ਮੁਸ਼ਕਲ ਮੌਕੇ ਤਾਂ ਕਾਂਗਰਸ ਨੇ ਮੁਕਾਬਲੇ ‘ਚ ਧਕਿਆ, ਹੁਣ ਟਿਕਟ ਨਹੀਂ ਦਿੱਤੀ : ਸੁਰਜੀਤ ਕੌਰ

ਮੁਸ਼ਕਲ ਮੌਕੇ ਤਾਂ ਕਾਂਗਰਸ ਨੇ ਮੁਕਾਬਲੇ ‘ਚ ਧਕਿਆ, ਹੁਣ ਟਿਕਟ ਨਹੀਂ ਦਿੱਤੀ : ਸੁਰਜੀਤ ਕੌਰ

ਬਰਨਾਲਾ ਚੰਡੀਗੜ੍ਹ/ਬਿਊਰੋ ਨਿਊਜ਼ :
ਕਿਸੇ ਸਮੇਂ ਪ੍ਰਕਾਸ਼ ਸਿੰਘ ਬਾਦਲ ਸਮੇਤ ਵੱਡੇ ਆਗੂਆਂ ਨੂੰ ਟਿਕਟਾਂ ਵੰਡਣ ਵਾਲੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦਾ ਪਰਿਵਾਰ ਇੱਕ ਟਿਕਟ ਤੋਂ ਵੀ ਵਾਂਝਾ ਹੋ ਗਿਆ ਹੈ। ਸ੍ਰੀ ਬਰਨਾਲਾ ਦੀ ਪਤਨੀ ਸੁਰਜੀਤ ਕੌਰ ਬਰਨਾਲਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਨੂੰ ਕਾਂਗਰਸ ਵਿੱਚ ਮਿਲਾ ਲਏ ਜਾਣ ਤੋਂ ਬਾਅਦ ਇਹ ਪਰਿਵਾਰ ਇੱਕ ਸੀਟ ਪੱਕੀ ਮੰਨ ਰਿਹਾ ਸੀ ਪਰ ਪਾਰਟੀ ਵੱਲੋਂ ਜਾਰੀ 61 ਉਮੀਦਵਾਰਾਂ ਦੀ ਪਹਿਲੀ ਸੂਚੀ ਵਿੱਚ ਧੂਰੀ ਤੋਂ ਸਿਮਰ ਪ੍ਰਤਾਪ ਸਿੰਘ ਦੀ ਥਾਂ ਯੂਥ ਆਗੂ ਦਲਵੀਰ ਸਿੰਘ ਗੋਲਡੀ ਦਾ ਨਾਂ ਦੇਖ ਕੇ ਪਰਿਵਾਰ ਹੈਰਾਨ-ਪ੍ਰੇਸ਼ਾਨ ਹੈ।
ਸ੍ਰੀ ਬਰਨਾਲਾ ਦੇ ਪੋਤਰੇ ਸਿਮਰ ਪ੍ਰਤਾਪ ਸਿੰਘ ਨੇ ਕਾਂਗਰਸ ਵਿਧਾਇਕ ਅਰਵਿੰਦ ਖੰਨਾ ਵੱਲੋਂ ਅਸਤੀਫ਼ਾ ਦੇਣ ਪਿੱਛੋਂ ਖਾਲੀ ਹੋਈ ਧੂਰੀ ਸੀਟ ਤੋਂ ਅਪਰੈਲ 2016 ਵਿਚ ਉਪ ਚੋਣ ਲੜੀ ਸੀ, ਜੋ 30095 ਵੋਟਾਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਗੋਬਿੰਦ ਸਿੰਘ ਲੌਂਗੋਵਾਲ ਤੋਂ 37501 ਵੋਟਾਂ ਦੇ ਫਰਕ ਨਾਲ ਹਾਰ ਗਏ ਸਨ। ਚੋਣ ਤੋਂ ਬਾਅਦ ਅਕਾਲੀ ਦਲ (ਲੌਂਗੋਵਾਲ) ਭੰਗ ਕਰ ਕੇ ਇਸ ਦੇ ਆਗੂ ਰਾਹੁਲ ਗਾਂਧੀ ਦੀ ਮੌਜੂਦਗੀ ਵਿੱਚ  ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਬੀਬੀ ਬਰਨਾਲਾ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੇ ਵਿਸ਼ਵਾਸ ਦਿਵਾਉਣ ਉੱਤੇ ਹੀ ਉਨ੍ਹਾਂ ਟਿਕਟ ਲਈ ਅਰਜ਼ੀ ਦਿੱਤੀ ਸੀ।
ਉਨ੍ਹਾਂ ਗ਼ਿਲਾ ਕੀਤਾ ਕਿ ਜ਼ਿਮਨੀ ਚੋਣ ਦੇ ਮੁਸ਼ਕਲ ਮੌਕੇ ਤਾਂ ਕਾਂਗਰਸ ਨੇ ਪਰਿਵਾਰ ਨੂੰ ਮੁਕਾਬਲੇ ਵਿੱਚ ਧੱਕ ਦਿੱਤਾ ਪਰ ਹੁਣ ਟਿਕਟ ਕੱਟ ਦਿੱਤੀ ਹੈ। ਪਹਿਲਾਂ ਸ੍ਰੀ ਬਰਨਾਲਾ ਦਾ ਬੇਟਾ ਗਗਨਜੀਤ ਸਿੰਘ ਬਰਨਾਲਾ ਵੀ ਧੂਰੀ ਤੋਂ ਵਿਧਾਇਕ ਰਹਿ ਚੁੱਕਾ ਹੈ, ਜੋ 2012 ਵਿਚ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਾਲੀ ਪੀਪੀਪੀ ਨਾਲ ਬਣਾਏ ਸਾਂਝੇ ਮੁਹਾਜ਼ ਵੱਲੋਂ ਚੋਣ ਲੜੇ ਸਨ ਪਰ 15682 ਵੋਟਾਂ ਲੈ ਕੇ ਤੀਜੇ ਨੰਬਰ ਉੱਤੇ ਰਹੇ ਸਨ। ਬੀਬੀ ਬਰਨਾਲਾ ਨੇ ਕਿਹਾ ਕਿ ਉਹ ਪਾਰਟੀ ਹਾਈਕਮਾਂਡ ਨਾਲ ਗੱਲ ਕਰਨਗੇ। ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਧੂਰੀ ਤੋਂ ਹੀ ਟਿਕਟ ਦਾ ਦਾਅਵਾ ਕਰ ਰਿਹਾ ਸੀ ਅਤੇ ਹੋਰ ਕਿਤੋਂ ਚੋਣ ਨਹੀਂ ਲੜੇਗਾ। ਗੌਰਤਲਬ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ 1985 ਵਿੱਚ ਬਰਨਾਲਾ ਸਰਕਾਰ ਵਿੱਚ ਖੇਤੀ ਮੰਤਰੀ ਸਨ। ਸ੍ਰੀ ਬਰਨਾਲਾ ਉਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੀ ਸਨ। ਬਰਨਾਲਾ ਪਰਿਵਾਰ ਦਾ ਭਰੋਸੇਮੰਦ ਹੋਰ ਆਗੂ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਵੀ ਸੰਗਰੂਰ ਤੋਂ ਟਿਕਟ ਦਾ ਚਾਹਵਾਨ ਸੀ, ਜਿਥੋਂ ਕਾਂਗਰਸ ਨੇ ਵਿਜੇਇੰਦਰ ਸਿੰਗਲਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਸੂਤਰਾਂ ਅਨੁਸਾਰ ਸ੍ਰੀ ਮਾਨ ਸੁਨਾਮ ਤੋਂ ਵੀ ਲੜਨ ਦੇ ਚਾਹਵਾਨ ਹਨ। ਉਨ੍ਹਾਂ ਕਿਹਾ ਕਿ ਉਹ ਅੰਤਿਮ ਸੂਚੀ ਆਉਣ ਤੋਂ ਬਾਅਦ ਹੀ ਕੋਈ ਗੱਲ ਕਰਨਗੇ।