ਸਿੱਖ ਟੈਂਪਲ ਗੁਰਦੁਆਰਾ ਯੂਬਾ ਸਿਟੀ ਵਿੱਚ ਪ੍ਰਕਾਸ਼ ਦਿਹਾੜਾ ਮਨਾਇਆ

ਸਿੱਖ ਟੈਂਪਲ ਗੁਰਦੁਆਰਾ ਯੂਬਾ ਸਿਟੀ ਵਿੱਚ ਪ੍ਰਕਾਸ਼ ਦਿਹਾੜਾ ਮਨਾਇਆ

ਗੁਰੂ ਘਰ ਦੀਆਂ ਸੇਵਾਵਾਂ ਲਈ ਥਿਆੜਾ ਪਰਿਵਾਰ ਦਾ ਸਨਮਾਨ
ਯੂਬਾ ਸਿਟੀ/ਬਿਊਰੋ ਨਿਊਜ਼ :
ਸਿੱਖ ਟੈਂਪਲ ਗੁਰਦੁਆਰਾ ਯੂਬਾ ਸਿਟੀ ਵਿੱਚ ਸਾਹਿਬੇ-ਏ-ਕਮਾਲ ਗੁਰੁ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ। 9 ਨਵੰਬਰ ਤੋਂ ਹੀ ਗੁਰੂਘਰ ਵਿੱਚ ਅਖੰਡ ਪਾਠ ਸਾਹਿਬ ਦੀ ਲੜੀ ਅਰੰਭ ਸੀ, ਜਿਸ ਦੇ ਅਖੀਰਲੇ ਅਖੰਡ ਪਾਠ ਸਾਹਿਬ ਦੀ ਸੇਵਾ ਸਮੂਹ ਸਾਧ ਸੰਗਤ ਵੱਲੋਂ ਕੀਤੀ ਗਈ। ਭੋਗ ਉਪਰੰਤ ਕੀਰਤਨ ਦੀਵਾਨ ਸਜਾਇਆ ਗਿਆ, ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜਥੇ ਭਾਈ ਉਂਕਾਰ ਸਿੰਘ ਜੀ ਊਨੇ ਵਾਲੇ, ਭਾਈ ਨਿਰੰਜਨ ਸਿੰਘ ਜਵੱਦੀ ਕਲਾਂ ਵਾਲਿਆਂ ਨੇ ਕੀਰਤਨ ਨਾਲ ਅਤੇ ਬੀਬੀ ਚੰਚਲਦੀਪ ਕੌਰ ਖਾਲਸਾ ਦੇ ਢਾਢੀ ਜਥੇ ਨੇ ਢਾਢੀ ਵਾਰਾਂ ਨਾਲ ਅਤੇ ਭਾਈ ਸਾਹਿਬ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਨੇ ਗੁਰ ਇਤਿਹਾਸ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂਘਰ ਦੇ ਸਕੱਤਰ ਸ. ਸਰਬਜੀਤ ਸਿੰਘ ਥਿਆੜਾ ਪੁੱਤਰ ਸ. ਮਹਿੰਦਰ ਸਿੰਘ ਥਿਆੜਾ, ਹਰਮਨ ਥਿਆੜਾ ਨੂੰ ਗੁਰੂਘਰ ਵਿੱਚ ਕੀਤੀਆਂ ਬੇਅੰਤ ਸੇਵਾਵਾਂ ਕਰਕੇ ਗੁਰੂ ਘਰ ਦੇ ਪ੍ਰਧਾਨ ਸ. ਜਸਵੰਤ ਸਿੰਘ ਬੈਂਸ ਅਤੇ ਸਮੂਹ ਪ੍ਰਬੰਧਕਾਂ ਨੇ ਸਿਰਪਾਉ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਥਿਆੜਾ ਪਰਿਵਾਰ ਵਲੋਂ ਖਾਸ ਕਰਕੇ 1 ਲੱਖ ਦਸ ਹਜ਼ਾਰ ਸਕੇਅਰ ਫੁੱਟ ਦੀ ਪਾਰਕਿੰਗ, ਜਿਸ ਵਿੱਚ ਤਕਰੀਬਨ 400 ਕਾਰਾਂ ਦੀ ਪਾਰਕਿੰਗ ਅਤੇ ਨਗਰ ਕੀਰਤਨ ਸਮੇਂ ਦੁਕਾਨਾਂ ਵਾਸਤੇ ਥਾਂ ਤਿਆਰ ਕੀਤੀ ਗਈ ਹੈ, ਨਾਲ ਗੁਰੂ ਘਰ ਨੂੰ ਹਰ ਸਾਲ ਇਕ ਲੱਖ ਡਾਲਰ ਦੀ ਆਮਦਨ ਹੋਵੇਗੀ। ਨਗਰ ਕੀਰਤਨ ਦੌਰਾਨ ਆਤਸ਼ਿਬਾਜ਼ੀ ਦੀ ਸੇਵਾ ਤੇ ਹਰ ਸਾਲ ਨਿਸ਼ਾਨ ਸਾਹਿਬ ਦੀ ਸੇਵਾ ਵੀ ਥਿਆੜਾ ਪਰਿਵਾਰ ਹੀ ਕਰਦਾ ਹੈ। ਇਹ ਜਾਣਕਾਰੀ ਗੁਰੂਘਰ ਦੇ ਖਜਾਨਚੀ ਸ. ਪਰਮਿੰਦਰ ਸਿੰਘ ਗਰੇਵਾਲ ਨੇ ਸੰਗਤਾਂ ਨਾਲ ਸਾਂਝੀ ਕੀਤੀ। ਇਸ ਦੌਰਾਨ ਸ. ਸਰਬਜੀਤ ਸਿੰਘ ਥਿਆੜਾ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਉਹ ਗੁਰੂ ਘਰ ਲਈ ਅਤੇ ਸੰਗਤਾਂ ਲਈ ਹਰ ਵਕਤ ਹਾਜ਼ਰ ਹਨ।