ਨਸਲੀ ਟਿੱਪਣੀਆਂ ਕਰਨ ਵਾਲੀ ਪੁਲੀਸ ਅਫ਼ਸਰ ਬਰਖ਼ਾਸਤ

ਨਸਲੀ ਟਿੱਪਣੀਆਂ ਕਰਨ ਵਾਲੀ ਪੁਲੀਸ ਅਫ਼ਸਰ ਬਰਖ਼ਾਸਤ

ਸਪਾਈਸ ਆਫ਼ ਪੰਜਾਬ ਰੈਸਤਰਾਂ ਦੀ ਬਾਹਰੀ ਝਲਕ ਤੇ (ਇਨਸੈੱਟ) ਕੇਟੀ।
ਲੰਡਨ/ਬਿਊਰੋ ਨਿਊਜ਼ :
ਇਕ ਬਰਤਾਨਵੀ ਪੁਲੀਸ ਅਫ਼ਸਰ ਨੂੰ ਇਕ ਭਾਰਤੀ ਰੈਸਤਰਾਂ ਦੇ ਸਟਾਫ ਨਾਲ ਬਦਕਲਾਮੀ ਕਰਨ ਬਦਲੇ ਬਰਖ਼ਾਸਤ ਕਰ ਦਿੱਤਾ ਗਿਆ ਹੈ। ਦਿ ਇੰਡੀਪੈਂਡੇਂਟ ਅਖ਼ਬਾਰ ਦੀ ਰਿਪੋਰਟ ਅਨੁਸਾਰ ਨਾਰਥਅੰਬਰੀਆ ਦੀ 22 ਸਾਲਾ ਕੇਟੀ ਬਰੈਟ ਨੇ ਪਿਛਲੇ ਸਾਲ 14 ਦਸੰਬਰ ਨੂੰ ਨਿਉੂਕੈਸਲ ਵਿੱਚ ‘ਸਪਾਈਸ ਆਫ ਪੰਜਾਬ’ ਦੇ ਸਟਾਫ ਖਿਲਾਫ਼ ਮੰਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ। ਬੀਬੀਸੀ ਦੀ ਰਿਪੋਰਟ ਮੁਤਾਬਕ ਬਰੈਟ ਨੇ ਨਸ਼ੇ ਦੀ ਹਾਲਤ ਵਿੱਚ ਆਪਣੇ ਸਹਿਕਰਮੀਆਂ ਬਾਰੇ ਟਿੱਪਣੀਆਂ ਕੀਤੀਆਂ ਸਨ ਪਰ ਰੈਸਤਰਾਂ ਦੇ ਅਮਲੇ ਦੇ ਕੰਨੀਂ ਕੁਝ ਨਹੀਂ ਪਿਆ ਸੀ। ਜਦੋਂ ਸੀਨੀਅਰ ਅਫ਼ਸਰਾਂ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਜਾਂਚ ਸ਼ੁਰੂ ਕਰ ਦਿੱਤੀ । ਕੇਟੀ ਨੇ ਮੰਨਿਆ ਕਿ ਉਹ ਨਸ਼ੇ ਦੀ ਹਾਲਤ ਵਿੱਚ ਸੀ ਪਰ ਉਸ ਨੇ ਨਸਲੀ ਟਿੱਪਣੀਆਂ ਕਰਨ ਤੋਂ ਇਨਕਾਰ ਕੀਤਾ ਹੈ। ਅਨੁਸ਼ਾਸਨੀ ਕਮੇਟੀ ਵੱਲੋਂ ਸੁਣਵਾਈ ਤੋਂ ਬਾਅਦ ਉਸ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਨਾਰਥਅੰਬਰੀਆ ਪੁਲੀਸ ਦੇ ਪੇਸ਼ੇਵਰ ਮਿਆਰ ਵਿਭਾਗ ਦੇ ਮੁਖੀ ਸੈਵ ਪੈਟਸਾਲੋਸ ਨੇ ਕਿਹਾ ” ਮੈਂ ਇਹ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਨਾਰਥਅੰਬਰੀਆ ਪੁਲੀਸ ਅੰਦਰ ਇਹੋ ਜਿਹੀ ਭਾਸ਼ਾ ਤੇ ਕਿਸੇ ਕਿਸਮ ਦਾ ਨਸਲੀ ਵਿਹਾਰ ਬਿਲਕੁਲ ਵੀ ਸਹਿਣ ਨਹੀਂ ਕੀਤਾ ਜਾਵੇਗਾ।  ਅਸੀਂ ਅਫ਼ਸਰਾਂ ਤੇ ਸਟਾਫ ਤੋਂ ਤਵੱਕੋ ਕਰਦੇ ਹਾਂ ਕਿ ਉਹ ਹਰ ਸਮੇਂ ਉਚ ਪੇਸ਼ੇਵਰਾਨਾ  ਮਿਆਰ ਬਰਕਰਾਰ ਰੱਖਣ ਤੇ ਉਨ੍ਹਾਂ ਨੂੰ ਵੱਖ ਵੱਖ ਤਬਕਿਆਂ ਨਾਲ ਸਾਡੇ ਮਜ਼ਬੂਤ ਰਿਸ਼ਤੇ ਨੂੰ ਆਂਚ ਨਹੀਂ ਆਉਣ ਦੇਣੀ ਚਾਹੀਦੀ।”