ਨਿਊਯਾਰਕ ਦੇ ਟਾਈਮਜ਼ ਸੁਕੇਅਰ ਵਿਖੇ ਸਿੱਖਾਂ ਵਲੋਂ ਭਾਰੀ ਰੋਸ ਰੈਲੀ
ਘੱਲੂਘਾਰਾ 1984 ਅਤੇ ਬਰਗਾੜੀ ਇਨਸਾਫ਼ ਮੋਰਚਾ ਰਹੇ ਮੁੱਖ ਮੁੱਦੇ
ਨਿਊਯਾਰਕ/ਹੁਸਨ ਲੜੋਆ ਬੰਗਾ :
ਜੂਨ-1984 ਵਿਚ ਭਾਰਤ ਦੀ ਫੌਜ ਵਲੋਂ ਦਰਬਾਰ ਸਾਹਿਬ ‘ਤੇ ਕੀਤੇ ਗਏ ਹਮਲੇ ਦੀ 34ਵੀਂ ਵਰ੍ਹੇਗੰਢ ਮੌਕੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸਿੱਖ ਕਲਚਰਲ ਸੁਸਾਇਟੀ ਅਤੇ ਟਰਾਈ ਸਟੇਟ ਦੀਆਂ ਪੰਥਕ ਜਥੇਬੰਦੀਆਂ ਵਲੋਂ ਸਥਾਨਕ ਟਾਈਮਜ਼ ਸਕੁਏਅਰਜ਼ ਵਿਖੇ ਜ਼ੋਰਦਾਰ ਰੋਸ ਰੈਲੀ ਕੀਤੀ ਗਈ। ਜਿਥੇ ਇਸ ਰੈਲੀ ਵਿਚ ਨਿਊਯਾਰਕ, ਨਿਊਜਰਸੀ, ਪੈਨਸਲਵੇਨੀਆ, ਕਨੈਕਟੀਕਟ, ਵਰਜੀਨੀਆ ਅਤੇ ਫਿਲਾਡਲਫੀਆ ਤੋਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਉਥੇ ਇਹ ਰੋਸ ਰੈਲੀ ਆਏ ਸੈਲਾਨੀਆਂ ਲਈ ਵੀ ਖਿੱਚ ਦਾ ਕੇਂਦਰ ਰਹੀ।
ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਬੁਲਾਰੇ ਹਰਜਿੰਦਰ ਸਿੰਘ ਨੇ ਪ੍ਰੈੱਸ ਦੇ ਨਾਂ ਸੰਦੇਸ਼ ਪੜ੍ਹਦਿਆਂ ਕਿਹਾ ਕਿ ਸੰਨ 1984 ਦੇ ਘੱਲੂਘਾਰੇ ਅਤੇ ਸਿੱਖ ਨਸਲਕੁਸ਼ੀ ਨੇ ਖਾਲਿਸਤਾਨ ਦੀ ਨੀਂਹ ਰੱਖ ਦਿੱਤੀ ਸੀ ਅਤੇ ਪਿਛਲੇ 34 ਸਾਲਾਂ ਤੋਂ ਹਕੂਮਤ ਵਲੋਂ ਵੱਖ-ਵੱਖ ਤਰੀਕਿਆਂ ਨਾਲ ਸਿੱਖਾਂ ‘ਤੇ ਹਮਲੇ ਨਿਰੰਤਰ ਜਾਰੀ ਹਨ। ਸੰਨ 2015 ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਸ਼ੁਰੂਆਤ ਹੋਈ ਅਤੇ ਅੱਜ ਵੀ ਜਾਰੀ ਹੈ। ਹਕੂਮਤ ਸਿੱਖਾਂ ਨੁੰ ਇਨਸਾਫ਼ ਦੇਣ ਵਿਚ ਬੁਰੀ ਤਰ੍ਹਾਂ ਨਾਕਾਮ ਹੋਈ ਹੈ। ਇਨਸਾਫ਼ ਲਈ ਸਰਬੱਤ ਖ਼ਾਲਸਾ ਵਲੋਂ ਜਥੇਦਾਰੀ ਭਾਈ ਧਿਆਨ ਸਿੰਘ ਮੰਡ ਦੀ ਅਗਾਵਈ ਵਿਚ ਬਰਗਾੜੀ ਇਨਸਾਫ਼ ਮੋਰਚੇ ਦੀ ਬਾਹਰਲੇ ਸਿੱਖ ਡਟਵੀਂ ਹਮਾਇਤ ਕਰ ਰਹੇ ਹਨ। ਖਾਲਿਸਤਾਨ ਅਫੇਅਰਜ਼ ਸੈਂਟਰ ਦੇ ਸੰਚਾਲਕ ਡਾ. ਅਮਰਜੀਤ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਭਾਰਤ ਦੀ ਕਮਾਨ ਆਰ.ਐਸ.ਐਸ. ਦੇ ਹੱਥ ਵਿਚ ਹੈ ਅਤੇ ਉਹਨ੍ਹਾਂ ਦੀਆਂ ਨੀਤੀਆਂ ਨਾਜ਼ੀ ਜਰਮਨੀ ਦੀ ਤਰਜ ‘ਤੇ ਘੱਟਗਿਣਤੀਆਂ ਦਾ ਘਾਣ ਕਰ ਰਹੀਆਂ ਹਨ। ਮਨੁੱਖਤਾ ਵਿਰੋਧੀ ਇਹਨਾਂ ਨੀਤੀਆਂ ਦਾ ਮੁਸਲਮਾਨ, ਇਸਾਨੀ, ਸਿੱਖ, ਦਲਿਤ ਅਤੇ ਆਦੀਵਾਸੀ ਸ਼ਿਕਾਰ ਹੋ ਰਹੇ ਹਨ। ਸਿੱਖ ਕੌਮ ਦਾ ਜਨਮ ਹੀ ਆਜ਼ਾਦਾਨਾ ਤੌਰ ‘ਤੇ ਹੋਇਆ ਸੀ ਅਤੇ ਖਾਲਿਸਤਾਨ ਦੀ ਪ੍ਰਾਪਤੀ ਤੱਕ ਸਿੱਖਾਂ ਦਾ ਸੰਘਰਸ਼ ਜਾਰੀ ਰਹੇਗਾ। ਸਿੱਖਸ ਫਾਰ ਜਸਟਿਸ ਤੋਂ ਜਗਜੀਤ ਸਿੰਘ ਨੇ 12 ਅਗਸਤ ਨੂੰ ਕੌਮ ਨੂੰ ਲੰਡਨ ਪਹੁੰਚਣ ਦਾ ਸੱਦਾ ਦਿੱਤਾ, ਜਿਥੇ ਸੰਨ 2020 ਰਿਫਰੈਂਡਮ ਬਾਰੇ ਲੰਡਨ ਐਲਾਨਨਾਮੇ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕੇਮਟੀ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਸਟੇਜ ਸੰਭਾਲੀ ਅਤੇ ਅੰਤ ਵਿਚ ਆਈਆਂ ਸਿੱਖਾਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਾਂ ‘ਤੇ ਹੋ ਰਹੇ ਜ਼ੁਲਮਾਂ ਖਾਸ ਤੌਰ ‘ਤੇ ਸ਼ਿਲਾਂਗ ਦੀ ਸਥਿਤੀ ਤੋਂ ਅਮਰੀਕੀ ਸਰਕਾਰ ਨੂੰ ਜਾਣੂ ਕਰਾਉਣ ਲਈ ਆਉਣ ਵਾਲੇ ਸਮੇਂ ਵਿਚ ਸਟੇਟ ਡਿਪਾਰਟਮੈਂਟ ਤੱਕ ਪਹੁੰਚ ਕੀਤੀ ਜਾਵੇਗੀ। ਇਸ ਰੈਲੀ ਨੂੰ ਅਕਾਲੀ ਦਲ (ਅ) ਅਮਰੀਕਾ ਦੇ ਪ੍ਰਧਾਨ ਸੁਰਜੀਤ ਸਿੰਘ ਕੁਲਾਰ, ਸਿੱਖ ਯੂਥ ਆਫ਼ ਅਮਰੀਕਾ ਦੇ ਬਲਾਕਾ ਸਿੰਘ, ਸਿੱਖ ਕਲਚਰਲ ਸੁਸਾਇਟੀ ਦੇ ਮੁੱਖ ਸੇਵਾਦਾਰ ਕੁਲਦੀਪ ਸਿੰਘ ਢਿਲੋਂ, ਦੁਆਬਾ ਸਿੱਖ ਐਸੋਸੀਏਸ਼ਨ ਤੋਂ ਹਰਮੇਲ ਸਿੰਘ, ਵਰਜੀਨੀਆ ਤੋਂ ਨਰਿੰਦਰ ਸਿੰਘ, ਕਾਰਟਰੇਟ ਗੁਰੂਘਰ ਤੋਂ ਪਿਆਰਾ ਸਿੰਘ, ਯੂਥ ਆਗੂ ਵਰਿੰਦਰ ਸਿੰਘ ਨੇ ਵੀ ਸੰਬੋਧਨਕੀਤਾ। ਅਮਰੀਕਨ ਮੀਡੀਆ, ਟੀ.ਵੀ. 84 ਅਤੇ ਗਲੋਬਲ ਪੰਜਾਬ ਵਲੋਂ ਇਸ ਰੈਲੀ ਨੂੰ ਕਵਰ ਕੀਤਾ ਗਿਆ।
Comments (0)