ਸੁੱਚਾ ਸਿੰਘ ਲੰਗਾਹ ਦੀ ਟਿਕਟ ਦਿੱਤੀ ਜਾ ਸਕਦੀ ਹੈ ਕਿਸੇ ਹੋਰ ਨੂੰ

ਸੁੱਚਾ ਸਿੰਘ ਲੰਗਾਹ ਦੀ ਟਿਕਟ ਦਿੱਤੀ ਜਾ ਸਕਦੀ ਹੈ ਕਿਸੇ ਹੋਰ ਨੂੰ

ਚੰਡੀਗੜ੍ਹ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੀ ਗਈ ਆਪਣੀ 69 ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਦਿੱਤੀ ਗਈ ਟਿਕਟ ਬਦਲੀ ਜਾਵੇਗੀ। ਇਸ ਗੱਲ ਦਾ ਸੰਕੇਤ ਉੱਚ ਅਕਾਲੀ ਸੂਤਰਾਂ ਵੱਲੋਂ ਦਿੱਤਾ ਗਿਆ। ਸ. ਸੁੱਚਾ ਸਿੰਘ ਲੰਗਾਹ ਹਾਲਾਂਕਿ ਇਹ ਦਾਅਵਾ ਕਰ ਰਹੇ ਹਨ ਕਿ ਉਹ ਸਜ਼ਾ ਮੁਲਤਵੀ ਹੋਣ ਕਾਰਨ ਚੋਣ ਲੜਨ ਦੇ ਹੱਕਦਾਰ ਹਨ ਪ੍ਰੰਤੂ ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਸ. ਲੰਗਾਹ ਜਿਨ੍ਹਾਂ ਨੂੰ ਫਰਵਰੀ 2015 ਦੌਰਾਨ ਭ੍ਰਿਸ਼ਟਾਚਾਰ ਤੇ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਦੇ ਦੋਸ਼ ਵਿਚ 3 ਸਾਲ ਦੀ ਸਜ਼ਾ ਤੇ ਇਕ ਕਰੋੜ ਰੁਪਏ ਜੁਰਮਾਨਾ ਕੀਤਾ ਗਿਆ ਸੀ, ਨੂੰ ਕੇਵਲ ਜੇਲ੍ਹ ਭੇਜਣ ਦਾ ਫੈਸਲਾ ਮੁਲਤਵੀ ਕੀਤਾ ਗਿਆ ਸੀ, ਜਦਕਿ ਅਦਾਲਤ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਸਜ਼ਾ ‘ਤੇ ਰੋਕ ਨਹੀਂ ਲਗਾਈ ਗਈ। ਪਿਪਲ ਰਿਪਰੀਜੈਂਟੇਸ਼ਨ ਐਕਟ ਦੀ ਧਾਰਾ 8 ਅਨੁਸਾਰ 2 ਸਾਲ ਤੋਂ ਵੱਧ ਦੀ ਸਜ਼ਾ ਪਾਉਣ ਵਾਲਾ ਕੋਈ ਵੀ ਵਿਅਕਤੀ ਚੋਣ ਨਹੀਂ ਲੜ ਸਕਦਾ, ਜਦਕਿ ਸ. ਲੰਗਾਹ ਵਿਰੁੱਧ ਉਨ੍ਹਾਂ ਦੇ ਪਬਲਿਕ ਵਰਕਸ ਮੰਤਰੀ ਹੁੰਦਿਆਂ 1997-2000 ਦੌਰਾਨ ਬਣਾਈ ਗਈ ਜਾਇਦਾਦ ਸਬੰਧੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਵਿਜੀਲੈਂਸ ਬਿਊਰੋ ਰਾਹੀਂ ਬਣਾਏ ਗਏ ਕੇਸ ਵਿਚ ਉਨ੍ਹਾਂ ਨੂੰ ਕਥਿਤ ਤੌਰ ‘ਤੇ ਦੋਸ਼ੀ ਪਾਉਂਦਿਆਂ ਉਕਤ ਸਜ਼ਾ ਦਿੱਤੀ ਗਈ ਸੀ। ਉਨ੍ਹਾਂ ਦੀ ਸਜ਼ਾ ਵਿਰੁੱਧ ਦਾਇਰ ਪਟੀਸ਼ਨ ਭਾਵੇਂ ਸੁਣਵਾਈ ਲਈ ਦਾਖਲ ਕਰ ਲਈ ਗਈ ਸੀ। ਅਕਾਲੀ ਹਲਕਿਆਂ ਦਾ ਦੱਸਣਾ ਹੈ ਕਿ ਕਾਨੂੰਨੀ ਪੱਖ ਵਾਂਚਣ ਤੋਂ ਬਾਅਦ ਪਾਰਟੀ ਵੱਲੋਂ ਹੁਣ ਆਉਂਦੇ ਸਮੇਂ ਦੌਰਾਨ ਇਹ ਟਿਕਟ ਸ. ਲੰਗਾਹ ਦੇ ਬੇਟੇ ਜਾਂ ਉਨ੍ਹਾਂ ਦੀ ਸਿਫਾਰਿਸ਼ ‘ਤੇ ਕਿਸੇ ਹੋਰ ਵਿਅਕਤੀ ਨੂੰ ਦਿੱਤੀ ਜਾ ਸਕਦੀ ਹੈ। ਪਾਰਟੀ ਸੂਤਰਾਂ ਨੇ ਦੱਸਿਆ ਕਿ ਬੀਬੀ ਜਗੀਰ ਕੌਰ ਦੀ ਟਿਕਟ ਵੀ ਇਸੇ ਕਾਰਨ ਨਹੀਂ ਐਲਾਨੀ ਜਾ ਸਕੀ ਕਿਉਂਕਿ ਉਨ੍ਹਾਂ ਨੂੰ ਸੁਣਾਈ ਗਈ 5 ਸਾਲ ਦੀ ਸਜ਼ਾ ਨੂੰ ਸਟੇਅ ਕਰਾਉਣ ਸਬੰਧੀ ਅਦਾਲਤ ਵਿਚ ਸੁਣਵਾਈ ਦੀ ਅਗਲੀ ਤਰੀਕ 23 ਨਵੰਬਰ ਹੈ ਤੇ ਜੇ ਉਨ੍ਹਾਂ ਵਿਰੁੱਧ ਐਲਾਨੀ ਸਜ਼ਾ ਸਟੇਟ ਨਹੀਂ ਹੁੰਦੀ ਤਾਂ ਪਾਰਟੀ ਵੱਲੋਂ ਇਸ ਹਲਕੇ ਵਿਚ ਵੀ ਟਿਕਟ ਬੀਬੀ ਜਗੀਰ ਕੌਰ ਦੀ ਸਿਫਾਰਿਸ਼ ‘ਤੇ ਕਿਸੇ ਹੋਰ ਉਮੀਦਵਾਰ ਨੂੰ ਦਿੱਤੀ ਜਾ ਸਕਦੀ ਹੈ।