ਉੱਘੇ ਗਜ਼ਲਗੋ ਹਰਭਜਨ ਸਿੰਘ ਬੈਂਸ ਦੇ ਜਨਮ ਦਿਨ ‘ਤੇ ਸਿਆਟਲ ਵਿਚ ਸਨਮਾਨ ਸਮਾਗਮ

ਉੱਘੇ ਗਜ਼ਲਗੋ ਹਰਭਜਨ ਸਿੰਘ ਬੈਂਸ ਦੇ ਜਨਮ ਦਿਨ ‘ਤੇ ਸਿਆਟਲ ਵਿਚ ਸਨਮਾਨ ਸਮਾਗਮ

ਸੈਨਹੋਜ਼ੇ/ਤਰਲੋਚਨ ਸਿੰਘ ਦੁਪਾਲਪੁਰ:
ਪੰਜਾਬੀ ਸਾਹਿਤ ਦੇ ਉੱਘੇ ਹਸਤਾਖਰ ਉਸਤਾਦ ਸ਼ਾਇਰ ਸ੍ਰੀ ਹਰਭਜਨ ਸਿੰਘ ਬੈਂਸ ਦਾ ਬੀਤੇ ਸ਼ਨੀਵਾਰ ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਸਨਮਾਨ ਕੀਤਾ ਗਿਆ। ਸ੍ਰੀ ਬੈਂਸ ਦਾ ਚੁਰਾਸੀ ਵਾਂ ਜਨਮ ਦਿਨ ਮਨਾਉਣ ਲਈ ਸਭਾ ਦੇ ਜਨਰਲ ਸਕੱਤਰ ਸ੍ਰੀ ਅਵਤਾਰ ਸਿੰਘ ਆਦਮ ਪੁਰੀ ਦੇ ਗ੍ਰਹਿ ਵਿਖੇ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕੀਤਾ ਗਿਆ। ਪੰਜਾਬੀ ਸਾਹਿਤ ਦੇ ਖਜ਼ਾਨੇ ਨੂੰ ਆਪਣੀਆਂ ਕਈ ਕਿਤਾਬਾਂ ਨਾਲ ਮਾਲਾ ਮਾਲ ਕਰਨ ਵਾਲੇ ਸ.ਬੈਂਸ ਦੇ ਸਵਾਗਤ ਵਿਚ ਸਭ ਤੋਂ ਪਹਿਲਾਂ ਕਵੀ ਦਰਬਾਰ ਸਜਿਆ, ਜਿਸ ਵਿਚ ਸਥਾਨਕ ਕਵੀਆਂ ਨੇ ਆਪੋ ਆਪਣੀਆਂ ਤਾਜ਼ਾ ਤਰੀਨ ਕਵਿਤਾਵਾਂ ਸੁਣਾ ਕੇ ਸਾਹਿਤਕ ਰੰਗ ਬਿਖੇਰਿਆ। ਲਗਭਗ ਛੇ ਭਾਸ਼ਾਵਾਂ ਦੇ ਗਿਆਤਾ ਸ.ਬੈਂਸ ਨੇ ਵੀ ਕਵੀਆਂ ਦੀ ਮੰਗ ਮੁਤਾਬਕ ਨਵੀਆਂ ਪੁਰਾਣੀਆਂ ਗਜ਼ਲਾਂ ਸੁਣਾਈਆਂ। ਉਨ੍ਹਾਂ ਸ਼ਗਿਰਦ ਸ਼ਾਇਰਾਂ ਨੂੰ ਇਹ ਸਲਾਹ ਵੀ ਦਿੱਤੀ ਕਿ ਉਹ ਸਾਹਿਤ ਦੇ ਗਹਿਰ ਗੰਭੀਰ ਅਧਿਐਨ ਦੇ ਨਾਲ ਨਾਲ ਪਿੰਗਲ ਤੇ ਅਰੂਜ਼ ‘ਚ ਵੀ ਮੁਹਾਰਤ ਜ਼ਰੂਰ ਹਾਸਲ ਕਰਨ।
ਲਗਭਗ ਚਾਰ ਕੁ ਘੰਟੇ ਚੱਲੇ ਇਸ ਸਾਹਿਤਕ ਸਮਾਗਮ ਵਿਚ ਸਰਵ ਹਰਦਿਆਲ ਸਿੰਘ ਚੀਮਾ, ਸੰਸਿੰਘ ਸਿੱਧੂ, ਡਾ. ਜੇ ਬੀ ਸਿੰਘ, ਅਮਰਜੀਤ ਸਿੰਘ ਤ੍ਰਸਿੱਕਾ ਸਾਧੂ ਸਿੰਘ ਝੱਜ, ਮਹਿੰਦਰ ਸਿੰਘ ਚੀਮਾ, ਭਾਈ ਰਘੁਬੀਰ ਸਿੰਘ ਜ਼ਖਮੀ ਅਤੇ ਬਲਿਹਾਰ ਲਹਿਲ ਤੋਂ ਇਲਾਵਾ ਕੁੱਝ ਸ਼ਾਇਰਾ ਬੀਬੀਆਂ ਨੇ ਵੀ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿਚ ਸਵਰਾਜ ਕੌਰ, ਮਨਜੀਤ ਕੌਰ ਗਿੱਲ, ਡਾ. ਜਸਬੀਰ ਕੌਰ ਅਤੇ ਦਲਜੀਤ ਕੌਰ ਚੀਮਾ ਸ਼ਾਮਲ ਸਨ। ਕਵੀਸ਼ਰੀ ਜਥੇ ਵਜੋਂ ਪੂਰੇ ਅਮਰੀਕਾ ਵਿਚ ਪ੍ਰਸਿੱਧੀ ਖੱਟਣ ਵਾਲੇ ਭਾਈ ਪ੍ਰਿਤਪਾਲ ਸਿੰਘ ਦੇ ਬੱਚਿਆਂ ਕਾਕਾ ਹਰਜੋਤ ਸਿੰਘ ਤੇ ਭਗੀਰਥ ਸਿੰਘ ਨੇ ਜੋਸ਼ੀਲੇ ਅੰਦਾਜ਼ ਨਾਲ ਕਵੀਸ਼ਰੀ ਵੀ ਗਾਈ। ਹਰਦਿਆਲ ਸਿੰਘ ਬਹਿਣੀਵਾਲ ਨੇ ਸਟੇਜ ਸੰਚਾਲਨ ਦੇ ਫਰਜ਼ ਬਾਖੂਬੀ ਨਿਭਾਏ। ਅਖੀਰ ਵਿਚ ਭਾਈ ਅਵਤਾਰ ਸਿੰਘ ਆਦਮ ਪੁਰੀ ਦੇ ਪ੍ਰਵਾਰ ਵੱਲੋਂ ਤਿਆਰ ਕੀਤੇ ਗਏ ਪ੍ਰੀਤੀ ਭੋਜਨ ਦਾ ਸਭ ਨੇ ਆਨੰਦ ਮਾਣਿਆ।