ਜੇਲ੍ਹਾਂ ਕੱਟਣ ਵਾਲਿਆਂ ਆਗੂਆਂ ਨੂੰ ਪੰਜਾਬੀ ਸੂਬੇ ਦੇ ਜਸ਼ਨਾਂ ਵਿਚ ਵਿਸਾਰਿਆ

ਜੇਲ੍ਹਾਂ ਕੱਟਣ ਵਾਲਿਆਂ ਆਗੂਆਂ ਨੂੰ ਪੰਜਾਬੀ ਸੂਬੇ ਦੇ ਜਸ਼ਨਾਂ ਵਿਚ ਵਿਸਾਰਿਆ

ਲੁਧਿਆਣਾ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬੀ ਸੂਬੇ ਦੇ ਗੋਲਡਨ ਜੁਬਲੀ ਸਮਾਗਮ ਦੌਰਾਨ ਸਟੇਜ ਅਤੇ ਪੰਡਾਲ ਵਿੱਚ ਮੋਰਚੇ ਵਿੱਚ ਡਟਣ ਵਾਲੇ ਸੰਤ ਫ਼ਤਿਹ ਸਿੰਘ ਤੋਂ ਲੈ ਕੇ ਕਿਸੇ ਵੀ ਪੰਜਾਬੀ ਸੂਬੇ ਦੇ ਜਰਨੈਲ ਦੀ ਫੋਟੋ ਨਹੀਂ ਲਗਾਈ ਗਈ। ਪੰਡਾਲ ਵਿੱਚ ਥਾਂ ਥਾਂ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਹੀ ਤਸਵੀਰਾਂ ਲੱਗੀਆਂ ਹੋਈਆਂ ਸਨ। ਪ੍ਰਬੰਧਕਾਂ ਨੂੰ ਸ਼ਹਿਰ ਵਿੱਚ ਬੈਠੇ ਬਜ਼ੁਰਗ ਹੋ ਚੁੱਕੇ ਉਹ ਲੋਕ ਵੀ ਯਾਦ ਨਹੀਂ ਆਏ, ਜਿਨ੍ਹਾਂ ਨੇ ਪੰਜਾਬੀ ਸੂਬੇ ਲਈ ਜੇਲ੍ਹਾਂ ਕੱਟਿਆਂ ਹਨ।
94 ਸਾਲਾ ਮਹਿੰਦਰ ਸਿੰਘ ਪਨੇਸਰ ਜਿਨ੍ਹਾਂ ਨੇ ਦੋ ਸਾਲ ਪੰਜਾਬੀ ਸੂਬੇ ਲਈ ਜੇਲ੍ਹ ਕੱਟੀ ਅਤੇ ਉਹ 18 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ, ਪਰ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਵਿਸਾਰ ਦਿੱਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੱਕ ਕਿਸੇ ਵੀ ਅਕਾਲੀ ਪ੍ਰਬੰਧਕ ਨੇ ਪਹੁੰਚ ਨਹੀਂ ਕੀਤੀ। ਇਸੇ ਤਰ੍ਹਾਂ ਹੀ ਦੋ ਸਾਲ ਤੋਂ ਵਧੇਰੇ ਜੇਲ੍ਹ ਕੱਟਣ ਵਾਲੇ ਅਤੇ ਪੰਜਾਬੀ ਸੂਬੇ ਲਈ ਆਪਣੇ ਘਰ ਅਤੇ ਕਾਰੋਬਾਰ ਦੀ ਕੁਰਕੀ ਕਰਵਾਉਣ ਵਾਲੇ ਮਰਹੂਮ ਟਕਸਾਲੀ ਆਗੂ ਉਜਾਗਰ ਸਿੰਘ ਛਾਪਾ ਦੀ ਪਤਨੀ ਬੀਬੀ ਨਸੀਬ ਕੌਰ ਤੱਕ ਵੀ ਕਿਸੇ ਪ੍ਰਬੰਧਕ ਨੇ ਪਹੁੰਚ ਨਹੀਂ ਕੀਤੀ। ਬੀਬੀ ਨਸੀਬ ਕੌਰ ਨੇ ਦੱਸਿਆ ਕਿ ਮੋਰਚੇ ਵਿੱਚ ਉਨ੍ਹਾਂ ਨੇ ਸਭ ਕੁਝ ਲੇਖੇ ਲਾ ਦਿੱਤਾ ਤੇ ਅੱਜ ਕਿਸੇ ਵੀ ਪ੍ਰਬੰਧਕ ਨੇ ਉਨ੍ਹਾਂ ਤੱਕ ਪਹੁੰਚ ਕਰਨੀ ਜ਼ਰੂਰੀ ਨਹੀਂ ਸਮਝੀ।