ਡਾਕਟਰ ਗੁਰਮੀਤ ਸਿੰਘ ਔਲਖ ਨੂੰ ਸ਼ਰਧਾਜਲੀਆਂ

ਡਾਕਟਰ ਗੁਰਮੀਤ ਸਿੰਘ ਔਲਖ ਨੂੰ ਸ਼ਰਧਾਜਲੀਆਂ

ਭਾਈ ਰਾਮ ਸਿੰਘ ਵਲੋਂ ਗੁਰਦੁਆਰਾ ਸਾਹਿਬ ਫਰੀਮਾਂਟ ਤੇ ਸਮੁੱਚੀ 
ਸੰਗਤ ਦੀ ਤਰਫੋਂ ਡਾਕਟਰ ਔਲਖ ਦੇ ਪਰਿਵਾਰ ਦਾ ਸਨਮਾਨ
ਫਰੀਮਾਂਟ/ਬਿਊਰੋ ਨਿਊਜ਼:
ਮਰਹੂਮ ਖਾਲਿਸਤਾਨੀ ਆਗੂ ਅਤੇ ਕੌਂਸਲ ਆਫ਼ ਖਾਲਿਸਤਾਨ ਦੇ ਪ੍ਰਧਾਨ ਡਾਕਟਰ ਗੁਰਮੀਤ ਸਿੰਘ ਔਲਖ, ਜਿਹੜੇ ਕੁਝ ਦਿਨ ਪਹਿਲਾਂ ਪਰਿਵਾਰ ਨੂੰ ਅਤੇ ਸਮੁੱਚੀ ਸਿੱਖ ਕੌਮ ਨੂੰ ਸਦੀਵੀਂ ਬੇਛੋੜਾ ਦੇ ਗਏ ਸਨ, ਉਨ੍ਹਾਂ ਦੇ ਪੰਜ ਭੂਤਕ ਸਰੀਰ ਨੂੰ ਵਰਜੀਨੀਆ ਵਿਚ ਲੰਘੇ ਸ਼ਨਿਚਰਵਾਰ 1 ਜੁਲਾਈ 2017 ਨੂੰ ਅਗਨ ਭੇਂਟ ਕੀਤਾ ਗਿਆ।
ਇਸ ਮੌਕੇ ਸ਼ਰਧਾਂਜਲੀ ਸਮਾਗਮ ‘ਚ ਵੱਖੋ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਬੁਲਾਰਿਆਂ ਵੱਲੋਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਉਥੇ ਕੈਲੀਫੋਰਨੀਆ ਦੇ ਪ੍ਰਸਿੱਧ ਸ਼ਹੀਦਾਂ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਫਰੀਮਾਂਟ ਵੱਲੋਂ ਭਾਈ ਰਾਮ ਸਿੰਘ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਜਿਸ ਤਰੀਕੇ ਨਾਲ ਸੰਨ 1984 ਤੋਂ ਬਾਅਦ ਆਪਣੇ ਕੈਰੀਅਰ ਦੀ ਪ੍ਰਵਾਹ ਨਾ ਕਰਦਿਆਂ, ਸਿੱਖ ਕੌਮ ਤੇ ਹੋਏ ਜ਼ੁਲਮਾਂ ਦੀ ਦਾਸਤਾਨ ਨੂੰ ਦੁਨੀਆਂ ਦੇ ਸਾਹਮਣੇ ਰੱਖਣ ਦਾ ਯਤਨ ਕੀਤਾ, ਉਹ ਬਹੁਤ ਵੱਡਾ ਯੋਗਦਾਨ ਹੈ। ਡਾ. ਔਲਖ ਨੇ ਨਿਧੜਕਤਾ ਨਾਲ ਕੌਮੀ ਆਵਾਜ਼ ਨੂੰ ਅਮਰੀਕਾ ਅਤੇ ਹੋਰ ਦੇਸ਼ਾਂ ਵਿਚ ਬੁਲੰਦ ਕੀਤਾ।
ਬੁਲਾਰਿਆਂ ਨੇ ਇਸ ਮੌਕੇ ਡਾਕਟਰ ਔਲਖ ਵਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕਰਦਿਆਂ, ਗੁਰੂ ਚਰਨਾਂ ਵਿਚ ਜਾ ਵਿਰਾਜੇ ਡਾਕਟਰ ਗੁਰਮੀਤ ਸਿੰਘ ਔਲਖ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ।
ਭਾਈ ਰਾਮ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਫਰੀਮਾਂਟ ਅਤੇ ਸਮੁੱਚੀ ਸੰਗਤ ਵੱਲੋਂ ਡਾਕਟਰ ਗੁਰਮੀਤ ਸਿੰਘ ਔਲਖ ਦੇ ਪਰਿਵਾਰ ਨੂੰ ਪਲੇਕ ਦੇ ਕੇ ਸਨਮਾਨਿਤ ਕੀਤਾ।