ਸੁਖਬੀਰ ਬਾਦਲ ਦੀ ਪਾਣੀ ਵਾਲੀ ਬੱਸ ਨੇ ਲਾਈ ਹਰੀਕੇ ਪੱਤਣ ਵਿਚ ਤਾਰੀ

ਸੁਖਬੀਰ ਬਾਦਲ ਦੀ ਪਾਣੀ ਵਾਲੀ ਬੱਸ ਨੇ ਲਾਈ ਹਰੀਕੇ ਪੱਤਣ ਵਿਚ ਤਾਰੀ

ਹਰੀਕੇ/ਬਿਊਰੋ ਨਿਊਜ਼ :
ਸਤਲੁਜ-ਬਿਆਸ ਦਰਿਆ ਦੇ ਸੰਗਮ ‘ਤੇ ਬਣੀ ਹਰੀਕੇ ਝੀਲ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਲ ਬੱਸ ਦੀ ਸ਼ੁਰੂਆਤ ਕੀਤੀ। ਲਗਪਗ 10 ਕਰੋੜ ਰੁਪਏ ਦੀ ਲਾਗਤ ਵਾਲੀ ਇਸ ਯੋਜਨਾ ਤਹਿਤ ਜਲ ਬੱਸ ਨੂੰ ਝੀਲ ਵਿੱਚ ਉਤਾਰਿਆ ਗਿਆ, ਜਿਸ ਵਿੱਚ ਖ਼ੁਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਵਾਰ ਸਨ।
ਇਸ ਦੌਰਾਨ ਉਪ ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦਾ ਇਕ ਹੋਰ ਸੁਫ਼ਨਮਈ ਪ੍ਰਾਜੈਕਟ ਪੂਰਾ ਹੋਇਆ ਹੈ, ਜਿਸ ਬਾਰੇ ਵਿਰੋਧੀਆਂ ਤੇ ਹੋਰਾਂ ਨੇ ਵੱਡੀ ਆਲੋਚਨਾ ਕੀਤੀ ਸੀ। ਆਲੋਚਨਾ ਕਰਨ ਵਾਲਿਆਂ ਬਾਰੇ ਉਨ੍ਹਾਂ ਆਖਿਆ ਕਿ ਕਾਂਗਰਸੀ ਅਤੇ ‘ਆਪ’ ਵਾਲੇ ਹੁਣ ਇਸ ਜਲ ਬੱਸ ਵਿੱਚ ਸਵਾਰ ਹੋ ਕੇ ਕੁਦਰਤ ਦੇ ਨਜ਼ਾਰੇ ਦਾ ਆਨੰਦ ਲੈ ਸਕਦੇ ਹਨ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਉਹ ਇਸ ਯੋਜਨਾ ਦੇ ਅਗਲੇ ਪੜਾਅ ਵਿਚ ਪੰਜਾਬ ਵਿਚਲੀਆਂ ਹੋਰ ਜਲਗਾਹਾਂ ‘ਤੇ ਵੀ ਸੈਰ-ਸਪਾਟੇ ਨੂੰ ਉਭਾਰਨ ਲਈ ਜਲ ਬੱਸ ਸੇਵਾ ਸ਼ੁਰੂ ਕਰਨਗੇ, ਜਿਨ੍ਹਾਂ ਵਿੱਚ ਬਠਿੰਡਾ ਤੇ ਰੋਪੜ ਸ਼ਾਮਲ ਹਨ।
ਜਲ ਬੱਸ ਯੋਜਨਾ ਤਹਿਤ ਹਰੀਕੇ ਪੁਲ ਨੇੜੇ ਇਸ ਬੱਸ ਦੇ ਠਹਿਰਾਅ ਵਾਸਤੇ ਵਿਸ਼ੇਸ਼ ਥਾਂ ਤਿਆਰ ਕੀਤੀ ਗਈ ਹੈ, ਜਿੱਥੇ ਖਾਣ-ਪੀਣ ਤੇ ਹੋਰ ਸਹੂਲਤਾਂ ਦਾ ਵੀ ਪ੍ਰਬੰਧ ਹੈ। ਇਹ ਬੱਸ ਇੱਥੋਂ ਯਾਤਰੀਆਂ ਨੂੰ ਲੈ ਕੇ ਝੀਲ ਲਈ ਰਵਾਨਾ ਹੋਵੇਗੀ। ਲਗਭਗ ਤਿੰਨ ਕਿਲੋਮੀਟਰ ਕੱਚੇ-ਪੱਕੇ ਰਸਤੇ ‘ਤੇ ਚੱਲਣ ਮਗਰੋਂ ਬੱਸ ਝੀਲ ਵਿੱਚ ਉਤਰੇਗੀ ਅਤੇ 45 ਮਿੰਟ ਝੀਲ ਵਿੱਚ ਚੱਕਰ ਲਾਏਗੀ। ਇਨ੍ਹਾਂ ਦਿਨਾਂ ਵਿੱਚ ਜਦੋਂ ਇੱਥੇ ਪਰਵਾਸੀ ਪੰਛੀ ਆਏ ਹੋਏ ਹਨ ਤਾਂ ਇਹ ਯਾਤਰਾ ਹੋਰ ਵੀ ਮਨਮੋਹਕ ਬਣ ਸਕਦੀ ਹੈ।
ਸੈਰ ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਹਰੀਕੇ ਤੋਂ ਇਸ ਬੱਸ ਵਿੱਚ ਸਵਾਰ ਹੋ ਕੇ ਝੀਲ ਦਾ ਆਨੰਦ ਮਾਣਨ ਦੀ   ਫੀਸ 800 ਰੁਪਏ ਪ੍ਰਤੀ ਸਵਾਰੀ ਰੱਖੀ ਗਈ ਹੈ, ਜਦੋਂ ਕਿ ਅੰਮ੍ਰਿਤਸਰ ਤੋਂ ਆਉਣ ਵਾਲੇ ਯਾਤਰੀਆਂ ਵਾਸਤੇ ਆਉਣ-ਜਾਣ ਸਮੇਤ 2000 ਰੁਪਏ ਪ੍ਰਤੀ ਸਵਾਰੀ ਫੀਸ ਰੱਖੀ ਗਈ ਹੈ। ਇਸ ਫੀਸ ਵਿੱਚ ਯਾਤਰੂਆਂ ਨੂੰ ਹਲਕਾ ਨਾਸ਼ਤਾ ਵੀ ਮੁਹੱਈਆ ਹੋਵੇਗਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਸ਼ੁਰੂ ਕੀਤੀਆਂ ਡਬਲ ਡੈਕਰ ਬੱਸਾਂ ਨੂੰ ਵੀ ਇਸ ਯੋਜਨਾ ਨਾਲ ਜੋੜਿਆ ਗਿਆ ਹੈ।
ਇਸ ਬੱਸ ਵਿੱਚ 28 ਸੀਟਾਂ ਹਨ ਅਤੇ ਹਰੇਕ ਸੀਟ ਨਾਲ ਸੁਰੱਖਿਆ ਜੈਕਟ ਲੱਗੀ ਹੋਈ ਹੈ। ਇਸ ਯੋਜਨਾ ਨੂੰ ਸਰਕਾਰ ਵੱਲੋਂ ਪੀਪੀਪੀ ਆਧਾਰ ‘ਤੇ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਹਰੀ ਸਿੰਘ ਜ਼ੀਰਾ, ਬੀਬੀ ਪ੍ਰਨੀਤ ਕੌਰ ਵੀ ਹਾਜ਼ਰ ਸਨ।

ਰਜਿਸਟਰਡ ਨਹੀਂ ਜਲ ਬੱਸ :
ਇਹ ਜਲ ਬੱਸ ਸੜਕ ‘ਤੇ ਵੀ ਚੱਲਣ ਦੇ ਸਮਰੱਥ ਹੈ। ਇਸ ਲਈ ਟਰਾਂਸਪੋਰਟ ਵਿਭਾਗ ਵਿੱਚ ਇਸ ਦੀ ਰਜਿਸਟਰੇਸ਼ਨ ਹੋਣੀ ਜ਼ਰੂਰੀ ਹੈ ਅਤੇ ਆਮ ਬੱਸਾਂ ਵਾਂਗ ਨੰਬਰ ਵੀ ਜ਼ਰੂਰੀ ਹੈ ਪਰ ਫਿਲਹਾਲ ਜਲ ਬੱਸ ਦੀ ਰਜਿਸਟਰੇਸ਼ਨ ਤੇ ਨੰਬਰ ਦਾ ਕੰਮ ਬਾਕੀ ਹੈ। ਅਧਿਕਾਰੀਆਂ ਨੇ ਆਖਿਆ ਕਿ ਇਸ ਸਬੰਧੀ ਪ੍ਰਕਿਰਿਆ ਜਾਰੀ ਹੈ।