ਬਰਤਾਨਵੀ ਸੰਸਦ ‘ਤੇ ਹਮਲੇ ਦੀ ਇਸਲਾਮਿਕ ਸਟੇਟ ਨੇ ਲਈ ਜ਼ਿੰਮੇਵਾਰੀ

ਬਰਤਾਨਵੀ ਸੰਸਦ ‘ਤੇ ਹਮਲੇ ਦੀ ਇਸਲਾਮਿਕ ਸਟੇਟ ਨੇ ਲਈ ਜ਼ਿੰਮੇਵਾਰੀ

ਲੰਡਨ/ਬਿਊਰੋ ਨਿਊਜ਼ :
ਬਰਤਾਨੀਆ ਦੀ ਸੰਸਦ ‘ਤੇ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਖਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ ਐਸ) ਨੇ ਲਈ ਹੈ। ਉਸ ਨੇ ਦਾਅਵਾ ਕੀਤਾ ਕਿ ਖਿਲਾਫ਼ਤ ਦੇ ਸਿਪਾਹੀ ਨੇ ਬਰਤਾਨਵੀ ਸੰਸਦ ‘ਤੇ ਹਮਲੇ ਨੂੰ ਅੰਜ਼ਾਮ ਦਿੱਤਾ। ਹਾਲਾਂਕਿ ਹਮਲੇ ਮਗਰੋਂ ਹੀ ਇਸ ਪਿੱਛੇ ਆਈ.ਐਸ.ਆਈ.ਐਸ. ਦਾ ਹੱਥ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ।
ਇਸ ਮਾਮਲੇ ਵਿਚ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਹਮਲੇ ਵਿਚ 5 ਮੌਤਾਂ ਹੋਈਆਂ ਸਨ, ਜਦਕਿ 40 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਹੋਈ ਹੈ। ਇਸ ਹਮਲੇ ਵਿਚ 48 ਸਾਲਾ ਪੁਲੀਸ ਅਧਿਕਾਰੀ ਕੀਥ ਪਾਲਮਰ, ਲੰਡਨ ਦੇ ਡੀ ਐਲ ਡੀ ਕਾਲਜ ਵਿੱਚ ਕੰਮ ਕਰਨ ਵਾਲੀ ਆਈਸ਼ਾ ਫਰੇਡ ਤੇ ਇੱਕ 50 ਸਾਲਾ ਵਿਅਕਤੀ ਅਤੇ ਹਮਲਾਵਰ ਸਮੇਤ 5 ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ। ਜਦਕਿ 7 ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਮੌਕੇ ਮ੍ਰਿਤਕ ਪੁਲੀਸ ਅਧਿਕਾਰੀ ਪਾਲਮਰ ਕੋਲ ਹਥਿਆਰ ਨਹੀਂ ਸੀ। ਇਸ ਮੌਕੇ ਤਿੰਨ ਹੋਰ ਪੁਲੀਸ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਵਿਚ 12 ਬਰਤਾਨਵੀ ਨਾਗਰਿਕ, 3 ਫਰਾਂਸ ਦੇ ਸਕੂਲੀ ਬੱਚੇ, 2 ਰੁਮਾਨੀਅਨ, 4 ਦੱਖਣੀ ਕੋਰੀਆ ਦੇ, 1 ਜਰਮਨੀ, 1 ਪੋਲੀ, 1 ਆਇਰਸ਼, 1 ਚੀਨੀ, 1 ਇਟਾਲੀਅਨ, 1 ਅਮਰੀਕਨ ਅਤੇ ਦੋ ਗਰੀਕ ਨਾਗਰਿਕ ਹਨ। ਹਮਲਾਵਰ ਦੀ ਪਛਾਣ 52 ਸਾਲ ਦੇ ਖਾਲਿਦ ਮਸੂਦ ਵਜੋਂ ਹੋਈ ਹੈ, ਜਿਸ ਨੂੰ 1983 ਤੇ 2003 ਵਿਚ ਅਪਰਾਧਿਕ ਮਾਮਲਿਆਂ ਵਿਚ ਪਹਿਲਾਂ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ।
ਹਮਲੇ ਸਬੰਧੀ ਹਥਿਆਰਬੰਦ ਪੁਲੀਸ ਨੇ ਬ੍ਰਮਿੰਘਮ ਦੇ ਇਕ ਫਲੈਟ ਤੋਂ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਜਿਸ ਜਗ੍ਹਾ ਤੋਂ ਇਹ ਗ੍ਰਿਫਤਾਰੀਆਂ ਹੋਈਆਂ ਹਨ, ਹਮਲਾਵਰ ਵੀ ਉੱਥੇ ਹੀ ਰਹਿੰਦਾ ਸੀ, ਹਮਲਾਵਰ ਬਰਤਾਨੀਆ ਦਾ ਹੀ ਜੰਮਪਲ ਹੈ। ਜਦਕਿ ਲੰਡਨ ਅਤੇ ਬ੍ਰਮਿੰਘਮ ਵਿੱਚ ਛਾਪੇਮਾਰੀ ਦੌਰਾਨ ਪੁਲੀਸ ਨੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸੰਸਦ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਵਜੋਂ ਇੱਕ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਰਾਸ਼ਟਰੀ ਝੰਡਾ ਵੀ ਹੇਠਾਂ ਕੀਤਾ ਗਿਆ।
ਪ੍ਰਧਾਨ ਮੰਤਰੀ ਥਰੀਸਾ ਮੇਅ ਨੇ ਸੰਸਦ ਵਿੱਚ ਕਿਹਾ, ”ਅਸੀਂ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਡਰਦੇ ਨਹੀਂ, ਅੱਤਵਾਦ ਦਾ ਸਾਹਮਣਾ ਕਰਨ ਦਾ ਸੰਕਲਪ ਲੈਂਦੇ ਹਾਂ।” ਥਰੀਸਾ ਮੇਅ ਨੇ ਕਿਹਾ ਕਿ ਅੱਤਵਾਦੀ ਉਸ ਜਗ੍ਹਾ ਆਏ ਜਿੱਥੇ ਹਰ ਦੇਸ਼ ਅਤੇ ਹਰ ਸਭਿਆਚਾਰ ਦੇ ਲੋਕ ਇਕੱਠੇ ਹੁੰਦੇ ਹਨ, ਇਹ ਹਮਲਾ ਬੇਕਸੂਰ ਲੋਕਾਂ ‘ਤੇ ਹੈ। ਉਨ੍ਹਾਂ ਸੰਸਾਰ ਦੇ ਉਨ੍ਹਾਂ ਲੋਕਾਂ ਦਾ ਧੰਨਵਾਦ ਕੀਤਾ ਜੋ ਇਸ ਦੁੱਖ ਦੇ ਸਮੇਂ ਉਨ੍ਹਾਂ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਹਮਲਾਵਰ ਇਸਲਾਮਿਕ ਅੱਤਵਾਦ ਤੋਂ ਪ੍ਰੇਰਿਤ ਸੀ ਅਤੇ ਬਰਤਾਨਵੀ ਨਾਗਰਿਕ ਸੀ ਅਤੇ ਉਸ ਨੂੰ ਪੁਲੀਸ ਜਾਣਦੀ ਹੈ ਉਸ ਦੀ ਕੁਝ ਵਰ੍ਹੇ ਪਹਿਲਾਂ ਹਿੰਸਕ ਗਤੀਵਿਧੀਆਂ ਵਿਚ ਜਾਂਚ ਹੋਈ ਸੀ।
ਬਰਤਾਨੀਆ ਦੇ ਸਿੱਖਾਂ ਵੱਲੋਂ ਹਮਲੇ ਦੀ ਨਿੰਦਾ :
ਬਰਤਾਨਵੀ ਸਿੱਖਾਂ ਨੇ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਸਿੱਖ ਫੈਡਰੇਸ਼ਨ (ਯੂ.ਕੇ) ਨੇ ਹਿੰਸਾ ਅਤੇ ਅੱਤਵਾਦ ਦੇ ਖਿਲਾਫ਼ ਇਕਜੁਟਤਾ ਦਾ ਸੱਦਾ ਦਿੱਤਾ ਅਤੇ ਸਿੱਖ ਭਾਈਚਾਰੇ ਨੂੰ ਆਗਾਹ ਕੀਤਾ ਹੈ ਕਿ ਉਹ ਸ਼ਾਂਤ ਅਤੇ ਚੌਕਸ ਰਹਿਣ। ਸਿੱਖ ਫੈਡਰੇਸ਼ਨ ਦੇ ਮੁਖੀ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਸੰਸਦ ਮੈਂਬਰਾਂ ਦੀ ਰੱਖਿਆ ਕਰਦੇ ਹੋਏ ਆਪਣੀ ਜਾਨ ਗਵਾਉਣ ਵਾਲੇ ਕੀਥ ਪਾਲਮਰ, ਹਮਲੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ, ਜ਼ਖਮੀ ਹੋਏ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਾਡੀ ਹਮਦਰਦੀ ਹੈ। ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਸ. ਗੁਰਮੇਲ ਸਿੰਘ ਮੱਲ੍ਹੀ ਨੇ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਮਨੁੱਖਤਾ ‘ਤੇ ਹਮਲਾ ਹੈ ਅਤੇ ਬੇਕਸੂਰ ਲੋਕਾਂ ਦੀ ਹੱਤਿਆ ਕਰਨਾ ਇਨਸਾਨੀਅਤ ਨਹੀਂ।