ਜਲੰਧਰ ਛਾਉਣੀ ਤੋਂ ‘ਆਪ’ ਟਿਕਟ ਦੇ ਦਾਅਵੇਦਾਰਾਂ ਨੇ ਉਮੀਦਵਾਰ ਵਾਲੀਆ ਖ਼ਿਲਾਫ਼ ਮੋਰਚਾ

ਜਲੰਧਰ ਛਾਉਣੀ ਤੋਂ ‘ਆਪ’ ਟਿਕਟ ਦੇ ਦਾਅਵੇਦਾਰਾਂ ਨੇ ਉਮੀਦਵਾਰ ਵਾਲੀਆ ਖ਼ਿਲਾਫ਼ ਮੋਰਚਾ

ਜਲੰਧਰ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੀਆਂ ਟਿਕਟਾਂ ਦੇ ਦਾਅਵੇਦਾਰਾਂ ਨੇ ਪਾਰਟੀ ਲੀਡਰਸ਼ਿਪ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਟਿਕਟਾਂ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਵਿੱਤੀ ਚੂਨਾ ਲਾਇਆ ਗਿਆ ਹੈ। ਜਲੰਧਰ ਛਾਉਣੀ ਤੋਂ ਟਿਕਟ ਦੇ ਦਾਅਵੇਦਾਰਾਂ ਨੇ ਇਕਜੁੱਟ ਹੁੰਦਿਆਂ ਐਲਾਨ ਕੀਤਾ ਕਿ ਉਹ ਇੱਥੋਂ ਐਲਾਨੇ ‘ਆਪ’ ਉਮੀਦਵਾਰ ਐਚ. ਐਸ. ਵਾਲੀਆ ਦਾ ਡਟ ਕੇ ਵਿਰੋਧ ਕਰਨਗੇ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾਕੀ ਦੀ ਸਾਬਕਾ ਕਪਤਾਨ ਤੇ ਗੋਲਡਨ ਗਰਲ ਵਜੋਂ ਜਾਣੀ ਜਾਂਦੀ ਰਾਜਬੀਰ ਕੌਰ, ਕੌਮਾਂਤਰੀ ਹਾਕੀ ਖਿਡਾਰੀ ਜਗਦੀਪ ਗਿੱਲ, ਐਨਆਰਆਈ ਸਭਾ ਦੇ ਸਾਬਕਾ ਪ੍ਰਧਾਨ ਜਸਬੀਰ ਸਿੰਘ ਗਿੱਲ ਤੇ ਨਰਿੰਦਰ ਸਿੰਘ ਚਾਵਲਾ ਨੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਲੀਡਰਸ਼ਿਪ ਦੇ ਸੀਨੀਅਰ ਆਗੂਆਂ ਨੇ ਜਲੰਧਰ ਛਾਉਣੀ ਵਿਧਾਨ ਸਭਾ ਤੋਂ ਟਿਕਟ ਦੇਣ ਦਾ ਭਰੋਸਾ ਦਿੱਤਾ ਸੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਟਿਕਟ ਦਾ ਝਾਂਸਾ ਦੇ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਖ਼ਰਚਾ ਦਿੱਤੇ ਗਏ। ਹਾਕੀ ਦੇ ਕੌਮਾਂਤਰੀ ਖਿਡਾਰੀ ਜਗਦੀਪ ਗਿੱਲ ਨੇ ਦੱਸਿਆ ਕਿ ‘ਆਪ’ ਆਗੂਆਂ ਨੇ ਉਨ੍ਹਾਂ ਕੋਲੋਂ ਲਗਭਗ 10 ਲੱਖ ਰੁਪਏ ਖ਼ਰਚਾ ਲਏ ਸਨ। ਗੋਲਡਨ ਗਰਲ ਰਾਜਬੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਰੈਲੀ ਵਾਸਤੇ 5 ਬੱਸਾਂ ਭੇਜਣ ਲਈ ਕਿਹਾ ਗਿਆ ਸੀ ਤੇ ਬਾਅਦ ਵਿੱਚ ਕਿਹਾ ਗਿਆ ਕਿ ਉਹ ਪੰਜਾਂ ਬੱਸਾਂ ਦੇ 10 ਹਜ਼ਾਰ ਦੇ ਹਿਸਾਬ ਨਾਲ 50 ਹਜ਼ਾਰ ਰੁਪਏ ਭੇਜ ਦੇਣ। ਰਾਜਬੀਰ ਨੇ ਦੋਸ਼ ਵੀ ਲਾਇਆ ਕਿ ਹੋਰਡਿੰਗ ਬੋਰਡ ਅਤੇ ਹੋਰ ਖ਼ਰਚਿਆਂ ਦੀ ਆੜ ਹੇਠ ‘ਆਪ’ ਆਗੂ ਉਨ੍ਹਾਂ ਦੇ ਪੈਸੇ ਲਵਾਉਂਦੇ ਰਹੇ। ਟਿਕਟ ਦੇ ਇੱਕ ਹੋਰ ਚਾਹਵਾਨ ਨਰਿੰਦਰ ਸਿੰਘ ਚਾਵਲਾ ਨੇ ਦੱਸਿਆ ਕਿ ‘ਆਪ’ ਦੀ ਲੀਡਰਸ਼ਿਪ ਨੇ ਉਨ੍ਹਾਂ ਕੋਲੋਂ ਵੀ ਪੰਜ ਲੱਖ ਰੁਪਏ ਖ਼ਰਚ ਕਰਵਾ ਦਿੱਤੇ ਸਨ। ਐਨਆਰਆਈ ਸਭਾ ਪੰਜਾਬ ਦੇ ਸਾਬਕਾ ਪ੍ਰਧਾਨ ਜਸਬੀਰ ਸਿੰਘ ਗਿੱਲ ਨੇ ਦੱਸਿਆ ਕਿ ‘ਆਪ’ ਦੇ ਇੱਕ ‘ਹਿੰਮਤੀ’ ਆਗੂ ਨੇ ਉਨ੍ਹਾਂ ਦੀ ਜਲੰਧਰ ਛਾਉਣੀ ਤੋਂ ਟਿਕਟ ‘ਪੱਕੀ’ ਕਰ ਦਿੱਤੀ ਸੀ। ਇਸੇ ਉਮੀਦ ਨਾਲ ਉਨ੍ਹਾਂ ਨੇ ਪਰਵਾਸੀ ਪੰਜਾਬੀਆਂ ਕੋਲੋਂ ਫੰਡ ਇਕੱਠਾ ਕਰਕੇ ਪਾਰਟੀ ਨੂੰ ਦਿੱਤਾ ਸੀ। ਇਨ੍ਹਾਂ ਆਗੂਆਂ ਨੇ ਸਿੱਧੇ ਤੌਰ ‘ਤੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਦਾ ਨਾਂ ਲੈਣ ਤੋਂ ਗੁਰੇਜ਼ ਕੀਤਾ। ਇਸ ਮੌਕੇ ਸੀਨੀਅਰ ਪੱਤਰਕਾਰ ਮੇਜਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਅਰਵਿੰਦ ਕੇਜਰੀਵਾਲ, ਦੁਰਗੇਸ਼ ਪਾਠਕ ਤੇ ਸੰਜੇ ਸਿੰਘ ਨੇ ਜਲੰਧਰ ਛਾਉਣੀ ਤੋਂ ਟਿਕਟ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪਾਰਟੀ ਲੀਡਰਸ਼ਿਪ ਨਾਲ ਜੇਕਰ ਕੋਈ ਗੱਲ ਕਰਨੀ ਪਈ ਤਾਂ ਟਿਕਟ ਦੇ ਸਾਰੇ ਦਾਅਵੇਦਾਰ ਇਕੱਠੇ ਹੋ ਕੇ ਉਨ੍ਹਾਂ ਨੂੰ ਮਿਲਣਗੇ।