ਇਲੀਨੋਇ ਸਟੇਟ ‘ਚ ਵੀ ‘ਸਿੱਖ ਹੈਰੀਟਜ ਦਿਵਸ’ ਵਜੋਂ ਮਨਾਇਆ ਜਾਵੇਗਾ ਖਾਲਸੇ ਦਾ ਜਨਮ ਦਿਹਾੜਾ ‘ਵਿਸਾਖੀ’

ਇਲੀਨੋਇ ਸਟੇਟ ‘ਚ ਵੀ ‘ਸਿੱਖ ਹੈਰੀਟਜ ਦਿਵਸ’ ਵਜੋਂ ਮਨਾਇਆ ਜਾਵੇਗਾ ਖਾਲਸੇ ਦਾ ਜਨਮ ਦਿਹਾੜਾ ‘ਵਿਸਾਖੀ’

ਗਵਰਨਰ ਬਰੂਸ ਰੌਉਂਨਰ ਵਲੋਂ ਗੁਰਦੁਆਰਾ ਸਾਹਿਬ ਪੈਲਾਟਾਇਨ ਵਿਖੇ ਸਮਾਗਮ ਦੌਰਾਨ ਅਹਿਮ ਐਲਾਨ
ਸ਼ਿਕਾਗੋ/ਬਿਊਰੋ ਨਿਊਜ਼:
ਇਲੀਨੋਇ ਸਟੇਟ ਦੇ ਗਵਰਨਰ ਬਰੂਸ ਰੌਉਂਨਰ ਵਲੋਂ ਖਾਲਸੇ ਦੇ ਜਨਮ ਦਿਹਾੜਾ ‘ਵਿਸਾਖੀ’ ਨੂੰ ‘ਸਿੱਖ ਹੈਰੀਟਜ ਦਿਵਸ’ ਐਲਾਨੇ ਜਾਣ ਦਾ ਸਿੱਖਾਂ ਨੇ ਭਰਵਾਂ ਸਵਾਗਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ ਹੈ। ਗਵਰਨਰ ਵਲੋਂ ਇਹ ਅਹਿਮ ਐਲਾਨ ਉਨ੍ਹਾਂ ਦੀ ਨੁਮਾਇੰਦਗੀ ਕਰਨ ਲਈ ਗੁਰਦੁਆਰਾ ਸਾਹਿਬ ਪੈਲਾਟਾਇਨ ਵਿਖੇ ‘ਵਿਸਾਖੀ’ ਦਿਹਾੜੇ ਸਬੰਧੀ ਸਮਾਗਮ ਵਿੱਚ ਪੁੱਜੇ ਲੈਫਟੀਨੈਂਟ ਗਵਰਨਰ ਏਵੇਲਈਨ ਸੰਗੁਏਟੀ ਵਲੋਂ ਕੀਤਾ ਗਿਆ। ਉਨ੍ਹਾਂ ਨੇ ‘ਸਿੱਖ ਹੈਰੀਟਜ ਦਿਵਸ’ ਐਲਾਨਣ ਸਬੰਧੀ ਦਸਤਾਵੇਜ ਸਿੱਖ ਰਿਲੀਜੀਅਸ ਸੁਸਾਇਟੀ ਸ਼ਿਕਾਗੋ ਦੇ ਟਰੱਸਟੀਆਂ ਨੂੰ ਸੌਂਪੇ।
ਗੁਰਦੁਆਰਾ ਸਾਹਿਬ ਪੈਲਾਟਾਇਨ ਦੇ ਪ੍ਰਧਾਨ ਡਾ. ਪ੍ਰਦੀਪ ਸਿੰਘ ਨੇ ਲੈਫਟੀਨੈਂਟ ਗਵਰਨਰ ਏਵੇਲਈਨ ਸੰਗੁਏਟੀ ਵਲੋਂ ਖੁਦ ਗੁਰੁ ਘਰ ਵਿਖੇ ਪੁੱਜਣ ਤੇ ਗਵਰਨਰ ਬਰੂਸ ਰੌਉਂਨਰ ਦੀ ਤਰਫੋਂ ‘ਵਿਸਾਖੀ’ ਨੂੰ ‘ਸਿੱਖ ਹੈਰੀਟਜ ਦਿਵਸ’ ਐਲਾਨੇ ਜਾਣ ਦਾ ਅਹਿਮ ਐਲਾਨ ਕਰਨ ਬਦਲੇ ਧੰਨਵਾਦ ਕੀਤਾ।
ਪਹਿਲਾਂ ਲੈਫਟੀਨੈਂਟ ਗਵਰਨਰ ਏਵੇਲਈਨ ਸੰਗੁਏਟੀ ਦਾ ਗੁਰੂ ਘਰ ਪੁੱਜਣ ਮੌਕੇ ਸਿੱਖ ਸੰਡੇ ਸਕੂਲ ਦੇ ਬੱਚਿਆਂ ਨੇ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਸਵਾਗਤ ਕੀਤਾ। ਲੈਫਟੀਨੈਂਟ ਗਵਰਨਰ ਨੇ ਗੁਰੂ ਘਰ ਵਿਖੇ ਲੰਗਰ ਦਾ ਦੌਰਾ ਕਰਕੇ ਪਰਸ਼ਾਦੇ ਬਣਦੇ ਵੇਖੇ।
ਪੰਜਾਬੀ ਕਲਚਰਲ ਸੁਸਾਇਟੀ ਦੀ ਰੂਹ-ਏ-ਰਵਾਂ ਰਾਜਿੰਦਰ ਸਿੰਘ ਮਾਗੋ ਨੇ ਇਸ ਸਮਾਗਮ ਸਬੰਧੀ ਗਰਵਨਰ ਦਫ਼ਤਰ ਅਤੇ ਗੁਰੂ ਘਰ ਦੇ ਪ੍ਰਬੰਧਕਾਂ ਵਿਚਾਲੇ ਸਗਿਯੋਗ ਲਈ ਮੁੱਖ ਭੂਮਿਕਾ ਨਿਭਾਈ।
ਗੁਰਦੁਆਰਾ ਸਾਹਿਬ ਪੈਲਾਟਾਇਨ ਵਿਖੇ ਵਿਸਾਖੀ’ ਸਮਾਗਮ ਮੌਕੇ ਭਾਰੀ ਗਿਣਤੀ ਵਿੱਚ ਸੰਗਤਾਂ ਪੁਜੀਆਂ ਹੋਈਆਂ ਸਨ। ਇੱਕ ਹਜ਼ਾਰ ਤੋਂ ਵੱਧ ਸੰਗਤ ਨੇ ਕੀਰਤਨ ਤੇ ਅਰਦਾਸ ਮੌਕੇ ਹਾਜ਼ਰ ਹੋਣ ਬਾਅਦ ਗੁਰੂ ਕਾ ਲੰਗਰ ਛਕਿਆ।
‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਵਿਚਕਾਰ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੇ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਨਤਮਸਤਕ ਹੋਏ।
ਗੁਰਦੁਆਰਾ ਸਾਹਿਬ ਪੈਲਾਟਾਇਨ ਤੋਂ ਇਲਾਵਾ ਵੀਟਨ ਅਤੇ ਸ਼ਿਕਾਗੋ ਇਲੀਨੋਇ ਦੇ ਗੁਰਦੁਆਰਾ ਸਾਹਿਬਾਨ ਵਿੱਚ ਖਾਲਸੇ ਦਾ ਜਨਮ ਦਿਹਾੜਾ ‘ਵਿਸਾਖੀ’ ਭਾਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।