ਅਕਾਲੀ ਵਿਧਾਇਕਾ ਰਾਜਵਿੰਦਰ ਕੌਰ ਨੇ ਵੀ ਦਿੱਤਾ ਅਸਤੀਫ਼ਾ

ਅਕਾਲੀ ਵਿਧਾਇਕਾ ਰਾਜਵਿੰਦਰ ਕੌਰ ਨੇ ਵੀ ਦਿੱਤਾ ਅਸਤੀਫ਼ਾ

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਦੇ ਇੱਕ ਹੋਰ ਅਕਾਲੀ ਮੈਂਬਰ ਸ੍ਰੀਮਤੀ ਰਾਜਵਿੰਦਰ ਕੌਰ, ਜੋ ਰਾਖਵਾਂ ਹਲਕਾ ਨਿਹਾਲ ਸਿੰਘ ਵਾਲਾ ਦੀ ਪ੍ਰਤੀਨਿਧਤਾ ਕਰਦੇ ਹਨ, ਨੇ ਅਗਲੀਆਂ ਚੋਣਾਂ ਵਿਚ ਟਿਕਟ ਨਾ ਮਿਲਣ ਦੇ ਕਾਰਨ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਾਇਮਰੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਪਿੱਛੋਂ ਵਿਧਾਇਕਾ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਹੈ। ਇਸ ਤਰ੍ਹਾਂ ਹੁਣ ਤੱਕ 117 ਮੈਂਬਰਾਂ ਵਾਲੀ ਇਸ ਵਿਧਾਨ ਸਭਾ ਦੇ 51 ਮੈਂਬਰ ਅਸਤੀਫਾ ਦੇ ਚੁੱਕੇ ਹਨ। ਇਨ੍ਹਾਂ ਵਿਚ 42 ਕਾਂਗਰਸ, 3 ਆਜ਼ਾਦ, ਇੱਕ ਭਾਜਪਾ ਤੇ 5 ਅਕਾਲੀ ਹਨ। ਸ੍ਰੀਮਤੀ ਰਾਜਵਿੰਦਰ ਕੌਰ ਨੇ ਇੱਥੇ ਸਪੀਕਰ ਦੇ ਸਕੱਤਰੇਤ ਵਿਚ ਪੁੱਜ ਕੇ ਆਪ ਆਪਣਾ ਅਸਤੀਫਾ ਪੇਸ਼ ਕੀਤਾ। ਲੱਗਦਾ ਹੈ ਕਿ ਉਹ ਕਿਸੇ ਦੂਜੀ ਪਾਰਟੀ ਦੀ ਟਿਕਟ ‘ਤੇ ਦੋਬਾਰਾ ਚੋਣ ਮੈਦਾਨ ਵਿਚ ਉਤਰਨਾ ਚਾਹੁੰਦੇ ਹਨ। ਇਸ ਦੌਰਾਨ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਦੱਸਿਆ ਕਿ ਉਹ ਉਕਤ ਸਾਰੇ ਵਿਧਾਇਕਾਂ ਨੂੰ ਬੁਲਾ-ਬੁਲਾ ਕੇ ਪੁੱਛ ਪੜਤਾਲ ਸ਼ੁਰੂ ਕਰ ਰਹੇ ਹਨ ਕਿ ਉਨ੍ਹਾਂ ਨੇ ਕਿਸੇ ਦੇ ਦਬਾਓ ਹੇਠ ਆ ਕੇ ਤਾਂ ਅਸਤੀਫੇ ਨਹੀਂ ਦਿੱਤੇ? ਡਾ. ਅਟਵਾਲ ਦਾ ਕਹਿਣਾ ਹੈ ਕਿ ਮੇਰੇ ਲਈ ਇਨ੍ਹਾਂ ਅਸਤੀਫਿਆਂ ਬਾਰੇ ਕਾਨੂੰਨੀ ਤੌਰ ‘ਤੇ ਪੁੱਛ ਪੜਤਾਲ ਕਰਨਾ ਜ਼ਰੂਰੀ ਹੈ। ਉਧਰ ਪਤਾ ਲੱਗਾ ਹੈ ਕਿ ਅਸਤੀਫਾ ਦੇ ਚੁੱਕੇ ਵਿਧਾਇਕਾਂ ਨੇ ਅਜੇ ਤੱਕ ਵੀ ਸਕਿਊਰਿਟੀ ਦੇ ਪੱਖ ਤੋਂ ਜੀਪਾਂ ਸਰਕਾਰ ਨੂੰ ਵਾਪਸ ਨਹੀਂ ਕੀਤੀਆਂ ਤੇ ਉਹ ਦੂਜੀਆਂ ਸਹੂਲਤਾਂ ਵੀ ਪਹਿਲਾਂ ਦੀ ਤਰ੍ਹਾਂ ਹੀ ਪ੍ਰਾਪਤ ਕਰ ਰਹੇ ਹਨ, ਇਨ੍ਹਾਂ ਵਿਚ ਵਧੇਰੇ ਗਿਣਤੀ ਕਾਂਗਰਸੀਆਂ ਦੀ ਹੈ। ਵਿਧਾਨ ਸਭਾ ਸਕੱਤਰੇਤ ਤੋਂ ਪੁੱਛਣ ‘ਤੇ ਦੱਸਿਆ ਗਿਆ ਕਿ ਹੁਣ ਤੱਕ ਜਿਨ੍ਹਾਂ ਵਿਧਾਇਕਾਂ ਨੇ ਅਸਤੀਫੇ ਦਿੱਤੇ ਹਨ, ਉਨ੍ਹਾਂ ਸਟਾਫ਼, ਕਾਰ ਜਾਂ ਜੀਪ ਦਾ ਤੇਲ ਦਾ ਖਰਚਾ, ਤਨਖਾਹ ਤੇ ਹੋਰ ਕਈ ਕੁਝ ਵਾਪਸ ਕਰਨ ਬਾਰੇ ਸੂਚਨਾ ਨਹੀਂ ਦਿੱਤੀ। ਉਹ ਅਜੇ ਵੀ ਇਹ ਸਰਕਾਰੀ ਸਹੂਲਤਾਂ ਪ੍ਰਾਪਤ ਕਰ ਰਹੇ ਹਨ। ਪਰ ਪਤਾ ਲੱਗਾ ਹੈ ਕਿ ਸ. ਚਰਨਜੀਤ ਸਿੰਘ ਚੰਨੀ ਨੇ ਵਿਰੋਧੀ ਧਿਰ ਦੇ ਨੇਤਾ ਦੀ ਹੈਸੀਅਤ ਵਿਚ ਸਰਕਾਰ ਵੱਲੋਂ ਪ੍ਰਾਪਤ ਕੋਠੀ, ਕਾਰ ਤੇ ਸਟਾਫ਼ ਵਾਪਸ ਕਰ ਦਿੱਤਾ ਹੈ। ਕਾਨੂੰਨ ਅਨੁਸਾਰ ਜਦੋਂ ਤੱਕ ਅਸਤੀਫਾ ਪ੍ਰਵਾਨ ਨਹੀਂ ਹੁੰਦਾ ਵਿਧਾਇਕ ਉਕਤ ਸਹੂਲਤਾਂ ਮਾਣ ਸਕਦੇ ਹਨ।