ਮਨਜੀਤ ਸਿੰਘ ਜੀਕੇ ਕੁੱਟਮਾਰ ਕੇਸ ਵਿਚ ਦੋ ਸਿੱਖਾਂ ਦੀ ਗ੍ਰਿਫਤਾਰੀ ਤੇ ਜ਼ਮਾਨਤ

ਮਨਜੀਤ ਸਿੰਘ ਜੀਕੇ ਕੁੱਟਮਾਰ ਕੇਸ ਵਿਚ ਦੋ ਸਿੱਖਾਂ ਦੀ ਗ੍ਰਿਫਤਾਰੀ ਤੇ ਜ਼ਮਾਨਤ

ਜਲੰਧਰ/ਬਿਊਰੋ ਨਿਊਜ਼ :
ਕੈਲੀਫੋਰਨੀਆ ਦੀ ਸਟਰ ਕੰਟਰੀ ਪੁਲੀਸ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ 26 ਅਗਸਤ ਨੂੰ ਯੂਬਾ ਸਿਟੀ ਦੇ ਗੁਰਦੁਆਰੇ ਨੇੜੇ ਕੀਤੀ ਗਈ ਕੁੱਟਮਾਰ ਦੇ ਮਾਮਲੇ ਸਬੰਧੀ ਜਸਬੀਰ ਸਿੰਘ ਲੁਬਾਣਾ ਤੇ ਉਸ ਦੇ ਪੁੱਤਰ ਗਗਨਦੀਪ ਸਿੰਘ ਲੁਬਾਣਾ ਨੂੰ ਗ੍ਰਿਫ਼ਤਾਰ ਕੀਤਾ ਪਰ ਇਸ ਤੋਂ ਦਸ ਕੁ ਘੰਟਿਆਂ ਬਾਅਦ ਹੀ ਸਿੱਖਜ਼ ਫਾਰ ਜਸਟਿਸ ਦੇ ਵਕੀਲਾਂ ਨੇ ਇਕ ਮੁਕਾਮੀ ਅਦਾਲਤ ਤੋਂ ਦੋਵਾਂ ਦੀ ਜ਼ਮਾਨਤ ਲੈ ਲਈ। ਦੋਵੇਂ ਪਿਓ-ਪੁੱਤਰ ਕੈਲੀਫੋਰਨੀਆ ਦੇ ਵਸਨੀਕ ਹਨ ਤੇ ਪਤਾ ਚੱਲਿਆ ਹੈ ਕਿ ਜਸਬੀਰ ਸਿੰਘ ‘ਰੈਫਰੰਡਮ 2020’ ਦੀ ਮੁਹਿੰਮ ਨਾਲ ਜੁੜਿਆ ਹੋਇਆ ਹੈ। ਇਸ ਤੋਂ ਇਲਾਵਾ ਉਹ ਸਾਬਕਾ ਕਾਂਗਰਸ ਐਮਪੀ ਜਗਦੀਸ਼ ਟਾਈਟਲਰ ਖ਼ਿਲਾਫ਼ ਚੱਲ ਰਹੇ ਦਿੱਲੀ ਕਤਲੇਆਮ ਦੇ ਇਕ ਕੇਸ ਦਾ ਅਹਿਮ ਗਵਾਹ ਵੀ ਰਿਹਾ ਹੈ। ਉਨ੍ਹਾਂ ਖ਼ਿਲਾਫ਼ ਕੈਲੀਫੋਰਨੀਆ ਪੀਨਲ ਕੋਡ ਦੀ ਧਾਰਾ 245 (ਏ) (4) ਤਹਿਤ ਦੋਸ਼ ਆਇਦ ਕੀਤੇ ਗਏ ਹਨ।
ਪੁਲੀਸ ਨੇ ਕੁੱਟਮਾਰ ਦੀ ਘਟਨਾ ਦੀ ਇਕ ਵੀਡੀਓ ਕਲਿੱਪ ਦੇ ਅਧਾਰ ‘ਤੇ ਇਹ ਗ੍ਰਿਫ਼ਤਾਰੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਜਸਬੀਰ ਸਿੰਘ ਤੇ ਗਗਨਦੀਪ ਸਿੰਘ ਇਕ ਵਿਅਕਤੀ ਨੂੰ ਕੁੱਟਦੇ ਨਜ਼ਰ ਆ ਰਹੇ ਹਨ। ਉਂਜ, ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਵੀਡੀਓ ਕਲਿਪ ਵਿੱਚ ਕੁੱਟਿਆ ਜਾਣ ਵਾਲਾ ਸ਼ਖ਼ਸ ਮਨਜੀਤ ਸਿੰਘ ਜੀਕੇ ਹੀ ਹੈ ਜਾਂ ਕੋਈ ਹੋਰ। ਪੁਲੀਸ ਨੇ ਦੋਵਾਂ ਨੂੰ ਮਾਮਲੇ ਦੀ ਜਾਂਚ ਲਈ ਤਲਬ ਕੀਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਕੈਲੀਫੋਰਨੀਆ ਵਿੱਚ ਭਾਰਤੀ ਕੌਂਸਲਖ਼ਾਨੇ ਦੇ ਅਧਿਕਾਰੀਆਂ ਨੇ ਪਿਤਾ-ਪੁੱਤਰ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ।
ਜ਼ਿਕਰਯੋਗ ਹੈ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਮਨਜੀਤ ਸਿੰਘ ਜੀਕੇ ‘ਤੇ ਲੰਘੀ 26 ਅਗਸਤ ਨੂੰ ਯੂਬਾ ਸਿਟੀ ਵਿੱਚ ਉਦੋਂ ਹਮਲਾ ਹੋਇਆ ਸੀ ਜਦੋਂ ਉਹ ਇਕ ਗੁਰਦੁਆਰੇ ਵਿੱਚ ਹੋਣ ਵਾਲੇ ਸਮਾਗਮ ਵਿੱਚ ਤਕਰੀਰ ਕਰਨ ਜਾ ਰਹੇ ਸਨ। ਇਸ ਤੋਂ ਪੰਜ ਕੁ ਦਿਨ ਪਹਿਲਾਂ ਨਿਊ ਯਾਰਕ ਵਿੱਚ ਵੀ ਉਨ੍ਹਾਂ ਨਾਲ ਹੱਥੋ-ਪਾਈ ਦੀ ਘਟਨਾ ਹੋਈ ਸੀ ਜਦੋਂ ਇਕ ਟੀਵੀ ਡਿਬੇਟ ਵਿੱਚ ਸ਼ਾਮਲ ਹੋਣ ਮਗਰੋਂ ਬਾਹਰ ਆ ਰਹੇ ਸਨ।