦੋਗਾਣਾ ਗਾਇਕ ਜੋੜੀਆਂ ਵਿੱਚ ਬੁਲੰਦ ਅਵਾਜ਼ ਦੇ ਮਾਲਕ ਗਾਇਕ ਗੌਗੀ ਸੰਧੂ ਅਤੇ ਗਾਇਕਾਂ ਮੀਮੀ ਗਿਰਨ ਦੀ ਜੋੜੀ ਨੇ ਗਾਉਂਦੇ ਹੋਏ ਵਾਹ-ਵਾਹ ਖੱਟੀ। ਇਸੇ ਤਰ੍ਹਾਂ ਸੁਰੀਲੇ ਗਾਇਕ ਸੁਲਤਾਨ ਅਖਤਰ ਅਤੇ ਗਾਇਕਾਂ ਹਰਜੀਤ ਜੀਤੀ ਦੁਗਾਣਿਆਂ ਰਾਹੀ ਹਾਜ਼ਰੀਨ ਦਾ ਭਰਪੂਰ ਮੰਨੋਰੰਜਨ ਕੀਤਾ।  ਪ੍ਰੋਗਰਾਮ ਦੌਰਾਨ ਸਟੇਜ਼ ਸੰਚਾਲਨ ਕੁਲਵੰਤ ਉੱਭੀ ਧਾਲੀਆਂ ਨੇ ਬਾਖੂਬੀ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ। ਹਾਜ਼ਰੀਨ ਲਈ ਚਾਹ-ਪਕੌੜੇ ਆਦਿਕ ਦੇ ਲੰਗਰ ਖੁੱਲ੍ਹੇ ਚੱਲੇ। ਸਮੁੱਚੇ ਪ੍ਰੋਗਰਾਮ ਦੌਰਾਨ ਸੰਗੀਤ ਨਰਿੰਦਰ ਬੱਗਾ, ਅਮਰੀਕ ਮੀਕਾ ਅਤੇ ਸੰਨੀ ਐਂਡ ਪਾਰਟੀ ਵੱਲੋਂ ਦਿੱਤਾ ਗਿਆ। ਅੰਤ ਰਾਜ ਬਰਾੜ ਯਮਲੇ ਨੇ ਸਭ ਹਾਜ਼ਰੀਨ ਦਾ ਸਹਿਯੋਗ ਲਈ ਧੰਨਵਾਦ ਕੀਤਾ। ਉਸਤਾਦ ਲਾਲ ਚੰਦ ਯਮਲਾ ਜੱਟ ਦੀ ਗਾਇਕੀ ਅਤੇ ਗੀਤਕਾਰੀ ਨੂੰ ਸਿੱਜਦਾ ਕਰਦੇ ਹੋਏ, ਅੰਤ ਆਪਣੀਆਂ ਅਮਿੱਟ ਪੈੜਾਂ ਛੱਡਦਾ ਹੋਇਆ ਮੇਲਾ ਯਾਦਗਾਰੀ ਹੋ ਨਿਬੜਿਆ।