22ਵੀਂ ਏਸ਼ੀਅਨ ਅਥਲੈਟਿਕ ਚੈਂਪੀਅਨਸ਼ਿਪ : ਭਾਰਤੀ ਅਥਲੀਟਾਂ ਨੇ 4 ਸੋਨ ਤਗ਼ਮੇ ਆਪਣੀ ਝੋਲੀ ਪਾਏ

22ਵੀਂ ਏਸ਼ੀਅਨ ਅਥਲੈਟਿਕ ਚੈਂਪੀਅਨਸ਼ਿਪ : ਭਾਰਤੀ ਅਥਲੀਟਾਂ ਨੇ 4 ਸੋਨ ਤਗ਼ਮੇ ਆਪਣੀ ਝੋਲੀ ਪਾਏ
ਕੈਪਸ਼ਨ-ਮਹਿਲਾਵਾਂ ਦੀ 400 ਮੀਟਰ ਦੌੜ ਵਿਚ ਭਾਗ ਲੈਂਦੀ ਹੋਈ ਭਾਰਤੀ ਅਥਲੀਟ ਨਿਰਮਲਾ ਸ਼ਿਓਰਾਣ।

ਭੁਵਨੇਸ਼ਵਰ/ਬਿਊਰੋ ਨਿਊਜ਼ :
ਭਾਰਤ ਨੇ 22ਵੀਂ ਏਸ਼ੀਅਨ ਅਥਲੈਟਿਕ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਦਿਆਂ ਮੀਂਹ ਤੋਂ ਪ੍ਰਭਾਵਤ ਦੂਜੇ ਦਿਨ ਇੱਥੇ ਚਾਰ ਸੋਨ ਤਗ਼ਮੇ ਆਪਣੀ ਝੋਲੀ ਪਾਏ। ਭਾਰਤੀ ਅਥਲੀਟਾਂ ਨੇ 400 ਮੀਟਰ ਵਿਚ ਪੁਰਸ਼ ਤੇ ਮਹਿਲਾ ਵਰਗ ਦੋਵਾਂ ਵਿਚ ਸੋਨ ਤਗ਼ਮੇ ਹਾਸਲ ਕੀਤੇ।
ਨਿਰਮਲਾ ਸ਼ਿਓਰਾਣ ਨੇ ਮਹਿਲਾਵਾਂ ਦੀ 400 ਮੀਟਰ ਦੌੜ ਵਿਚ ਜਦਕਿ ਮੁਹੰਦਮ ਅਨਸ ਨੇ ਪੁਰਸ਼ਾਂ ਦੀ 400 ਮੀਟਰ ਦੌੜ ਵਿਚ ਸੋਨ ਤਗ਼ਮਾ ਜਿੱਤਿਆ। ਮਹਿਲਾਵਾਂ ਦੀ 1500 ਮੀਟਰ ਦੌੜ ‘ਚ ਪੀਯੂ ਚਿੱਤਰਾ ਨੇ ਪਹਿਲਾ ਸਥਾਨ ਹਾਸਲ ਕੀਤੀ ਜਦਕਿ ਪੁਰਸ਼ਾਂ ਦੀ 1500 ਮੀਟਰ ਦੌੜ ਵਿਚ ਅਜੈ ਕੁਮਾਰ ਸਰੋਜ ਤਗ਼ਮਾ ਜਿੱਤਣ ਵਿਚ ਕਾਮਯਾਬ ਰਿਹਾ। ਭਾਰਤ ਨੇ ਇਕ ਦਿਨ ਪਹਿਲਾਂ ਦੋ ਸੋਨ ਤਗਮਿਆਂ ਸਮੇਤ ਸੱਤ ਤਗ਼ਮੇ ਜਿੱਤੇ ਸੀ ਅਤੇ ਉਹ ਤਗ਼ਮਾ ਸੂਚੀ ‘ਤੇ ਸਿਖਰ ‘ਤੇ ਬਣਿਆ ਹੋਇਆ ਹੈ।
ਇਸ ਤੋਂ ਪਹਿਲਾਂ ਭਾਰਤੀ 4*100 ਮੀਟਰ ਪੁਰਸ਼ ਰਿਲੇ ਟੀਮ ਨੂੰ 22ਵੀਂ ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ ਦੇ ਆਖਰੀ ਗੇੜ ਵਿਚ ਅਯੋਗ ਕਰਾਰ ਦਿੱਤਾ ਗਿਆ ਕਿਉਂਕਿ ਉਸ ਦੇ ਇੱਕ ਮੈਂਬਰ ਨੇ ਬੈਟਨ ਦੇ ਲੈਣ-ਦੇਣ ਸਮੇਂ ਲਾਈਨ ਪਾਰ ਕਰ ਦਿੱਤੀ ਸੀ। ਭਾਰਤੀ ਟੀਮ ਦੇ ਮੈਂਬਰ ਜਾਨ ਅਨੁਰੂਪ, ਵੀ.ਕੇ.ਈ. ਦਾਸਨ, ਜੇ ਦੇਬਨਾਥ ਤੇ ਅਮਿਯ ਕੁਮਾਰ ਮਲਿਕ ਫੋਟੋ ਫਿਨਿਸ਼ ਵਿਚ ਕੋਰੀਆ ਤੋਂ ਅੱਗੇ ਰਹੇ, ਪਰ ਬਾਅਦ ਵਿੱਚ ਉਨ੍ਹਾਂ ਨੂੰ ਅਯੋਗ ਕਰਾਰ ਦੇ ਦਿੱਤਾ ਗਿਆ। ਪਹਿਲੇ ਤੇ ਦੂਜੇ ਦੌਰ ਵਿਚ ਭਾਰਤੀਆਂ ਲਈ ਰੇਸ ਆਸਾਨ ਰਹੀ, ਪਰ ਦੇਬਨਾਥ ਤੇ ਮਲਿਕ ਵਿਚਾਲੇ ਬੈਟਨ ਦੇ ਲੈਣ-ਦੇਣ ਦੌਰਾਨ ਗੜਬੜ ਹੋ ਗਈ। ਕੋਰਿਆਈ ਟੀਮ ਨੇ 40.18 ਸਕਿੰਟ ਨਾਲ ਹੀਟ ਆਪਣੇ ਨਾਂ ਕੀਤੀ। ਦੂਜੀ ਹੀਟ ਵਿਚ ਚੀਨ ਅੱਗੇ ਰਿਹਾ। ਚੀਨੀ ਤਾਇਪੇ ਨੇ 39.40 ਸਕਿੰਟ ਦਾ ਸਮਾਂ ਕੱਢਿਆ ਜਦਕਿ ਥਾਈਲੈਂਡ ਨੇ 39.48 ਦਾ ਸਮਾਂ ਕੱਢਿਆ। ਇਸੇ ਵਿਚਾਲੇ ਅਨੂ ਰਾਘਵਨ, ਜੌਨਾ ਮੁਰਮੂ ਅਤੇ ਐਮ ਅਰਪਿਤਾ ਨੇ ਮਹਿਲਾਵਾਂ ਦੀ 400 ਮੀਟਰ ਅੜਿੱਕਾ ਦੌੜ ਲਈ ਕੁਆਲੀਫਾਈ ਕਰ ਲਿਆ ਹੈ।
ਪੁਰਸ਼ਾਂ ਦੀ 400 ਮੀਟਰ ਸੈਮੀ ਫਾਈਨਲ ਦੌੜ ਭਾਰਤ ਦੇ ਮੁਹੰਮਦ ਅਨਸ ਨੇ ਜਿੱਤੀ ਸੀ, ਪਰ ਰੈਫਰੀ ਦੇ ਫ਼ੈਸਲੇ ‘ਤੇ ਹੋਰਨਾਂ ਦੇਸ਼ਾਂ ਵੱਲੋਂ ਵਿਰੋਧ ਜਤਾਉਣ ‘ਤੇ ਇਹ ਫਿਰ ਤੋਂ ਕਰਾਈ ਗਈ। ਅਨਸ ਨੇ ਦੌੜ ਜਿੱਤੀ, ਪਰ ਬਾਅਦ ਵਿੱਚ ਕੁਝ ਦੇਸ਼ਾਂ ਨੇ ਇਹ ਕਹਿ ਕੇ ਵਿਰੋਧ ਕੀਤਾ ਕਿ ਟ੍ਰਿਗਰ ਦਬਣ ਨਾਲ ਉਨ੍ਹਾਂ ਦੇ ਪ੍ਰਦਰਸ਼ਨ ‘ਤੇ ਅਸਰ ਪਿਆ ਕਿਉਂਕਿ ਇਸ ਨਾਲ ਉਨ੍ਹਾਂ ਦਾ ਧਿਆਨ ਟੁੱਟ ਗਿਆ। ਮੁੜ ਹੋਈ ਦੌੜ ਵਿਚ ਕੌਮੀ ਰਿਕਾਰਡਧਾਰੀ ਅਨਸ ਨੂੰ ਵੱਧ ਮਿਹਨਤ ਕਰਨੀ ਪਈ ਜੋ ਇਰਾਨ ਦੇ ਅਲੀ ਖਾਦਿਵਾਰ ਤੋਂ ਸਕਿੰਟ ਦੇ 600ਵੇਂ ਹਿੱਸੇ ਦਾ ਬਰਾਬਰ ਅੱਗੇ ਰਿਹਾ।

ਡੈਕਾਥਲੀਟ ਜਗਤਾਰ ਦਾ ਡੋਪ ਟੈਸਟ ਫੇਲ੍ਹ :
ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤ ਦੀ ਮੁਹਿੰਮ ਨੂੰ ਡੋਪਿੰਗ ਦਾ ਝਟਕਾ ਲੱਗਾ ਜਦੋਂ ਮੁੱਖ ਡੈਕਾਥਲੀਟ ਜਗਤਾਰ ਸਿੰਘ ਪਾਬੰਦੀਸ਼ੁਦਾ ਪਦਾਰਥ ਲਈ ਪੌਜ਼ੀਟਿਵ ਪਾਇਆ ਗਿਆ। ਪਟਿਆਲਾ ਵਿਚ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਪਿਛਲੇ ਮਹੀਨੇ ਜਗਤਾਰ ਦੇ ਪਿਸ਼ਾਬ ਦਾ ਜੋ ‘ਏ’ ਨਮੂਨਾ ਲਿਆ ਸੀ ਉਹ ਮੈਲਡੋਨੀਅਮ ਲਈ ਪੌਜ਼ੀਟਿਵ ਪਾਇਆ ਗਿਆ ਹੈ ਅਤੇ ਉਸ ‘ਤੇ ਅਸਥਾਈ ਤੌਰ ‘ਤੇ ਪਾਬੰਦੀ ਲਾਈ ਗਈ ਹੈ। ਰਾਜਸਥਾਨ ਦੇ ਇਸ ਅਥਲੀਟ ਦਾ ਜੇਕਰ ‘ਬੀ’ ਨਮੂਨਾ ਵੀ ਪੌਜ਼ੀਟਿਵ ਪਾਇਆ ਗਿਆ ਤਾਂ ਪਹਿਲੇ ਅਪਰਾਧ ਲਈ ਉਸ ‘ਤੇ ਵੱਧ ਤੋਂ ਵੱਧ ਚਾਰ ਸਾਲ ਦੀ ਪਾਬੰਦੀ ਲਾਈ ਜਾ ਸਕਦੀ ਹੈ। ਜਗਤਾਰ ਇੱਥੇ ਚੱਲ ਰਹੀ ਏਸ਼ਿਆਈ ਚੈਂਪੀਅਨਸ਼ਿਪ ਲਈ ਭਾਰਤ ਦੀ 95 ਮੈਂਬਰੀ ਟੀਮ ਦਾ ਹਿੱਸਾ ਹੈ ਅਤੇ ਉਸ ਨੂੰ ਅਭਿਸ਼ੇਕ ਸ਼ੈੱਟੀ ਨਾਲ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। 10 ਮੁਕਾਬਲਿਆਂ ਦੀ ਡੈਕਾਥਲਨ ਵਿਚ ਸਿਰਫ਼ ਸ਼ੈੱਟੀ ਨੇ ਹਿੱਸਾ ਲਿਆ। ਨਾਡਾ ਨੇ ਚਾਰ ਦਿਨ ਪਹਿਲਾਂ ਭਾਰਤੀ ਅਥਲੈਟਿਕ ਫੈਡਰੇਸ਼ਨ ਨੂੰ ਇਸ ਬਾਰੇ ਸੂਚਿਤ ਕੀਤਾ ਸੀ, ਜਿਸ ਮਗਰੋਂ ਜਗਤਾਰ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਅਤੇ ਉਹ ਇੱਥੇ ਨਹੀਂ ਪਹੁੰਚਿਆ।