ਮਾੜੀ ਕਾਰਗੁਜ਼ਾਰੀ ਵਾਲੇ ਉਮੀਦਵਾਰ ‘ਆਪ’ ਦੀ ਹਿੱਟ ਲਿਸਟ ‘ਤੇ : ਸੰਜੇ ਸਿੰਘ

ਮਾੜੀ ਕਾਰਗੁਜ਼ਾਰੀ ਵਾਲੇ ਉਮੀਦਵਾਰ ‘ਆਪ’ ਦੀ ਹਿੱਟ ਲਿਸਟ ‘ਤੇ : ਸੰਜੇ ਸਿੰਘ

ਵਿਨੋਦ ਕੁਮਾਰ ਤੋਂ ਬਾਅਦ ਡਾ. ਸਰਾਂ ਦਾ ਟਿਕਟ ਕੱਟ ਕੇ ਸਦਰਪੁਰਾ ਨੂੰ ਦਿੱਤਾ
ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਨੇ ਉਮੀਦਵਾਰਾਂ ਦੀ ਅਗਲੀ ਸੂਚੀ ਜਾਰੀ ਕਰਨ ਦੀ ਥਾਂ ਪਹਿਲਾਂ ਐਲਾਨੇ ਉਮੀਦਵਾਰਾਂ ਨੂੰ ਹੀ ਝਟਕਾਉਣ ਦੀ ਪੁੱਠੀ ਗਿਣਤੀ ਸ਼ੁਰੂ ਕਰ ਦਿੱਤੀ ਹੈ। ਭੋਆ ਦੇ ਉਮੀਦਵਾਰ ਵਿਨੋਦ ਕੁਮਾਰ ਵਾਂਗ ਕੁਝ ਹੋਰ ਉਮੀਦਵਾਰਾਂ ਦੀ ਟਿਕਟ ਉਪਰ ਵੀ ਕਾਟਾ ਮਾਰਿਆ ਜਾ ਸਕਦਾ ਹੈ। ਇਸੇ ਦੌਰਾਨ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਦੱਸਿਆ ਕਿ ਧਰਮਕੋਟ (ਮੋਗਾ) ਤੋਂ ਪਾਰਟੀ ਉਮੀਦਵਾਰ ਡਾ. ਰਣਜੋਧ ਸਿੰਘ ਸਰਾਂ ਦਾ ਟਿਕਟ ਰੱਦ ਕਰਕੇ ਦਲਜੀਤ ਸਿੰਘ ਸਦਰਪੁਰਾ ਨੂੰ ਨਵਾਂ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਡਾ. ਸਰਾਂ ਚੋਣ ਪ੍ਰਚਾਰ ਵਿਚ ਢਿੱਲੇ ਚੱਲ ਰਹੇ ਹਨ, ਇਸ ਲਈ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਨੇ ਉਨ੍ਹਾਂ ਦਾ ਟਿਕਟ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਪੀਏਸੀ ਨੇ ਕੁਝ ਹੋਰ ਉਮੀਦਵਾਰਾਂ ਦੀਆਂ ਟਿਕਟਾਂ ਵੀ ਵਾਪਸ ਲੈਣ ਬਾਰੇ ਚਰਚਾ ਕੀਤੀ ਹੈ ਪਰ ਵਿਨੋਦ ਕੁਮਾਰ ਵੱਲੋਂ ਧਮਾਕਾ ਕਰਨ ਨਾਲ ਪਾਰਟੀ ਫਿਲਹਾਲ ਇਸ ਮੁੱਦੇ ਉਪਰ ਖਾਮੋਸ਼ ਹੈ ਕਿਉਂਕਿ ਇਸ ਮੁੱਦੇ ਨੂੰ ਲੈ ਕੇ ਪਾਰਟੀ ਵਿੱਚ ਕਈ ਤਰ੍ਹਾਂ ਦੀ ਉਥਲ-ਪੁਥਲ ਹੋ ਰਹੀ ਹੈ। ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਦੱਸਿਆ ਕਿ ਕੁਝ ਹੋਰ ਉਮੀਦਵਾਰ ਵੀ ਪਾਰਟੀ ਦੀ ਹਿੱਟ ਲਿਸਟ ‘ਤੇ ਹਨ। ਉਨ੍ਹਾਂ ਦੱਸਿਆ ਕਿ ਹਰੇਕ ਉਮੀਦਵਾਰ ਨੂੰ ਚੋਣ ਪ੍ਰਚਾਰ ਦਾ ਪੂਰਾ ਪ੍ਰੋਗਰਾਮ ਦਿੱਤਾ ਗਿਆ ਹੈ ਅਤੇ ਸਮੇਂ-ਸਮੇਂ ‘ਤੇ ਇਸ ਦੀ ਰਿਪੋਰਟ ਵੀ ਲਈ ਜਾਂਦੀ ਹੈ। ਪਾਰਟੀ ਦੇ ਕੁਝ ਵਿਸ਼ੇਸ਼ ਕਾਰਕੁਨ ਉਮੀਦਵਾਰਾਂ ਦੇ ਚੋਣ ਪ੍ਰਚਾਰ ਦੀ ਕਾਰਗੁਜ਼ਾਰੀ ਦੀ ਵੱਖਰੇ ਤੌਰ ‘ਤੇ ਨਜ਼ਰਸਾਨੀ ਵੀ ਕਰਦੇ ਹਨ। ਵਿਨੋਦ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਸ ਨੇ 13,040 ਘਰਾਂ ਤੱਕ ਪਹੁੰਚ ਕੀਤੀ ਹੈ ਜਦਕਿ ਪਾਰਟੀ ਦੇ ਸੂਤਰਾਂ ਅਨੁਸਾਰ ਉਹ ਕੇਵਲ 1444 ਘਰਾਂ ਤੱਕ ਹੀ ਪੁੱਜਾ ਸੀ। ਉਨ੍ਹਾਂ ਦੱਸਿਆ ਕਿ ਕੁਝ ਹੋਰ ਉਮੀਦਵਾਰਾਂ ਦੀ ਕਾਰਗੁਜ਼ਾਰੀ ਵੀ ਬੜੀ ਮਾੜੀ ਮਿਲੀ ਹੈ ਅਤੇ ਉਨ੍ਹਾਂ ਚਿਤਾਵਨੀ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹੇ ਉਮੀਦਵਾਰਾਂ ਨੇ ਆਪਣੇ ਚੋਣ ਪ੍ਰਚਾਰ ਵਿੱਚ ਸੁਧਾਰ ਨਾ ਕੀਤਾ ਤਾਂ ਉਨ੍ਹਾਂ ਦੀਆਂ ਟਿਕਟਾਂ ਵੀ ਵਾਪਸ ਲਈਆਂ ਜਾ ਸਕਦੀਆਂ ਹਨ। ਸੂਤਰਾਂ ਅਨੁਸਾਰ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਨੇ 18 ਨਵੰਬਰ ਦੀ ਮੀਟਿੰਗ ਵਿੱਚ ਵਿਨੋਦ ਕੁਮਾਰ ਦੀ ਉਮੀਦਵਾਰੀ ਖੋਹਣ ਦਾ ਫ਼ੈਸਲਾ ਲੈ ਲਿਆ ਸੀ।