ਟਰੰਪ ਨੂੰ ਕਿਮ ਜੌਂਗ ਨਾਲ ਮੀਟਿੰਗ ਦੇ ਚੰਗੇ ਸਿੱਟੇ ਨਿਕਲਣ ਦੀ ਆਸ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਪ੍ਰਧਾਨ ਮੰਤਰੀ ਨੇ ਚਿਤਾਵਨੀ ਦਿੱਤੀ ਹੈ ਕਿ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉਨ ਨਾਲ ਮੀਟਿੰਗ ਲਾਹੇਵੰਦ ਨਾ ਹੋਈ ਤਾਂ ਉਹ ਮੀਟਿੰਗ ‘ਚੋਂ ਵਾਕਆਊਟ ਕਰ ਜਾਣਗੇ। ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਆਉਂਦੇ ਹਫ਼ਤਿਆਂ ਵਿੱਚ ਪਰਮਾਣੂ ਹਥਿਆਰਾਂ ਨੂੰ ਨਸ਼ਟ ਕਰਨ ਸਬੰਧੀ ਕਿਮ ਨਾਲ ਮੀਟਿੰਗ ਹੋਣ ਜਾ ਰਹੀ ਹੈ। ਟਰੰਪ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਵੱਲੋਂ ਇਥੇ ਕੀਤੀ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਗਿਆ ਕਿ ਉੱਤਰੀ ਕੋਰੀਆ ‘ਤੇ ਪਰਮਾਣੂ ਹਥਿਆਰ ਨਸ਼ਟ ਕਰਨ ਸਬੰਧੀ ਵਧ ਤੋਂ ਵਧ ਦਬਾਅ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਅਜਿਹਾ ਨਹੀਂ ਸੋਚਦੇ ਕਿ ਇਹ ਮੀਟਿੰਗ ਅਸਫਲ ਰਹੇਗੀ। ਉਨ੍ਹਾਂ ਕਿਹਾ ਕਿ ਜੇ ਸਾਨੂੰ ਲੱਗਿਆ ਕਿ ਮੀਟਿੰਗ ਲਾਹੇਵੰਦ ਨਹੀਂ ਹੋਵੇਗੀ ਤਾਂ ਉਹ ਮੀਟਿੰਗ ਵਿੱਚ ਜਾਣਗੇ ਹੀ ਨਹੀਂ। ਸੂਤਰਾਂ ਅਨੁਸਾਰ ਦੋਵਾਂ ਦੇਸ਼ਾਂ ਦੇ ਅਧਿਕਾਰੀ ਮੀਟਿੰਗ ਲਈ ਪੰਜ ਸਥਾਨ ਲੱਭ ਰਹੇ ਹਨ ਪਰ ਇਨ੍ਹਾਂ ਵਿੱਚੋਂ ਅਮਰੀਕਾ ਦਾ ਕੋਈ ਵੀ ਨਹੀਂ ਹੈ। ਟਰੰਪ ਨੇ ਆਸ ਜਤਾਈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮੀਟਿੰਗ ਕਾਮਯਾਬ ਰਹੇਗੀ ਤੇ ਇਸ ਦੇ ਚੰਗੇ ਸਿੱਟੇ ਨਿਕਲਣਗੇ।
Comments (0)