ਸੁਰਜੀਤ ਸਿੰਘ ਬਣੇ ਨਨਕਾਣਾ ਸਾਹਿਬ ਤੋਂ ਕੌਂਸਲਰ

ਸੁਰਜੀਤ ਸਿੰਘ ਬਣੇ ਨਨਕਾਣਾ ਸਾਹਿਬ ਤੋਂ ਕੌਂਸਲਰ

ਅੰਮ੍ਰਿਤਸਰ/ਬਿਊਰੋ ਨਿਊਜ਼ :
ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਤੋਂ ਸੁਰਜੀਤ ਸਿੰਘ ਕੰਵਲ ਨੂੰ ਬਿਨਾਂ ਮੁਕਾਬਲਾ ਕੌਂਸਲਰ ਨਿਯੁਕਤ ਕੀਤਾ ਗਿਆ ਹੈ। ਸਿੱਖ ਕੌਂਸਲ ਆਫ਼ ਪਾਕਿਸਤਾਨ ਦੇ ਜਨਰਲ ਸਕੱਤਰ ਸ੍ਰੀ ਕੰਵਲ ਦੀ ਇਹ ਨਿਯੁਕਤੀ ਪਾਕਿ ਪੰਜਾਬ ਦੀ ਸੱਤਾਧਾਰੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਵੱਲੋਂ ਕੀਤੀ ਗਈ ਹੈ।
ਦਹਿਸ਼ਤਗਰਦ ਹਾਫਿਜ਼ ਸਈਦ ਦੇ ਨਜ਼ਦੀਕੀ ਸਮਝੇ ਜਾਂਦੇ ਗੋਪਾਲ ਸਿੰਘ ਚਾਵਲਾ ਨੂੰ ਤਹਿਰੀਕ-ਏ-ਇਨਸਾਫ਼ ਪਾਰਟੀ ਵੱਲੋਂ ਕੌਂਸਲਰ ਨਿਯੁਕਤ ਕੀਤਾ ਗਿਆ ਹੈ।
ਸ੍ਰੀ ਕੰਵਲ ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਹੋਰਨਾਂ ਸ਼ਹਿਰਾਂ ਵਾਂਗ ਜ਼ਿਲ੍ਹਾ ਨਨਕਾਣਾ ਸਾਹਿਬ ਵਿੱਚ ਰਹਿ ਰਹੇ ਘੱਟ ਗਿਣਤੀ ਸਿੱਖਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਵੇਲੇ ਸ੍ਰੀ ਨਨਕਾਣਾ ਸਾਹਿਬ ਵਿੱਚ 300 ਤੋਂ ਵਧੇਰੇ ਸਿੱਖ ਪਰਿਵਾਰ ਪੱਕੇ ਤੌਰ ‘ਤੇ ਰਹਿ ਰਹੇ ਹਨ, ਜਿਨ੍ਹਾਂ ਵਿੱਚੋਂ ਬਹੁਤੇ ਖ਼ੈਬਰ ਦੇ ਕਬਾਇਲੀ ਇਲਾਕਿਆਂ ਵਿੱਚ ਹਾਲਾਤ ਖ਼ਰਾਬ ਹੋਣ ਤੋਂ ਬਾਅਦ ਇੱਥੇ ਪੁੱਜੇ ਹਨ।
ਸ੍ਰੀ ਕੰਵਲ ਨੇ ਭਰੋਸਾ ਦਿੱਤਾ ਕਿ ਉਹ ਪਾਕਿ ਦੇ ਸਿੱਖ ਨੌਜਵਾਨਾਂ ਨੂੰ ਨਸ਼ੇ ਅਤੇ ਹੋਰ ਬੁਰਾਈਆਂ ਵਿਚੋਂ ਕੱਢਣ ਲਈ ਜ਼ਿਲ੍ਹੇ ਵਿੱਚ ਧਾਰਮਿਕ ਸਕੂਲਾਂ ਸਮੇਤ ਖੇਡ ਮੈਦਾਨ ਬਣਵਾਉਣ ਲਈ ਸਰਕਾਰ ਕੋਲ ਸਿਫ਼ਾਰਸ਼ ਕਰਨਗੇ।