ਸੁਖਬੀਰ ਬਾਦਲ ਨੇ ਮੋਗਾ ਰੈਲੀ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਸੁਖਬੀਰ ਬਾਦਲ ਨੇ ਮੋਗਾ ਰੈਲੀ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੋਗਾ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਵਲੋਂ ‘ਪਾਣੀ ਬਚਾਓ ਪੰਜਾਬ ਬਚਾਓ’ ਦੇ ਬੈਨਰ ਹੇਠ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ 8 ਦਸੰਬਰ ਨੂੰ ਮੋਗਾ ਵਿਖੇ ਕਰਵਾਈ ਜਾ ਰਹੀ ਇਤਿਹਾਸਕ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਉਚੇਚੇ ਤੌਰ ‘ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ 10 ਜ਼ਿਲ੍ਹਿਆਂ ਤੋਂ ਆਏ ਅਕਾਲੀ ਆਗੂਆਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਵੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਆਪਣੀ ਪਾਰਟੀ ਦੀ ਐਲਾਨੇ ਉਮੀਦਵਾਰਾਂ ਨੂੰ ਕਿਹਾ ਕਿ ਤੁਹਾਨੂੰ ਟਿਕਟਾਂ ਤਾਂ ਦੇ ਦਿੱਤੀਆਂ ਹਨ ਪਰ ਚੋਣ ਨਿਸ਼ਾਨ ਨੂੰ ਪੱਕਾ ਨਾ ਸਮਝੋ ਕਿਉਂਕਿ ਜੇਕਰ ਤੁਹਾਡੀ ਕਾਰਗੁਜ਼ਾਰੀ ਆਪਣੇ ਇਲਾਕੇ ਵਿਚ ਵਧੀਆ ਨਾ ਹੋਈ ਤਾਂ ਤੁਹਾਡੀ ਟਿਕਟ ਬਾਰੇ ਵਿਚ ਮੁੜ ਸੋਚਿਆ ਜਾ ਸਕਦਾ ਹੈ।
ਪਾਰਟੀ ਤੋਂ ਅਸਤੀਫਾ ਦੇਣ ਵਾਲੇ ਬਾਘਾਪੁਰਾਣਾ ਤੋਂ ਵਿਧਾਇਕ ਮਹੇਸ਼ਇੰਦਰ ਸਿੰਘ ਅਤੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਬੀਬੀ ਰਾਜਵਿੰਦਰ ਸਿੰਘ ਭਾਗੀਕੇ ਦੇ ਸੰਬੰਧ ਵਿਚ ਪੁੱਛੇ ਸਵਾਲ ਦੇ ਜਵਾਬ ਵਿਚ ਸੁਖਬੀਰ ਨੇ ਚੁਟਕੀ ਲੈਂਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਇੰਨਾ ਹੀ ਗਰੂਰ ਹੈ ਤਾਂ ਉਹ ਆਪਣੇ ਹਲਕਿਆਂ ਵਿਚ ਆਜ਼ਾਦ ਚੋਣ ਲੜ ਕੇ ਦੇਖ ਲੈਣ। ਮੋਗਾ ਦੇ ਡਿਪਟੀ ਕਮਿਸ਼ਨਰ ਵਲੋਂ ਅਸਤੀਫਾ ਦਿੱਤੇ ਜਾਣ ਅਤੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰਨ ਸੰਬੰਧੀ ਸੁਖਬੀਰ ਨੇ ਕਿਹਾ ਕਿ ਉਹ ਵੀ ਚੋਣ ਲੜ ਕੇ ਆਪਣਾ ਚਾਅ ਲਾਹ ਲਵੇ।
ਨਾਭਾ ਜੇਲ ਕਾਂਡ ਸੰਬੰਧੀ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਮਨ ਅਤੇ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਬਰਕਰਾਰ ਹੈ ਅਤੇ ਦੇਸ਼ ਵਿਰੋਧੀ ਮਨਸੂਬਿਆਂ ਨੂੰ ਕਿਸੇ ਕੀਮਤ ‘ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ, ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ, ਕੈਬਨਿਟ ਮੰਤਰੀ ਜਨਮੇਜ ਸਿੰਘ ਸੇਖੋਂ ਹਾਜ਼ਰ ਸਨ।
ਗਰਮ ਖਿਆਲੀ ਆਗੂਆਂ ਨੇ ਦਿੱਤੀ ਚਿਤਾਵਨੀ :
ਫਿਰੋਜ਼ਪੁਰ : ਇਸ ਵਾਰ ਸਰਬੱਤ ਖਾਲਸਾ ਹੋ ਕੇ ਰਹੇਗਾ, ਇਸ ਨੂੰ ਕੋਈ ਨਹੀਂ ਰੋਕ ਸਕਦਾ। ਇਹ ਕਹਿਣਾ ਹੈ ਅੰਮ੍ਰਿਤਸਰ ਦੇ ਪਿੰਡ ਚੱਬਾ ਵਿਚ ਹੋਏ ਸਰਬੱਤ ਖਾਲਸਾ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਥਾਪੇ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਾ। ਫਿਰੋਜ਼ਪੁਰ ਵਿਚ ਹਮਖਿਆਲੀਆਂ ਨਾਲ ਮੀਟਿੰਗ ਕਰਦਿਆਂ ਭਾਈ ਮੰਡ ਨੇ ਕਿਹਾ ਕਿ ਪਿਛਲੀ ਵਾਰ ਤਾਂ ਸਰਕਾਰ ਨੇ ਬਲਪੂਰਵਕ ਉਨ੍ਹਾਂ ਨੂੰ ਰੋਕ ਲਿਆ ਸੀ ਪਰ ਜੇ ਸਰਕਾਰ ਨੇ ਹੁਣ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇਗਾ।
ਉਧਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਸਰਬੱਤ ਖਾਲਸਾ ਦੇ ਕੰਮ ਵਿਚ ਟੰਗ ਅੜਾਈ ਤਾਂ ਉਹ ਬਾਦਲ ਦਾ ਜਨਮ ਦਿਨ ਨਹੀਂ ਮਨਾਉਣ ਦੇਣਗੇ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਸਰਬੱਤ ਖਾਲਸਾ ਲਈ ਪਹਿਲਾਂ 10 ਨਵੰਬਰ ਦੀ ਤਾਰੀਕ ਮੁਕੱਰਰ ਕੀਤੀ ਗਈ ਸੀ, ਜੋ ਸਰਕਾਰ ਨੇ ਅਮਨ ਸ਼ਾਂਤੀ ਦਾ ਹਵਾਲਾ ਦੇ ਕੇ ਰੱਦ ਕਰਵਾ ਦਿੱਤੀ। ਹੁਣ 8 ਦਸੰਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤਲਵੰਡੀ ਸਾਬੋ ਵਿਖੇ ਸਰਬੱਤ ਖਾਲਸਾ ਹੋਣ ਜਾ ਰਿਹਾ ਹੈ।
ਸੰਤ ਦਾਦੂਵਾਲ ਨੇ ਕਿਹਾ- ਵਿਘਨ ਪਾਇਆ ਤਾਂ ਨਹੀਂ ਹੋਣ ਦਿਆਂਗੇ ਮੋਗਾ ਰੈਲੀ:
ਬਠਿੰਡਾ : ਸਰਬੱਤ ਖਾਲਸਾ ਪ੍ਰਬੰਧਕ ਧਿਰਾਂ ਦੀ ਅਹਿਮ ਇਕੱਤਰਤਾ ਗੁਰਦੁਆਰਾ ਹਾਜੀਰਤਨ ਸਾਹਿਬ ਵਿਖੇ ਸਰਬੱਤ ਖਾਲਸਾ ਚੱਬਾ ਵਿਚ ਥਾਪੇ ਗਏ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਹੋਈ। ਇਕੱਤਰਤਾ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਅਕਾਲੀ ਦਲ, ਪੰਥਕ ਸੇਵਾ ਲਹਿਰ ਤੇ ਹੋਰ ਪੰਥਕ ਧਿਰਾਂ ਦੇ ਜ਼ਿਲ੍ਹਾ ਮਾਨਸਾ, ਬਰਨਾਲਾ ਦੇ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਜਥੇਦਾਰ ਦਾਦੂਵਾਲ ਨੇ 8 ਦਸੰਬਰ ਨੂੰ ਤਲਵੰਡੀ ਸਾਬੋ ਵਿਖੇ ਹੋ ਰਹੇ ਸਰਬੱਤ ਖਾਲਸੇ ਸਬੰਧੀ ਡਿਊਟੀਆਂ ਲਗਾਉਂਦਿਆਂ ਸਰਕਾਰ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਆਖਿਆ ਕਿ ਇਸ ਵਾਰ ਸਰਬੱਤ ਖਾਲਸਾ ਹਰ ਹਾਲ ਹੋ ਕੇ ਰਹੇਗਾ ਤੇ ਕਿਸੇ ਕੀਮਤ ‘ਤੇ ਵੀ ਰੱਦ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਰਬੱਤ ਖਾਲਸਾ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰੀ ਦੀ ਮੋਗਾ ਰੈਲੀ ਵੀ ਨਹੀਂ ਹੋਣ ਦਿੱਤੀ ਜਾਵੇਗੀ ਤੇ ਪੰਜਾਬ ਪੂਰੀ ਤਰ੍ਹਾਂ ਜਾਮ ਕੀਤਾ ਜਾਵੇਗਾ। ਉਨ੍ਹਾਂ ਸਮੂਹ ਪੰਥਕ ਧਿਰਾਂ, ਸੰਤ ਸਮਾਜ, ਪੰਚਾਇਤਾਂ, ਯੂਥ ਕਲੱਬਾਂ, ਸਾਰੇ ਧਰਮਾਂ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਧੱਕੇਸ਼ਾਹੀਆਂ ਵਿਰੁੱਧ ਲਾਮਬੱਧ ਹੋ ਕੇ ਸਰਬੱਤ ਖਾਲਸਾ ਵਿਚ ਪੁੱਜਣ ਦੀ ਅਪੀਲ ਕੀਤੀ। ਇਕੱਤਰਤਾ ਵਿਚ ਸਰਬੱਤ ਖਾਲਸਾ ਦੇ ਪ੍ਰਬੰਧਕ ਭਾਈ ਗੁਰਦੀਪ ਸਿੰਘ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਵਰਕਰਾਂ ਨੂੰ ‘ਕਰੋ ਜਾਂ ਮਰੋ’ ਦੀ ਨੀਤੀ ‘ਤੇ ਚੱਲਦਿਆਂ ਸਰਬੱਤ ਖਾਲਸਾ ਦੀਆਂ ਤਿਆਰੀਆਂ ਕਰਨ ਦੀ ਅਪੀਲ ਕੀਤੀ। ਇਸ ਮੌਕੇ ਬਲਵਿੰਦਰ ਸਿੰਘ ਮੰਡੇਰ, ਇਕਬਾਲ ਸਿੰਘ ਬੀਰਬਲ, ਰਜਿੰਦਰ ਸਿੰਘ ਜਵਾਹਰਕੇ, ਬਾਬਾ ਸੁਖਦੇਵ ਸਿੰਘ ਜੋਗਾਨੰਦ, ਬੀਬੀ ਸਿਮਰਜੀਤ ਕੌਰ ਰਾਮਪੁਰਾ, ਜੋਬਨਪ੍ਰੀਤ ਸਿੰਘ, ਗੁਰਮੀਤ ਸਿੰਘ ਬੱਜੋਆਣਾ, ਸਿਮਰਜੋਤ ਸਿੰਘ ਖਾਲਸਾ, ਗਮਦੂਰ ਸਿੰਘ ਵੀ ਹਾਜ਼ਰ ਸਨ।