ਏਟੀਐਮ ਦੇ ਕਰਮਚਾਰੀ ਸਵਾ ਤਿੰਨ ਕਰੋੜ ਰੁਪਏ ਲੈ ਕੇ ਫਰਾਰ

ਏਟੀਐਮ ਦੇ ਕਰਮਚਾਰੀ ਸਵਾ ਤਿੰਨ ਕਰੋੜ ਰੁਪਏ ਲੈ ਕੇ ਫਰਾਰ

ਲੁਧਿਆਣਾ/ਬਿਊਰੋ ਨਿਊਜ਼ :
ਪ੍ਰਾਈਵੇਟ ਕੰਪਨੀ ਦੇ ਨਾਲ ਮਿਲ ਕੇ ਏਟੀਐਮਜ਼ ਵਿਚ ਪੈਸੇ ਪਾਉਣ ਤੇ ਪੈਸੇ ਕਢਵਾਉਣ ਵਾਲੇ ਏਟੀਐਮ ਦੇ ਕਰਮਚਾਰੀਆਂ ਨੇ ਵੱਖ-ਵੱਖ ਬੈਂਕਾਂ ਦੇ ਏਟੀਐਮਜ਼ ਵਿਚੋਂ ਕਰੀਬ 3.12 ਕਰੋੜ ਰੁਪਏ ਕਢਵਾ ਲਏ ਅਤੇ ਉਸ ਨੂੰ ਮੇਨ ਬ੍ਰਾਂਚ ਵਿਚ ਜਮ੍ਹਾਂ ਕਰਾਉਣ ਦੀ ਬਜਾਏ ਉਹ ਲੈ ਕੇ ਫ਼ਰਾਰ ਹੋ ਗਏ। ਜਦੋਂ ਏਟੀਐਮ ਦੇ ਕਰਮਚਾਰੀ ਪੈਸੇ ਲੈ ਕੇ ਮੁੱਖ ਬ੍ਰਾਂਚ ਵਿਚ ਨਾ ਪੁੱਜੇ ਤਾਂ ਬੈਂਕ ਵਾਲਿਆਂ ਨੂੰ ਇਸ ਦੀ ਭਿਣਕ ਲੱਗੀ। ਜਦੋਂ ਉਨ੍ਹਾਂ ਨੇ ਮੁਲਜ਼ਮਾਂ ਦੇ ਫੋਨ ‘ਤੇ ਸੰਪਰਕ ਕੀਤਾ ਤਾਂ ਕੋਈ ਸੰਪਰਕ ਨਹੀਂ ਹੋ ਸਕਿਆ। ਨਗਦੀ ਕਢਵਾਉਣ ਤੋਂ ਬਾਅਦ ਇਹ ਡਿਊਟੀ ‘ਤੇ ਵੀ ਨਹੀਂ ਆਏ। ਕੰਪਨੀ ਦੇ ਅਧਿਕਾਰੀਆਂ ਨੇ ਇਸ ਦੀ ਸ਼ਿਕਾਇਤ ਪੁਲੀਸ ਕੋਲ ਕੀਤੀ। ਪੁਲੀਸ ਨੇ ਇਸ ਮਾਮਲੇ ਵਿਚ ਅਨਿਲ ਚੋਪੜਾ, ਰਾਧੇ  ਸ਼ਿਆਮ, ਪ੍ਰਦੀਪ ਸਿੰਘ, ਕੁਲਦੀਪ ਸਿੰਘ, ਸ਼ਰਨਜੀਤ ਸਿੰਘ, ਅਜੈ ਕਨੋਜੀਆ, ਗੁਰਸੇਵਕ ਸਿੰਘ, ਹਰਪ੍ਰੀਤ ਸਿੰਘ ਬੰਟੀ ਤੇ ਕਮਲਜੀਤ ਸਿੰਘ ਖਿਲਾਫ਼ ਕੇਸ ਦਰਜ ਕੀਤਾ ਹੈ।
ਸਤਿੰਦਰਜੀਤ ਸਿੰਘ ਵੱਲੋਂ ਪੁਲੀਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਹ ਸਾਇੰਟੀਫਿਕ ਮੈਨੇਜਮੈਂਟ ਸਰਵਿਸ ਕੰਪਨੀ ਵਿਚ ਕੰਮ ਕਰਦਾ ਹੈ। ਉਨ੍ਹਾਂ ਦੀ ਕੰਪਨੀ, ਹਿਤਾਚੀ ਕੰਪਨੀ ਦੇ ਨਾਲ ਮਿਲ ਕੇ ਵੱਖ-ਵੱਖ ਬੈਂਕਾਂ ਦੇ ਏਟੀਐਮ ਵਿਚ ਪੈਸੇ ਪਾਉਣ ਤੇ ਕਢਵਾਉਣ ਦਾ ਕੰਮ ਕਰਦੀ ਹੈ। 8 ਨਵੰਬਰ ਨੂੰ ਭਾਰਤ ਨਗਰ ਦੇ ਵੱਲੋਂ 500 ਤੇ 1000 ਦੇ ਨੋਟ ਦੀ ਕਰੰਸੀ ਬੰਦ ਕਰ ਦਿੱਤੀ ਗਈ, ਜਿਸ ਲਈ ਸਾਇੰਟੀਫਿਕ ਕੰਪਨੀ ਨੇ ਏਟੀਐਮਜ਼ ਵਿਚੋਂ ਪੈਸੇ ਕੱਢ ਕੇ ਬੈਂਕਾਂ ਦੀ ਮੇਨ ਬ੍ਰਾਂਚ ਵਿਚ ਜਮ੍ਹਾਂ ਕਰਾਉਣੇ ਸਨ। ਜਿਸ ਲਈ ਸਾਇੰਟੀਫਿਕ ਕੰਪਨੇ ਦੇ ਕਰਮਚਾਰੀਆਂ ਦੀਆਂ ਟੀਮਾਂ ਬਣਾਈਆਂ ਤੇ ਉਨ੍ਹਾਂ ਨੂੰ ਵੱਖ-ਵੱਖ ਏਟੀਐਮਜ਼ ਤੋਂ 500 ਤੇ 1000 ਦੇ ਨੋਟ ਕੱਢ ਕੇ ਮੁੱਖ ਬ੍ਰਾਂਚ ਵਿਚ ਜਮ੍ਹਾਂ ਕਰਾਉਣ ਦੇ ਹੁਕਮ ਦਿੱਤੇ। ਮੁਲਜ਼ਮਾਂ ਦੇ ਕੋਲ ਹੀ ਏਟੀਐਮ ਦਾ ਪਾਸਵਰਡ ਸੀ ਅਤੇ ਉਨ੍ਹਾਂ ਨੇ ਏਟੀਐਮ ਖੋਲ੍ਹ ਕੇ ਉਨ੍ਹਾਂ ਵਿਚੋਂ ਪੈਸੇ ਕਢਵਾ ਲਏ। ਸਾਰੇ ਮੁਲਜ਼ਮਾਂ ਨੇ ਮਿਲ ਕੇ ਵੱਖ-ਵੱਖ ਏਟੀਐਮਜ਼ ਵਿਚੋਂ ਤਿੰਨ ਕਰੋੜ 12 ਲੱਖ 55 ਹਜ਼ਾਰ ਰੁਪਏ ਦੀ ਨਗਦੀ ਕਢਵਾ ਲਈ ਤੇ ਉਸ ਨੂੰ ਮੁੱਖ ਬ੍ਰਾਂਚ ਵਿਚ ਜਮ੍ਹਾਂ ਕਰਾਉਣ ਦੀ ਬਜਾਏ ਖੁਦ ਹੀ ਹੜੱਪ ਕੇ ਫ਼ਰਾਰ ਹੋ ਗਏ। ਉਸ ਤੋਂ ਬਾਅਦ ਮੁਲਜ਼ਮ ਆਪਣੀ ਡਿਊਟੀ ‘ਤੇ ਵੀ ਨਹੀਂ ਆਏ। ਜਦੋਂ ਮੁਲਜ਼ਮ ਨਹੀਂ ਆਏ ਤਾਂ ਬੈਂਕ ਅਧਿਕਾਰੀਆਂ ਨੇ ਉਨ੍ਹਾਂ ਦੇ ਫੋਨ ‘ਤੇ ਸੰਪਰਕ ਕੀਤਾ, ਪਰ ਕਿਸੇ ਨਾਲ ਸੰਪਰਕ ਨਹੀਂ ਹੋਇਆ। ਜਿਸ ਤੋਂ ਬਾਅਦ ਬੈਂਕ ਅਧਿਕਾਰੀਆਂ ਨੇ ਇਸ ਦੀ ਸ਼ਿਕਾਇਤ ਪੁਲੀਸ ਕੋਲ ਕੀਤੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਦੋਸ਼ ਸਹੀ ਪਾਏ ਗਏ, ਜਿਸ ਤੋਂ ਬਾਅਦ ਉਨ੍ਹਾਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ। ਜਾਂਚ ਅਧਿਕਾਰੀ ਮਨਜੀਤ ਸਿੰਘ ਨੇ ਕਿਹਾ ਕਿ ਪੁਲੀਸ ਦੇ ਹੱਥ ਹਾਲੇ ਕੋਈ ਮੁਲਜ਼ਮ ਨਹੀਂ ਆਇਆ ਹੈ। ਪੁਲੀਸ ਮੁਲਜ਼ਮਾਂ ਦੀ ਭਾਲ ਵਿਚ ਛਾਪੇ ਮਾਰ ਰਹੀ ਹੈ। ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।