ਬਾਗੀਆਂ ਨੂੰ ਮਨਾਉਣ ਲਈ ਸੁਖਬੀਰ ਬਾਦਲ ਵਲੋਂ ਅਹੁਦਿਆਂ ਦੀ ਪੇਸ਼ਕਸ਼

ਬਾਗੀਆਂ ਨੂੰ ਮਨਾਉਣ ਲਈ ਸੁਖਬੀਰ ਬਾਦਲ ਵਲੋਂ ਅਹੁਦਿਆਂ ਦੀ ਪੇਸ਼ਕਸ਼

ਜਲੰਧਰ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬਾਗੀਆਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕਰਦਿਆਂ ਜਲੰਧਰ ਛਾਉਣੀ ਹਲਕੇ ਤੋਂ ਪਾਰਟੀ ਉਮੀਦਵਾਰ ਸਬਰਜੀਤ ਸਿੰਘ ਮੱਕੜ ਦਾ ਵਿਰੋਧ ਕਰਦੇ ਆ ਰਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ ਨੂੰ ਨਗਰ ਸੁਧਾਰ ਟਰੱਸਟ ਦੀ ਚੇਅਰਮੈਨੀ ਅਤੇ ਪਾਰਟੀ ਦੇ ਸੂਬਾ ਉਪ ਪ੍ਰਧਾਨ ਬਣਾਉਣ ਦੀ ਪੇਸ਼ਕਸ਼ ਕੀਤੀ। ਸ੍ਰੀ ਬਾਦਲ ਨੇ ਪਿੰਡ ਰਾਏਪੁਰ ਵਿਚ ਪਰਮਜੀਤ ਸਿੰਘ ਰਾਏਪੁਰ ਅਤੇ ਉਨ੍ਹਾਂ ਦੇ ਵੱਡੇ ਭਰਾ ਜਸਪਾਲ ਸਿੰਘ ਢੇਸੀ ਨਾਲ ਬੰਦ ਕਮਰਾ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਪਾਰਟੀ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ, ਜ਼ਿਲ੍ਹਾ ਪ੍ਰਧਾਨ ਅਜੀਤ ਸਿੰਘ ਕੋਹਾੜ, ਯੂਥ ਅਕਾਲੀ ਦੇ ਦੋਆਬਾ ਜ਼ੋਨ ਦੇ ਪ੍ਰਧਾਨ ਸਰਬਜੋਤ ਸਿੰਘ ਸਾਬੀ ਅਤੇ ਮਨਜਿੰਦਰ ਸਿੰਘ ਸਿਰਸਾ ਹਾਜ਼ਰ ਸਨ। ਸ੍ਰੀ ਬਾਦਲ ਨੇ ਰਾਏਪੁਰ ਪਿੰਡ ਵਿੱਚ ਇੱਕਠੇ ਹੋਏ 100 ਤੋਂ ਵੱਧ ਅਕਾਲੀ ਵਰਕਰਾਂ ਦੀ ਹਾਜ਼ਰੀ ਵਿੱਚ ਰਾਏਪੁਰ ਨੂੰ ਨਗਰ ਸੁਧਾਰ ਟਰੱਸਟ ਦਾ ਚੇਅਰਮੈਨ ਅਤੇ ਪਾਰਟੀ ਦਾ ਵਾਈਸ ਪ੍ਰਧਾਨ ਬਣਉਣ ਦਾ ਐਲਾਨ ਕੀਤਾ।
ਜਲੰਧਰ ਛਾਉਣੀ ਹਲਕੇ ਤੋਂ ਜਸਪਾਲ ਸਿੰਘ ਢੇਸੀ ਵੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਮੰਨੇ ਜਾਂਦੇ ਸਨ ਤੇ ਮੱਕੜ ਨੂੰ ਟਿਕਟ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੇ ਆਜ਼ਾਦ ਤੌਰ ‘ਤੇ ਚੋਣ ਲੜਨ ਲਈ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਬਜੀਤ ਸਿੰਘ ਮੱਕੜ, ਜਿਹੜੇ  ਕਿ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਪੂਰਥਲਾ ਤੋਂ ਕਾਂਗਰਸੀ ਉਮੀਦਵਾਰ ਕੋਲੋਂ ਹਾਰ ਗਏ ਸਨ, ਉਨ੍ਹਾਂ ਨੂੰ ਜਲੰਧਰ ਛਾਉਣੀ ਤੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਉਸ ਦਾ ਵਿਰੋਧ ਕਰਨ ਵਾਲਿਆਂ ਵਿੱਚ ਜਸਪਾਲ ਸਿੰਘ ਢੇਸੀ, ਪਰਮਜੀਤ ਸਿੰਘ ਰਾਏਪੁਰ, ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਗੁਰਚਰਨ ਸਿੰਘ ਚੰਨੀ ਸਮੇਤ ਹੋਰ ਬਹੁਤ ਸਾਰੇ ਆਗੂ ਸ਼ਾਮਲ ਸਨ। ਇਸ ਧੜੇ ਨੇ ਸਰਬਜੀਤ ਸਿੰਘ ਮੱਕੜ ਦੇ ਹੱਕ ਵਿੱਚ ਸੁਖਬੀਰ ਬਾਦਲ ਵੱਲੋਂ ਕੀਤੀਆਂ ਦੋ ਰੈਲੀਆਂ ਦਾ ਬਾਈਕਾਟ ਕਰਕੇ ਸਪਸ਼ਟ ਸੰਕੇਤ ਦਿੱਤੇ ਸਨ ਕਿ ਉਹ ਮੱਕੜ ਦੇ ਨਾਲ ਨਹੀਂ ਚੱਲਣਗੇ। ਪਰਮਜੀਤ ਸਿੰਘ ਰਾਏਪੁਰ, ਮੱਕੜ ‘ਤੇ ਇਹ ਦੋਸ਼ ਲਾਉਂਦੇ ਆ ਰਹੇ ਸਨ ਕਿ ਉਨ੍ਹਾਂ ਦੇ ਇੱਕ ਪਲਾਟ ‘ਤੇ ਮੱਕੜ ਨੇ ਕਬਜ਼ਾ ਕੀਤਾ ਹੋਇਆ ਹੈ। ਚੰਨੀ ਨੇ ਵੀ ਮੱਕੜ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੋਇਆ ਹੈ ਤੇ ਉਸ ਦੇ ਮੱਕੜ ਨਾਲ ਅਦਾਲਤੀ ਕੇਸ ਵੀ ਚੱਲ ਰਹੇ ਹਨ।