ਸਰਤਾਜ ਅਜ਼ੀਜ਼ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਣਾ ਭਾਰਤੀ ਲੀਡਰਸ਼ਿਪ ਦੀ ਬਦਨੀਤੀ: ਦਲ ਖਾਲਸਾ

ਸਰਤਾਜ ਅਜ਼ੀਜ਼ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਣਾ ਭਾਰਤੀ ਲੀਡਰਸ਼ਿਪ ਦੀ ਬਦਨੀਤੀ: ਦਲ ਖਾਲਸਾ

ਅੰਮ੍ਰਿਤਸਰ/ਸਿੱਖ ਸਿਆਸਤ ਬਿਊਰੋ:
ਦਲ ਖਾਲਸਾ ਨੇ ਕਿਹਾ ਹੈ ਕਿ ਅੰਮ੍ਰਿਤਸਰ ਵਿੱਚ ਸਮਾਪਤ ਹੋਏ ਏਸ਼ੀਆ ਸਿਖਰ ਸੰਮੇਲਨ ਦੌਰਾਨ ਮੋਦੀ ਸਰਕਾਰ ਵਲੋਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸਰਤਾਜ ਅਜ਼ੀਜ਼ ਨੂੰ ਦਰਬਾਰ ਸਾਹਿਬ ਜਾਣ ਤੋਂ ਰੋਕਣਾ, ਭਾਰਤੀ ਲੀਡਰਸ਼ਿਪ ਦੀ ਬਦਨੀਤੀ ਦਰਸਾਉਂਦੀ ਹੈ, ਜਦਕਿ ‘ਸੁਰਖਿਆ ਕਾਰਨ’ ਤਾਂ ਕੇਵਲ ਇੱਕ ਬਹਾਨਾ ਹੈ। ਪਾਰਟੀ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਇੱਥੇ ਜਾਰੀ ਇੱਕ ਲਿਖਤੀ ਪ੍ਰੈਸ ਬਿਆਨ ‘ਚ ਕਿਹਾ ਕਿ ਦਰਬਾਰ ਸਾਹਿਬ ਸਿੱਖੀ ਦਾ ਘਰ ਹੈ, ਆਸਥਾ ਦਾ ਕੇਂਦਰੀ ਸਥਾਨ ਹੈ ਅਤੇ ਇਸ ਪਾਵਨ ਜਗ੍ਹਾ ਦੇ ਦਰਸ਼ਨ ਦੀਦਾਰੇ ਤੋਂ ਗੁਆਂਢ ਤੋਂ ਆਏ ਮੇਹਮਾਨ ਨੂੰ ਰੋਕਣਾ ਜਾਂ ਇਜਾਜ਼ਤ ਨਾ ਦੇਣੀ ਕੇਵਲ ਉਸ ਨਾਲ ਹੀ ਘੋਰ ਬੇਇਨਸਾਫੀ ਨਹੀਂ ਸਗੋਂ ਸਿੱਖ ਫਲਸਫੇ ਅਤੇ ਰਵਾਇਤ ਦਾ ਵੀ ਅਪਮਾਨ ਹੈ। ਉਹਨਾਂ ਕਿਹਾ ਕਿ ਦਿੱਲੀ ਸਰਕਾਰ ਦੇ ਇਰਾਦਿਆਂ ਵਿੱਚ ਖੋਟ ਹੈ ਅਤੇ ਉਹ ਸਿੱਖਾਂ ਅਤੇ ਪਕਿਸਤਾਨ ਦੇ ਲੋਕਾਂ ਵਿੱਚ ਦਰਾੜ ਪਾ ਕੇ ਰੱਖਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਦਿੱਲੀ ਦੀ ਚਾਹਤ ਅਤੇ ਕੋਸ਼ਿਸ਼ਾਂ ਦੇ ਉਲਟ ਜਾ ਕੇ ਸਿੱਖਾਂ ਨੇ ਪਿਛਲ਼ੇ ਕੁਝ ਸਮੇ ਤੋਂ ਪਾਕਿਸਤਾਨ ਦੇ ਲੋਕਾਂ ਨਾਲ ਆਪਸੀ ਸਭਿਆਚਾਰਕ ਸਾਂਝ ਅਤੇ ਰਿਸ਼ਤੇ ਮਜਬੂਤ ਬਣਾਏ ਹਨ, ਜੋ ਹਿੰਦੁਸਤਾਨ ਦੇ ਹੁਕਮਰਾਨਾਂ ਨੂੰ ਲੰਮੇ ਸਮੇ ਤੋਂ ਚੁੱਭ ਰਹੇ ਹਨ।
ਭਾਰਤੀ ਲੀਡਰਸ਼ਿਪ ਉਤੇ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਦਾ ਦੋਸ਼ ਲਾਉਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿਫਤੀ ਦੀ ਨਗਰੀ ਅੰਮ੍ਰਿਤਸਰ ਸ਼ਹਿਰ ਤੋਂ ਅਫਗਾਨਿਸਤਾਨ ਦਾ ਮੋਢਾ ਵਰਤ ਕੇ ਭਾਰਤੀ ਲੀਡਰਸ਼ਿਪ ਨੇ ਪਾਕਿਸਤਾਨ ਪ੍ਰਤੀ ਆਪਣੀ ਨਫਰਤ ਤੇ ਭੜਾਸ ਕੱਢੀ ਹੈ ਪਰ ਦੁੱਖ ਦੀ ਗੱਲ ਕਿ ਸਿੱਖਾਂ ਨੂੰ ਇਸ ਵਿੱਚ ਜਾਣਬੁੱਝ ਕੇ ਲਪੇਟਿਆ ਗਿਆ ਹੈ।
ਉਹਨਾਂ ਕਿਹਾ ਕਿ ਬਾਦਲ ਪਰਿਵਾਰ ਅਤੇ ਉਹਨਾਂ ਦਾ ਅਕਾਲੀ ਦਲ ਹਿੰਦੂਤਵ ਤਾਕਤਾਂ ਦੇ ਹੱਥਾਂ ਦਾ ਦਸਤਾ ਬਣ ਕੇ ਆਪਣੀ ਹੀ ਕੌਮ ਦੇ ਹਿੱਤਾਂ ਨੂੰ ਵੱਢ ਰਿਹਾ ਹੈ। ਉਹਨਾਂ ਸਿਰਦਾਰ ਕਪੂਰ ਸਿੰਘ ਵਲੋਂ ਲਿਖੇ ਆਨੰਦਪੁਰ ਸਾਹਿਬ ਦੇ ਮਤੇ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅਪਣਾਇਆ ਸੀ, ਦਾ ਹਵਾਲਾ ਦਿੰਂਦਿਆਂ ਕਿਹਾ ਕਿ ਉਸ ਵਿੱਚ ਇਹ ਮੱਦ ਸ਼ਾਮਿਲ ਸੀ ਕਿ ‘‘ਇਹ ਜ਼ਰੂਰੀ ਨਹੀਂ ਕਿ ਜਿਸ ਮੁਲਕ ਨਾਲ ਹਿੰਦੁਸਤਾਨ ਦੀ ਦੋਸਤੀ (ਰੂਸ ਵੱਲ ਇਸ਼ਾਰਾ ਕੀਤਾ ਗਿਆ ਸੀ) ਹੋਵੇ ਉਸ ਨਾਲ ਸਿੱਖ ਵੀ ਦੋਸਤੀ ਕਰਨ ਅਤੇ ਜਿਸ ਮੁਲਕ ਨਾਲ ਹਿੰਦੁਸਤਾਨ ਦੀ ਦੁਸ਼ਮਣੀ (ਪਕਿਸਤਾਨ ਵੱਲ ਇਸ਼ਾਰਾ ਸੀ) ਹੋਵੇ ਉਸ ਨਾਲ ਸਿੱਖ ਵੀ ਦੁਸ਼ਮਣੀ ਰੱਖਣ”।