ਸਿੱਧੂ ਦੀ ਪਾਕਿ ਫੌਜ ਮੁਖੀ ਨੂੰ ਪਾਈ ਗਲਵੱਕੜੀ ‘ਤੇ ਪੰਜਾਬ ਖੁਸ਼
ਨਵਜੋਤ ਸਿੱਧੂ ਪਾਕਿਸਤਾਨੀ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਉਂਦੇ ਹੋਏ।
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਨੇ ਸੋਸ਼ਲ ਮੀਡੀਆ ‘ਤੇ ਵਾਹ ਵਾਹ ਖੱਟੀ ਹੈ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਪੰਜਾਬ ਦੇ ਇਸ ਮੰਤਰੀ ਦੀ ਗੁਆਂਢੀ ਮੁਲਕ ਵਿਚ ਫੇਰੀ ਦਾ ਵਿਰੋਧੀ ਰਾਜਸੀ ਪਾਰਟੀਆਂ ਅਤੇ ‘ਆਪਣਿਆਂ’ (ਕਾਂਗਰਸੀ ਆਗੂਆਂ) ਵੱਲੋਂ ਭਾਵੇਂ ਵਿਰੋਧ ਕੀਤਾ ਗਿਆ ਹੈ, ਪਰ ਸੋਸ਼ਲ ਮੀਡੀਆ ‘ਤੇ ਆਮ ਲੋਕਾਂ ਵੱਲੋਂ ਸਿੱਧੂ ਦੇ ਹੱਕ ਵਿੱਚ ਖੁੱਲ੍ਹ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਪ੍ਰਚਾਰ ਵਿਚ ਪੰਜਾਬੀਆਂ ਨੇ ਮੋਰਚਾ ਸੰਭਾਲਿਆ ਹੋਇਆ ਹੈ। ਸੀਨੀਅਰ ਪੱਤਰਕਾਰਾਂ, ਚਿੰਤਕਾਂ ਤੇ ਬੁੱਧੀਜੀਵੀਆਂ ਵੱਲੋਂ ਵੀ ਸਿੱਧੂ ਦੇ ਇਸ ਕਦਮ ਦਾ ਸਮਰਥਨ ਕੀਤਾ ਜਾ ਰਿਹਾ ਹੈ।
ਸਿੱਧੂ ਨੂੰ ਸਮਰਥਨ ਦੇਣ ਵਾਲਿਆਂ ਵਿੱਚ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸਾਬਕਾ ਕੇਂਦਰੀ ਮੰਤਰੀ ਮਨੋਹਰ ਸਿੰਘ ਗਿੱਲ, ਭਾਜਪਾ ਦੇ ਬਾਗ਼ੀ ਸੰਸਦ ਮੈਂਬਰ ਸ਼ਤਰੂਘਨ ਸਿਨਹਾ, ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਉਘੇ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ, ਸਾਬਕਾ ਆਈਏਐਸ ਗੁਰਤੇਜ ਸਿੰਘ, ਪੱਤਰਕਾਰ ਰਾਜਦੀਪ ਸਰਦੇਸਾਈ ਤੇ ਸ਼ੇਖਰ ਗੁਪਤਾ, ਯੂਨੈਸਕੋ ਵਿੱਚ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾਉਂਦੇ ਅਸ਼ੋਕ ਸਵੈਨ ਤੇ ਸੁਖਪਾਲ ਸਿੰਘ ਖਹਿਰਾ ਸ਼ਾਮਲ ਹਨ। ਸਿੱਧੂ ਦੇ ਸਮਰਥਨ ਵਿੱਚ ਆਈਆਂ ਉਘੀਆਂ ਹਸਤੀਆਂ ਜਿੱਥੇ ਟਵਿੱਟਰ ਤੇ ਫੇਸਬੁੱਕ ਉਪਰ ਸਿੱਧੂ ਦੇ ਪਾਕਿਸਤਾਨ ਜਾਣ ਦੇ ਕਦਮ ਦਾ ਸਮਰਥਨ ਕਰ ਰਹੀਆਂ ਹਨ, ਉਥੇ ਸੋਸ਼ਲ ਮੀਡੀਆ ‘ਤੇ ਆਮ ਲੋਕ ਵੀ ਸਿੱਧੂ ਦਾ ਵਿਰੋਧ ਕਰਨ ਵਾਲਿਆਂ ਖ਼ਿਲਾਫ਼ ਤਿੱਖੀਆਂ ਟਿੱਪਣੀਆਂ ਕਰ ਰਹੇ ਹਨ।
ਪੰਜਾਬ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ, ਗੁਰਭਜਨ ਸਿੰਘ ਗਿੱਲ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਐਸ.ਪੀ. ਸਿੰਘ ਵੀ ਸਿੱਧੂ ਦੇ ਹੱਕ ਵਿੱਚ ਨਿੱਤਰਨ ਵਾਲਿਆਂ ‘ਚ ਸ਼ੁਮਾਰ ਹਨ। ਸਿੱਧੂ ਦੇ ਹੱਕ ਵਿੱਚ ਨਿੱਤਰੇ ਲੋਕਾਂ ਵੱਲੋਂ ਉਸ ਨੂੰ ‘ਗੁਰੂ ਦਾ ਸੱਚਾ ਸਿੱਖ’ ਕਹਿ ਕੇ ਵਡਿਆਇਆ ਜਾ ਰਿਹਾ ਹੈ, ਜਿਸ ਨੇ ਸਿੱਖ ਸ਼ਰਧਾਲੂਆਂ ਦੇ ਦਿਲਾਂ ਅੰਦਰ ਕਰਤਾਰਪੁਰ ਦੇ ਲਾਂਘੇ ਖੁੱਲ੍ਹਵਾਉਣ ਦੀ ਆਸ ਜਗਾਈ ਹੈ। ਨਵਜੋਤ ਸਿੰਘ ਸਿੱਧੂ ਨੂੰ ਸਮਰਥਨ ਮਿਲਣ ਦਾ ਵੱਡਾ ਕਾਰਨ ਮੀਡੀਆ ਅਤੇ ਕਈ ਸਿਆਸੀ ਦਲਾਂ ਦਾ ਰੁਖ਼ ਵੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਿਨਾ ਬੁਲਾਏ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਮਿਲਣ ਜਾਣ ਦੀ ਘਟਨਾ ਨਾਲ ਤੁਲਨਾ ਕਰਦਿਆਂ ਲੋਕ ਦੋਵੇਂ ਮੌਕਿਆਂ ਦੀਆਂ ਤਸਵੀਰਾਂ ਵੀ ਅਪਲੋਡ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਮੋਦੀ ਦਾ ਬਿਨਾ ਬੁਲਾਏ ਪਾਕਿਸਤਾਨ ਜਾ ਕੇ ਨਵਾਜ਼ ਸ਼ਰੀਫ ਨੂੰ ਜੱਫੀ ਪਾਉਣਾ ਸਹੀ ਹੈ ਤਾਂ ਬੁਲਾਵੇ ‘ਤੇ ਗਏ ਸਿੱਧੂ ਵੱਲੋਂ ਪਾਈ ਜੱਫੀ ਕਿਵੇਂ ਦੇਸ਼-ਧ੍ਰੋਹੀ ਗਤੀਵਿਧੀ ਹੋ ਸਕਦੀ ਹੈ। ਦੂਜੇ ਪਾਸੇ ਉਸ ਦਾ ਵਿਰੋਧ ਕਰਨ ਵਾਲੇ ਉਸ ਦੇ ਕੱਟੜ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਚੁੱਪ ਵੱਟ ਲਈ ਹੈ।
ਉਧਰ ਬਿਹਾ ਵਿਚ ਮੁਜ਼ੱਫਰਨਗਰ ਦੇ ਵਕੀਲ ਸੁਧੀਰ ਕੁਮਾਰ ਓਝਾ ਨੇ ਇੱਥੋਂ ਦੀ ਇੱਕ ਅਦਾਲਤ ਵਿੱਚ ਸ਼ਿਕਾਇਤ ਦਾਇਰ ਕਰਕੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਖ਼ਿਲਾਫ਼ ਪਾਕਿਸਤਾਨ ਦੇ ਫੌਜ ਮੁਖੀ ਨੂੰ ਗਲਵੱਕੜੀ ਪਾਉਣ ਦੇ ਮਾਮਲੇ ‘ਚ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ
Comments (0)