ਤੇਜਿੰਦਰਪਾਲ ਸਿੰਘ ਸੰਧੂ ਵੀ ਅਕਾਲੀ ਦਲ ਤੋਂ ਹੋਇਆ ਬਾਗ਼ੀ

ਤੇਜਿੰਦਰਪਾਲ ਸਿੰਘ ਸੰਧੂ ਵੀ ਅਕਾਲੀ ਦਲ ਤੋਂ ਹੋਇਆ ਬਾਗ਼ੀ

ਪਤਨੀ ਅਨੂਪਇੰਦਰ ਕੌਰ ਨੂੰ ਘਨੌਰ ਹਲਕੇ ਤੋਂ ਆਜ਼ਾਦ ਉਮੀਦਵਾਰ ਐਲਾਨਿਆ
ਪਟਿਆਲਾ/ਬਿਊਰੋ ਨਿਊਜ਼ :
ਅਕਾਲੀ ਆਗੂ ਅਤੇ ਐਸਐਸ ਬੋਰਡ ਦੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਗ਼ਾਵਤ ਕਰਦਿਆਂ ਆਪਣੀ ਪਤਨੀ ਅਨੂਪਇੰਦਰ ਕੌਰ ਸੰਧੂ ਨੂੰ ਘਨੌਰ ਹਲਕੇ ਤੋਂ ਆਜ਼ਾਦ ਉਮੀਦਵਾਰ ਐਲਾਨ ਦਿੱਤਾ ਹੈ।
ਇਹ ਐਲਾਨ ਘਨੌਰ ਹਲਕੇ ਵਿੱਚ ਇੱਕਠ ਦੌਰਾਨ ਕੀਤਾ ਗਿਆ। ਸ੍ਰੀਮਤੀ ਸੰਧੂ ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਹਨ, ਜਦੋਂਕਿ ਸ੍ਰੀ ਸੰਧੂ ਪਾਰਟੀ ਦੀ ਵਰਕਿੰਗ ਕਮੇਟੀ ਵਿੱਚ ਹਨ।
ਸ੍ਰੀ ਸੰਧੂ ਨੇ ਪਿਛਲੀ ਵਾਰ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਤੋਂ ਅਕਾਲੀ ਦਲ ਵੱਲੋਂ ਕਾਂਗਰਸ ਦੇ ਦਿੱਗਜ ਆਗੂ ਲਾਲ ਸਿੰਘ ਖ਼ਿਲਾਫ਼ ਚੋਣ ਲੜੀ ਸੀ ਤੇ ਉਹ ਥੋੜ੍ਹੇ ਫ਼ਰਕ ਨਾਲ ਚੋਣ ਹਾਰ ਗਏ ਸਨ ਪਰ ਮੁੜ ਅਕਾਲੀ ਸਰਕਾਰ ਬਣਨ ‘ਤੇ ਪਾਰਟੀ ਨੇ ਉਨ੍ਹਾਂ ਨੂੰ ਸਨੌਰ ਹਲਕੇ ਦਾ ਇੰਚਾਰਜ ਥਾਪ ਦਿੱਤਾ ਸੀ। ਪਿਛਲੇ ਸਮੇਂ ਬਦਲੇ ਸਮੀਕਰਨ ਮਗਰੋਂ ਪਾਰਟੀ ਨੇ ਉਨ੍ਹਾਂ ਕੋਲੋਂ ਹਲਕਾ ਇੰਚਾਰਜੀ ਖੋਹ ਕੇ ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਹਵਾਲੇ ਕਰ ਦਿੱਤੀ ਸੀ। ਇਸ ਕਾਰਨ ਸੰਧੂ ਪਰਿਵਾਰ ਪਾਰਟੀ ਤੋਂ ਖ਼ਫ਼ਾ ਸੀ ਤੇ ਉਨ੍ਹਾਂ ਨੇ ਕੁਝ ਸਮੇਂ ਤੋਂ ਹਲਕਾ ਘਨੌਰ ਤੋਂ ਸਿਆਸੀ ਸਰਗਰਮੀ ਵਿੱਢੀ ਹੋਈ ਸੀ। ਉਨ੍ਹਾਂ ਨੂੰ ਆਸ ਸੀ ਕਿ ਪਾਰਟੀ ਸਨੌਰ ਦੀ ਬਜਾਏ ਘਨੌਰ ਤੋਂ ਟਿਕਟ ਦੇ ਸਕਦੀ ਹੈ, ਕਿਉਂਕਿ ਪਿਛਲੀ ਵਾਰ ਵੀ ਸੰਧੂ ਪਰਿਵਾਰ ਪਹਿਲਾਂ ਘਨੌਰ ਤੋਂ ਹੀ ਟਿਕਟ ਦਾ ਦਾਅਵੇਦਾਰ ਸੀ। ਪਾਰਟੀ ਹਾਈਕਮਾਂਡ ਨੇ ਲੰਘੇ ਦਿਨੀਂ ਘਨੌਰ ਹਲਕੇ ਤੋਂ ਮੌਜੂਦਾ ਵਿਧਾਇਕਾ ਹਰਪ੍ਰ੍ਰੀਤ ਕੌਰ ਮੁਖਮੈਲਪੁਰ ਨੂੰ ਹੀ ਟਿਕਟ ਦੇਣ ਦਾ ਐਲਾਨ ਕਰ ਦਿੱਤਾ, ਜਿਸ ਮਗਰੋਂ ਸੰਧੂ ਖੇਮੇ ਵਿੱਚ ਰੋਸ ਵਧ ਗਿਆ।
ਇਸੇ ਦੌਰਾਨ ਸੰਧੂ ਸਮਰਥਕਾਂ ਨੇ ਇੱਥੇ ਘਨੌਰ ਹਲਕੇ ਦੀ ਇਕੱਤਰਤਾ ਕੀਤੀ ਅਤੇ ਅਨੂਪਇੰਦਰ ਕੌਰ ਸੰਧੂ ਨੂੰ ਆਜ਼ਾਦ ਉਮੀਦਵਾਰ ਐਲਾਨ ਦਿੱਤਾ। ਇਸ ਇਕੱਤਰਤਾ ਦੌਰਾਨ ਸੰਧੂ ਜੋੜੀ ਨੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਨਾਂ ਲਏ ਬਿਨਾਂ ਮੰਚ ਤੋਂ ਉਨ੍ਹਾਂ ਖ਼ਿਲਾਫ਼ ਭੜਾਸ ਕੱਢੀ। ਵੱਖ ਵੱਖ ਆਗੂਆਂ ਨੇ ਗਿਲਾ ਕੀਤਾ ਕਿ ਜਿਹੜੇ ਲੋਕ ਪਿਛਲੀ ਵਾਰ ਸਨੌਰ ਹਲਕੇ ਵਿਚੋਂ ਕਾਂਗਰਸ ਨਾਲ ਕਥਿਤ ਮੁਲਾਹਜ਼ੇਦਾਰੀਆਂ ਦੀ ਵਜ੍ਹਾ ਨਾਲ ਚੋਣ ਲੜਨ ਤੋਂ ਇਨਕਾਰੇ ਗਏ ਸਨ, ਉਨ੍ਹਾਂ ਨੂੰ ਟਿਕਟ ਦਿੱਤੀ ਗਈ ਹੈ। ਸੰਧੂ ਜੋੜੀ ਨੇ ਪਾਰਟੀ ਹਾਈਕਮਾਂਡ ਖ਼ਿਲਾਫ਼ ਵੀ ਗੁੱਸਾ ਕੱਢਿਆ ਕਿ ਉਹ ਘਨੌਰ ਹਲਕੇ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ‘ਤੇ ਗਏ ਸਨ ਪਰ ਉਥੋਂ ਵੀ ਉਨ੍ਹਾਂ ਨੂੰ ਵਾਂਝੇ ਰੱਖ ਕੇ ਟਿਕਟ ਦਾ ਗਲਤ ਫ਼ੈਸਲਾ ਕੀਤਾ ਗਿਆ ਹੈ। ਇਸੇ ਰੋਸ ਵਜੋਂ ਇਹ ਚੋਣ ਲੜੀ ਜਾ ਰਹੀ ਹੈ।