ਹੀਰਵੰਨਾ ਪੰਜਾਬ ਜ਼ਰੂਰੀ ਜਾਂ ਬੇਗਮਪੁਰਾ?

ਹੀਰਵੰਨਾ ਪੰਜਾਬ ਜ਼ਰੂਰੀ ਜਾਂ ਬੇਗਮਪੁਰਾ?

ਖੱਬੇਪੱਖੀ ਵਿਚਾਰਕ ਸੁਮੇਲ ਸਿੰਘ ਸਿੱਧੂ ਦਾ ਇਕ ਲੇਖ ”ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਧਰਮ ਯੁੱਧ ਦੀ ਸੇਧ ਦਾ ਸਵਾਲ” ਸਿਰਲੇਖ ਅਧੀਨ ਚੰਡੀਗੜ੍ਹ ਤੋਂ ਛਪਦੇ ‘ਪੰਜਾਬੀ ਟ੍ਰਿਬਿਊਨ’ ਅਖਬਾਰ ਵਿਚ ਛਪਿਆ ਹੈ। ਇਸ ਲੇਖ ਵਿਚ ਪੰਜਾਬ ਦੀਆਂ ਵੱਖ-ਵੱਖ ਸਮੱਸਿਆਵਾਂ ਦੀ ਬਹੁਤ ਹੀ ਬੇਤਰਤੀਬੇ ਢੰਗ ਨਾਲ ਚਰਚਾ ਕਰਦਿਆਂ ਸਿੱਖ ਕੌਮ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਕੁਥਾਂਵੀਂ ਟਿੱਪਣੀ ਕਰਨ ਦੇ ਨਾਲ-ਨਾਲ ਪੰਜਾਬ ਦੀ ਹੋਣੀ ਨੂੰ ਗੁਰਮਤਿ ਦੇ ਗਾਡੀਰਾਹ ਤੋਂ ਨਿਖੇੜ ਕੇ ਦੇਖਣ ਦੀ ਖੱਬੇਪੱਖੀ ਵਿਚਾਰਕਾਂ ਦੀ ਪੁਰਾਣੀ ਬਦਨੀਅਤ ਦਾ ਦੁਹਰਾਅ ਇਕ ਵਾਰ ਫਿਰ ਪੜ੍ਹਨ ਨੂੰ ਮਿਲਿਆ ਹੈ। ਉਂਝ ਤਾਂ ਇਸ ਲੇਖ ਦਾ ਸਿਰਲੇਖ ਹੀ ਭੁਲੇਖਾਪਾਊ ਹੈ ਕਿ ‘ਹੀਰਵੰਨੇ’ ਪੰਜਾਬ ਦੀ ਸਿਰਜਣਾ ਵਾਸਤੇ ਕਿਸੇ ‘ਧਰਮ ਯੁੱਧ’ ਦੀ  ਕਲਪਨਾ ਕੀਤੀ ਗਈ ਹੋਵੇ। ਕੋਈ ਵੀ ਭਾਸ਼ਾਈ ਸ਼ਬਦ ਸਭ ਦੇ ਸਾਂਝੇ ਹੁੰਦੇ ਹਨ ਪਰ ‘ਸ਼ਹਾਦਤ’ ਅਤੇ ‘ਧਰਮ-ਯੁੱਧ’ ਦਾ ਜੋ ਸਵਰੂਪ ਤੇ ਨਿਆਰਾਪਣ ਸਿੱਖ ਧਰਮ ਤੇ ਜਾਂ ਕਿਤੇ ਇਸਲਾਮ ਵਿਚ ਪਰਵਾਨ ਚੜ੍ਹਿਆ ਹੈ, ਉਸ ਦੀ ਸੋਝੀ ਪ੍ਰਾਪਤ ਕਰਨ ਤੋਂ ਸੁਮੇਲ ਸਿੰਘ ਸਿੱਧੂ ਵਿਰਵਾ ਰਹਿ ਗਿਆ ਲਗਦਾ ਹੈ। ਸੋਝੀ ਦੀ ਇਸ ਬੁਲੰਦੀ ਉਤੇ ਜਾ ਕੇ ਹੀ ਹੀਰ ਸਲੇਟੀ ‘ਮਾਈ ਹੀਰ’ ਤੇ ਮੀਆਂ ਰਾਂਝੇ ਨੂੰ ਭਰਾ ਪੁਕਾਰਿਆ ਜਾ ਸਕਦਾ ਹੈ। ਦੋ ਕਿਸ਼ਤਾਂ ਵਿਚ ਛਪੇ ਸੁਮੇਲ ਸਿੱਧੂ ਦੇ ਇਸ ਬੇਤਰਤੀਬੇ ਲੇਖ ਦਾ ਬਹੁਤ ਹੀ ਠੋਕਵਾਂ ਜਵਾਬ ਦੋ ਸਿੱਖ ਵਿਦਵਾਨਾਂ ਸ. ਕਰਮਜੀਤ ਸਿੰਘ ਅਤੇ ਸ. ਰਾਜਵਿੰਦਰ ਸਿੰਘ ਰਾਹੀ ਜੀ ਨੇ ਦੋ ਵੱਖੋ-ਵੱਖਰੇ ਲੇਖ ਲਿਖ ਕੇ ਦਿੱਤਾ ਹੈ। ਉਕਤ ਦੋਵੇਂ ਲੇਖ ਅਸੀਂ ‘ਅੰਮ੍ਰਿਤਸਰ ਟਾਈਮਜ਼’ ਦੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ। – ਸੰਪਾਦਕ

ਹੀਰਵੰਨਾ ਪੰਜਾਬ ਜ਼ਰੂਰੀ ਜਾਂ ਬੇਗਮਪੁਰਾ?
ਰਾਜਵਿੰਦਰ ਸਿੰਘ ਰਾਹੀ
(ਸੰਪਰਕ : 98157-51332)

ਪੰਜਾਬੀ ਟ੍ਰਿਬਿਊਨ ਦੇ ਦੋ ਅੰਕਾਂ (17 ਤੇ 24 ਜੂਨ) ਵਿਚ ਸੁਮੇਲ ਸਿੰਘ ਸਿੱਧੂ ਦਾ ਅਲੰਕਾਰਕ ਲੱਫਾਜ਼ੀ ਨਾਲ ਲੱਦਿਆ ਹੋਇਆ ਲੇਖ ਪੜ੍ਹਿਆ। ਲੇਖਕ ਦੀ ਸ਼ੈਲੀ ‘ਤੇ ਉਸਦੇ ਨਾਨੇ ਜਸਵੰਤ ਸਿੰਘ ਕੰਵਲ ਦਾ ਰੰਗ ਗੂੜ੍ਹਾ ਚੜ੍ਹਿਆ ਹੋਇਆ ਹੈ ਤੇ ਉਸ ਵਾਂਗ ਹੀ ਉਹ ਵਿਚ-ਵਿਚ ਹੀਰ ਵਾਰਸ ਵਿਚੋਂ ਟੂਕਾਂ ਦਿੰਦਾਂ ਹੈ, ਭਾਵੇਂ ਉਹ ਕੁਥਾਂਵੇ ਹੀ ਹੋਣ। ਪਰ ਉਹ ਕੰਵਲ ਵਾਂਗ ਕਿਤੇ ਵੀ ਸਪੱਸ਼ਟ ਨਹੀਂ ਹੈ। ਤਰਕ ਦੇ ਉੱਚੇ ਪੱਧਰ ‘ਤੇ ਰੱਖ ਕੇ ਕੀਤੀ ਗਈ ਗੱਲ ਸਮਝਾਊ ਤੇ ਸਰਲ ਹੁੰਦੀ ਹੈ। ਸੁਮੇਲ ਸਿੰਘ ਸਿੱਧੂ ਨੇ ਜਜ਼ਬਾਤੀ ਵਹਿਣ ਵਿਚ ਵਹਿੰਦਿਆਂ ਦੋ-ਤਿੰਨ ਸਦੀਆਂ ਦੇ ਪੰਜਾਬ ਦੀ ਬਾਤ ਪਾਈ ਹੈ ਜੋ ਹੁਣ ਲੰਬੀ ਅਧੋਗਤੀ ਹੰਢਾ ਕੇ ਮਰਨ ਕੰਢੇ ਪਿਆ ਹੈ। ਅੱਜ ਪੰਜਾਬ ‘ਤੇ ਸੱਚਮੁੱਚ ਹੀ ਭਾਈ ਗੁਰਦਾਸ ਜੀ ਦੀ ਵਾਰ ਢੁਕਦੀ ਹੈ :
ਜੇ ਘਰੁ ਭੰਨੈ ਪਾਹਰੂ ਕਉਣ ਰਖਣਹਾਰਾ।। ਬੇੜਾ ਡੋਬੇ ਪਾਤਣੀ ਕਿਉ ਪਾਰਿ ਉਤਾਰਾ।।
ਆਗੂ ਲੈ ਉਝੜਿ ਪਵੇ ਕਿਸੁ ਕਰੈ ਪੁਕਾਰਾ।।  ਜੇ ਕਰ ਖੇਤੈ ਖਾਇ ਵਾੜਿ ਕੋ ਲਹੈ ਨ ਸਾਰਾ।।
ਲੇਖਕ ਅਨੁਸਾਰ ਪੰਜਾਬ ਦੀ ਜੋ ਅਧੋਗਤੀ ਹੋਈ ਹੈ, ਉਸ ਦਾ ਕਾਰਨ 1947 ਦੀ ਕੁਲਹਿਣੀ ਵੰਡ ਹੈ। ਜਿਸ ਲਈ ਸਿਆਲਾਂ ਤੇ ਖੇੜਿਆਂ ਦੇ ਪੰਚ ਜ਼ਿੰਮੇਵਾਰ ਹਨ। ਲੇਖਕ ਦਾ ਇਹ ਸੌਖਾ ਤੇ ਸਰਲ ਵਿਸ਼ਲੇਸ਼ਣ ਉਨ੍ਹਾਂ ਖੱਬੇ ਪੱਖੀ ਚਿੰਤਕਾਂ ਤੇ ਕਵੀਆਂ ਵਾਲਾ ਹੀ ਹੈ ਜੋ ਕੁਝ ਕੁ ਬੰਦਿਆਂ ਨੂੰ ਜ਼ਿੰਮੇਵਾਰ ਠਹਿਰਾ ਕੇ ਕਚੀਚੀਆਂ ਵੱਟਦੇ ਰਹਿੰਦੇ ਹਨ। ਅਸਲ ਵਿੱਚ 1947 ਦੀ ਵੰਡ ਨਾ ਹੀ ਦੋ ਚਾਰ ਦਿਨਾਂ ਦੀ ਖੇਡ ਦਾ ਸਿੱਟਾ ਸੀ ਤੇ ਨਾ ਹੀ ਦੋ-ਚਾਰ ਬੰਦਿਆਂ ਦੇ ਚਾਹੁਣ ਨਾਲ ਹੋਈ ਸੀ। ਵੰਡ ਦੀ ਨੀਂਹ ਰੱਖਣ ਵਾਲੇ ਮੁੱਖ ਕਾਰਨਾਂ ਵਿੱਚ ਇੱਕ ਤਾਂ ਭਾਰਤੀ ਰਾਸ਼ਟਰਵਾਦ ਦੀ ਉਸਾਰੀ ਦਾ ਸੰਦ ‘ਵੰਦੇ ਮਾਤਰਮ’  ਤੇ ਦੂਜਾ ਪੱਛਮੀ ਤਰਜ਼ ਦੇ ਕੌਮੀ  ਰਾਜਾਂ ਵਾਂਗ ਲਾਗੂ ਕੀਤੀ ਜਾ ਰਹੀ ਵੋਟ ਪ੍ਰਣਾਲੀ ਸੀ ਜਿਸ ਨੇ ਘੱਟ ਗਿਣਤੀ ਮੁਸਲਮਾਨ ਭਾਈਚਾਰੇ ਦੇ ਮਨਾਂ ਵਿੱਚ ਵੱਡੇ ਸੰਸੇ ਤੇ ਵਿਸਵਿਸੇ ਖੜ੍ਹੇ ਕਰ ਦਿੱਤੇ ਸਨ। ਉਨ੍ਹਾਂ ਨੂੰ ਲੱਗਣ ਲੱਗਿਆ ਸੀ ਕਿ ਜੇਕਰ ਭਾਰਤ ਵਿੱਚ ਪੱਛਮੀ ਤਰਜ਼ ਦੀ ਵੋਟ ਪ੍ਰਣਾਲੀ ਲਾਗੂ ਹੂੰਦੀ ਹੈ ਤਾਂ ਰਾਜਸੀ ਸੱਤਾ ਹਿੰਦੂ ਬਹੁਗਿਣਤੀ ਦੇ ਹੱਥ ਵਿੱਚ ਹੋਵੇਗੀ ਜਿਸ ਵਿੱਚ ਉਨ੍ਹਾਂ ਦੀ ਧਾਰਮਿਕ ਤੇ ਸੱਭਿਆਚਾਰਕ ਹੋਂਦ ਤੇ ਹਸਤੀ ਬੁਰੀ ਤਰ੍ਹਾਂ ਖੁਰ ਜਾਵੇਗੀ; ਦੂਜਾ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਜੋ  ਰਾਸ਼ਟਰਵਾਦ ਦੀ ਉਸਾਰੀ ਦਾ ਏਜੰਡਾ ਲਾਗੂ ਕੀਤਾ ਜਾ ਰਿਹਾ ਸੀ, ਉਸ ਵਿੱਚ ਵੀ ਉਨ੍ਹਾਂ ਦੀ ਹੋਂਦ ਤੇ ਹਸਤੀ ਬਚਦੀ ਨਜ਼ਰ ਨਹੀਂ ਆਉਂਦੀ ਸੀ। ਇਸ ਵੰਡ ਨੂੰ ਟਾਲਣ ਲਈ 1916 ਦੇ ਲਖਨਊ ਪੈਕਟ ਤੋਂ ਚੱਲ ਕੇ 1932 ਦੇ ਕਮਿਊਨਲ ਐਵਾਰਡ ਰਾਹੀਂ 1947 ਤਕ ਕਿੰਨੇ ਕੁ ਫਾਰਮੂਲੇ ਅਜ਼ਮਾਏ ਗਏ ਸਨ, ਉਹ ਡੂੰਘੇ ਅਧਿਐਨ ਦੀ ਮੰਗ ਕਰਦੇ ਹਨ। ਅੱਜ ਵੀ ਭਾਰਤ ਵਿੱਚ ਮੁਸਲਮਾਨਾਂ ਤੇ ਸਿੱਖਾਂ ਸਮੇਤ ਘੱਟ ਗਿਣਤੀਆਂ ਦੀ ਜੋ ਹਾਲਤ ਹੈ ਇਸ ਨੂੰ ਵੀ ਇਸੇ ਇਤਿਹਾਸਕ ਪ੍ਰਸੰਗ ਵਿੱਚ ਰੱਖ ਕੇ ਵਿਚਾਰਨ ਦੀ ਲੋੜ ਹੈ।
ਸੁਮੇਲ ਸਿੰਘ ਸਿੱਧੂ ਨੇ ਪੰਜਾਬ ਨੂੰ ਚਿੰਬੜੀਆਂ ਬਹੁਤ ਸਾਰੀਆਂ ਅਲਾਮਤਾਂ ਦੀ ਨਿਸ਼ਾਨਦੇਹੀ ਕੀਤੀ ਹੈ ਜਿਨ੍ਹਾਂ ਵਿੱਚ ਅੰਗਰੇਜ਼ੀ ਦਾ ਬੋਲਬਾਲਾ, ਖੁੰਭਾਂ ਵਾਂਗ ਆਈਲੈੱਟਸ ਸੈਂਟਰ ਖੁੱਲ੍ਹਣੇ, ਵਿਦਿਆਰਥੀਆਂ ਦਾ ਬਾਹਰ ਵੱਲ ਬੇਰੋਕ ਪਰਵਾਸ, ਕਿਸਾਨੀ ਦੀ ਮੰਦੀ ਹਾਲਤ, ਖ਼ੁਦਕੁਸ਼ੀਆਂ, ਧਾਰਮਿਕ, ਸੱਭਿਆਚਾਰਕ, ਰਾਜਸੀ ਤੇ ਅਕਾਦਮਿਕ ਖੇਤਰ ਵਿੱਚ ਨਿਘਾਰ ਆਦਿ!  ਪਰ ਇਸ ਸਭ ਕਾਸੇ ਵਿੱਚ ਭਾਰਤੀ ਸਟੇਟ ਪਾਵਰ ਦਾ ਰੋਲ ਕੀ ਹੈ? ਇਹ ਕਿੱਧਰੇ ਵੀ ਨਜ਼ਰ ਨਹੀਂ ਆਉਂਦਾ।  ਲੇਖਕ ਨੇ ਸਟੇਟ ਦੇ ਖਾਸੇ ਦੀ ਨਿਸ਼ਾਨਦੇਹੀ ਤਾਂ ਕੀ ਕਰਨੀ ਸੀ  ਸਗੋਂ ਉਹ ਸਟੇਟ ਦਾ ਬਿਰਤਾਂਤ ਹੀ ਦੁਹਰਾਅ ਰਿਹਾ ਹੈ। ਲੇਖਕ ਸਾਰੀ ਅਧੋਗਤੀ ਦੇ ਜ਼ਿੰਮੇਵਾਰ ਪੰਜਾਬ ਦੇ ਲੋਕਾਂ ਨੂੰ ਠਹਿਰਾਅ ਰਿਹਾ ਹੈ।  ਜੇਕਰ ਅੱਜ ਕਿਸਾਨ ਖ਼ੁਦਕੁਸ਼ੀਆਂ ਕਰ ਰਿਹਾ ਹੈ ਤਾਂ ਇਸ ਦਾ ਕਾਰਨ ਇਹੋ ਹੈ ਕਿ ਦਾੜ੍ਹੀ ਨਾਲੋਂ ਮੁੱਛਾਂ ਵਧ ਗਈਆਂ, ਪੈਦਾਵਾਰ ਨਾਲੋਂ ਲਾਗਤ ਖਰਚਾ ਜ਼ਿਆਦਾ ਹੈ। ਜੇ ਅੱਜ ਜੁਆਨੀ ਕਰਜ਼ੇ ਚੁੱਕ ਕੇ ਜਾਂ ਜ਼ਮੀਨਾਂ ਵੇਚ ਕੇ ਬਾਹਰ ਨੂੰ ਭੱਜੀ ਜਾ ਰਹੀ ਹੈ ਤਾਂ ਇਸ ਦਾ ਕਾਰਨ ਹੈ ਕਿ ਪੰਜਾਬ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਦੇ ਸਕਦਾ। ਉਨ੍ਹਾਂ ਅੰਦਰ ਇਹ ਅਹਿਸਾਸ ਘਰ ਕਰ ਗਿਆ ਹੈ ਕਿ ਇੱਥੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਪੈਸੇ ਤੇ ਪੰਜ-ਸੱਤ ਸਾਲ ਬਰਬਾਦ ਕਰਕੇ ਪੱਲੇ ਤਾਂ ਬੇਰੁਜ਼ਗਾਰੀ ਹੀ ਪੈਣੀ ਹੈ। ਇਹ ਕੀਹਦੀਆਂ ਨੀਤੀਆਂ ਦਾ ਸਿੱਟਾ ਹੈ? ਲੇਖਕ ਦੀ ਲਿਖਤ ‘ਤੇ ਉਂਜ ਤਾਂ ਪ੍ਰੋ. ਕਿਸ਼ਨ ਸਿੰਘ ਦਾ ਪ੍ਰਭਾਵ ਵੀ ਝਲਕਦਾ ਹੈ ਪਰ ਪ੍ਰੋ. ਕਿਸ਼ਨ ਸਿੰਘ ਨੇ ਤਾਂ ਇਹ ਗੱਲ ਪੰਜਾਹ-ਸੱਠ ਸਾਲ ਪਹਿਲਾਂ ਕਹਿ ਦਿੱਤੀ ਸੀ ਕਿ ਕੇਂਦਰੀ ਸਟੇਟ ਤੇ ਪੰਜਾਬ ਦਾ ਰਿਸ਼ਤਾ ਬਸਤੀਵਾਦੀ ਰਿਸ਼ਤਾ ਹੈ। ਕੇਂਦਰ ਪੰਜਾਬ ਨੂੰ ਵੱਖਰੀ ਸੱਭਿਆਚਾਰ ਇਕਾਈ ਨਹੀਂ ਸਮਝਦਾ ਸਗੋਂ ਹੋਰ ਰਾਜਾਂ ਵਾਂਗ ਹੀ ਇੱਕ ਪ੍ਰਬੰਧਕੀ ਰਾਜ ਸਮਝਦਾ ਹੈ। ਅੱਜ ਦੇ ਪੰਜਾਬ ਦਾ ਵਿਕਾਸ ਇਸ ਦਾ ਨਮੂਨਾ ਹੈ ਕਿ ਕਿਵੇਂ ਪੰਜਾਬ ਦੀ ਹਰਿਆਲੀ ਖਤਮ ਕਰ ਦਿੱਤੀ ਗਈ ਹੈ, ਪੁਲਾਂ ਦੇ ਨਾਂ ‘ਤੇ ਕਸਬਿਆਂ-ਸ਼ਹਿਰਾਂ ਵਿੱਚ ਬਰਲਿਨ ਦੀਆਂ ਕੰਧਾਂ ਖੜ੍ਹੀਆਂ ਕਰ ਦਿੱਤੀਆਂ ਹਨ ਜਿਨ੍ਹਾਂ ਨੇ ਭਾਈਚਾਰੇ ਵੰਡ ਦਿੱਤੇ ਹਨ ਤੇ ਵਪਾਰਕ ਬਾਜ਼ਾਰ ਤਬਾਹ ਕਰ ਦਿੱਤੇ ਹਨ। ਕੇਂਦਰੀ ਨੀਤੀਆਂ ਸਾਹਮਣੇ ਸੂਬਾਈ ਸਰਕਾਰਾਂ ਤੇ ਪਾਰਟੀਆਂ ਮੂਕ ਦਰਸ਼ਕ ਬਣੀਆਂ ਹੋਈਆਂ ਹਨ। ਕੋਈ ਰੋਕਣ-ਟੋਕਣ ਵਾਲਾ ਨਹੀਂ ਹੈ। ਪੰਜਾਬ ਦੇ ਪਾਣੀਆਂ ਅਤੇ ਹੋਰ ਕੁਦਰਤੀ ਸੋਮਿਆਂ ਦੇ ਮੁੱਦੇ ਤਾਂ ਬਹੁਤ ਪੁਰਾਣੇ ਰਹਿ ਗਏ ਹਨ।
ਸੁਮੇਲ ਸਿੰਘ ਸਿੱਧੂ ਪੰਜਾਬ ਦੀ ਜਟਿਲਤਾ ਨੂੰ ਤਾਂ ਪ੍ਰਵਾਨ ਕਰਦਾ ਹੈ, ਪਰ ਚਿੰਤਨਸ਼ੀਲ ਵਿਆਖਿਆ ਤੇ ਵਿਸ਼ਲੇਸ਼ਣ ਰਾਹੀਂ ਇਸ ਜਟਿਲਤਾ ਦੀਆਂ ਤੰਦਾਂ ਨਹੀਂ ਖੋਲ੍ਹਦਾ। ਪੰਜਾਬ ਦੀ ਮੁੱਖ ਵਿਸ਼ੇਸ਼ਤਾ ਤੇ ਵਿਲੱਖਣਤਾ ਹੈ ਇੱਥੇ ਸਿੱਖ ਭਾਈਚਾਰੇ ਦੀ ਹੋਂਦ ਜਿਸ ਨੇ ਪੁਰਾਤਨ ਇਤਿਹਾਸ ਤੋਂ ਲੈ ਕੇ ਆਜ਼ਾਦੀ ਸੰਗਰਾਮ ਤਕ ਵਧਵਾਂ ਰੋਲ ਨਿਭਾਇਆ ਹੈ। ਜਿਸ ਭਾਰਤੀ ਰਾਸ਼ਟਰਵਾਦ ਤੋਂ ਕਿਸੇ ਸਮੇਂ ਮੁਸਲਮਾਨ ਭਾਈਚਾਰਾ ਭੈਅਭੀਤ ਹੋਇਆ ਸੀ, 1947 ਤੋਂ ਬਾਅਦ ਸਿੱਖ ਭਾਈਚਾਰਾ ਆਪਣੀ ਧਰਮ ਅਤੇ ਸੱਭਿਆਚਾਰ ਆਧਾਰਿਤ ਵੱਖਰੀ ਪਛਾਣ ਤੇ ਨਿਆਰੀ ਹਸਤੀ ਨੂੰ ਬਚਾਉਣ ਲਈ, ਇਸੇ ਰਾਸ਼ਟਰਵਾਦ ਨਾਲ ਘੋਲ ਕਰਦਾ ਆ ਰਿਹਾ ਹੈ। ਜੇਕਰ ਅੱਜ ਪੰਜਾਬ ਦੇ ਸਰੋਕਾਰਾਂ ਦੀ ਗੱਲ ਕਰਨੀ ਹੈ ਤਾਂ ਜ਼ਾਤ-ਪਾਤ ਦਾ ਮੁੱਦਾ ਵੀ ਪ੍ਰਮੁੱਖ ਹੋਣਾ ਚਾਹੀਦਾ ਹੈ। ਇਹ ਹਕੀਕਤ ਜੱਗ ਜ਼ਾਹਰ ਹੈ ਕਿ ਸਿੱਖੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਦੇ ਬਾਵਜੂਦ ਪੰਜਾਬ ਵਿੱਚ ਜਾਤ-ਪਾਤ ਦਾ ਮਸਲਾ ਹੱਲ ਨਹੀਂ ਹੋਇਆ। ਕਮਿਊਨਿਸਟ ਜਥੇਬੰਦੀਆਂ ਤੇ ਸਿੱਖ ਸੰਸਥਾਵਾਂ ਇਸ ਮਸਲੇ ਨੂੰ ਕਦੇ ਗੰਭੀਰਤਾ ਨਾਲ ਸੰਬੋਧਨ ਨਹੀਂ ਹੋਈਆਂ। ਅੱਜ ਸਿੱਖ ਕਿਸਾਨੀ ਲਈ ਇਹ ਸਹੂਲਤ ਤਾਂ ਹੈ ਕਿ ਉਹ ਜ਼ਮੀਨਾਂ ਵੇਚ ਕੇ ਜਾਂ ਜ਼ਮੀਨਾਂ ‘ਤੇ ਕਰਜ਼ਾ ਚੁੱਕ ਕੇ ਆਪਣੇ ਬੱਚਿਆਂ ਨੂੰ ਬਾਹਰ ਭੇਜ ਸਕਦੀ ਹੈ, ਪਰ ਦਲਿਤ ਵਰਗ ਕੀ ਕਰੇ?  ਦਲਿਤ ਨੌਜਵਾਨ ਨਾ ਤਾਂ ਮਹਿੰਗੇ ਸਕੂਲਾਂ, ਕਾਲਜਾਂ ਵਿੱਚ ਪੜ੍ਹਾਈ ਕਰ ਸਕਦੇ ਹਨ ਤੇ ਜੇਕਰ ਕੋਈ ਕਰ ਵੀ ਲੈਂਦੇ ਹਨ ਤਾਂ ਰੁਜ਼ਗਾਰ ਨਹੀਂ ਮਿਲਦਾ। ਬਹੁਤੇ ਦਲਿਤ ਨੌਜਵਾਨ ਮਜ਼ਦੂਰੀ ਕਰਨ ਲਈ ਮਜਬੂਰ ਹਨ। ਜੇਕਰ ਪੰਜਾਬ ਦੇ ਸਰੋਕਾਰਾਂ ਦੀ ਗੱਲ ਕਰਨੀ ਹੈ ਤਾਂ ਫਿਰ ਸੁਆਲ ਇਹ ਵੀ ਹੈ ਕਿ ਮੁੜ ਹੀਰਵੰਨੇ ਜਗੀਰੂ ਸਮਾਜ ਦੀ ਸਿਰਜਣਾ ਕਰਨੀ ਹੈ ਜਾਂ ਬੇਗਮਪੁਰੇ ਦੀ? ਉਹ ਬੇਗਮਪੁਰਾ, ਜਿਸ ਬਾਰੇ ਲੋਕ ਕਵੀ ਸੰਤ ਰਾਮ ਉਦਾਸੀ ਆਖਦਾ ਹੈ:
ਇੱਕੋ ਬਾਪ ਤੇ ਇੱਕੋ ਦੇ ਪੁੱਤ ਸਾਰੇ
ਹੇ ਰਵਿਦਾਸ ਮੈਂ ਫਿਰ ਦੁਹਰਾਅ ਰਿਹਾ ਹਾਂ।
‘ਬੇਗਮਪੁਰੇ’ ਬਾਰੇ ਤੇਰੇ ਗੀਤ ਸਾਰੇ
ਇਸ ਰਚਨਾ ਦੇ ਵਿਚ ਸਮਾ ਰਿਹਾ ਹਾਂ।

ਧਰਮ ਯੁੱਧ ਦੀ ਸੇਧ ਦਾ ਅਸਲ ਸਰੋਤ
ਕਰਮਜੀਤ ਸਿੰਘ (ਸੰਪਰਕ: 99150-91063)
ਬੜੀ ਉਮੀਦ ਸੀ ਕਿ ਇਕ ਨਾਮਵਰ ਯੂਨੀਵਰਸਿਟੀ ਜੇ.ਐੱਨ.ਯੂ. ਨਾਲ ਸਬੰਧਿਤ ਰਹੇ ਇਤਿਹਾਸਕਾਰ ਇਤਿਹਾਸਕਾਰੀ ਦੀ ਮਰਿਆਦਾ ਤੇ ਨਿਯਮਾਂ ਦੀ ਪਾਲਣਾ ਕਰਦਿਆਂ ਘਟਨਾਵਾਂ ਤੇ ਵਰਤਾਰਿਆਂ ਨੂੰ ਇਕ ਵੱਡੇ ਸਮੁੱਚ ਵਿਚ ਰੱਖ ਕੇ ਪੇਸ਼ ਕਰਨਗੇ। ਇਸ ਪਿੱਛੋਂ ਹੀ ਉਹ ‘ਸ਼ੁਭਚਿੰਤਨ-ਸਾਂਝੀਵਾਲਤਾ-ਸਰਬੱਤ ਦੀ ਆਜ਼ਾਦੀ’ ਦੇ ਆਪਣੇ ਏਜੰਡੇ ਦਾ ਐਲਾਨਨਾਮਾ ਜਾਰੀ ਕਰਨਗੇ ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਦੋ ਕਿਸ਼ਤਾਂ ਵਿਚ ਫੈਲੀ ਆਪਣੀ ਰੰਗ-ਬਿਰੰਗੀ ਸਾਹਿਤਕ ਸ਼ਬਦਾਵਲੀ ਦਾ ਇਕ ਪੱਖ ਇਹ ਰੌਸ਼ਨ ਹੋਇਆ ਕਿ ਸੁਮੇਲ ਸਿੰਘ ਸਿੱਧੂ ਇੱਕੋ ਸਮੇਂ ਜੱਜ ਵੀ ਬਣੇ ਹੋਏ ਹਨ ਅਤੇ ਇਕ ਖ਼ਾਸ ਧਿਰ ਦੇ ਵਕੀਲ ਅਤੇ ਇੱਥੋਂ ਤਕ ਉਪਾਸ਼ਕ ਵੀ ਬਣ ਗਏ ਜਿਸ ਧਿਰ ਕੋਲ ਆਪਣਾ ਹੀ ਵੱਖਵਾਦੀ ‘ਸ਼ੁਭਚਿੰਤਨ’ ਸੀ, ਆਪਣੀ ਹੀ ‘ਸਾਂਝੀਵਾਲਤਾ’ ਸੀ ਅਤੇ ਅਜਿਹੀ ਹਾਲਤ ਵਿਚ ਇਹੋ ਫ਼ੈਸਲਾ ਹੋਣਾ ਸੀ ਕਿ ‘ਹਮਰਾ ਕਸੂਰ ਨਿਕਲੇਗਾ’।
ਜੇ ਸੁਮੇਲ ਸਿੰਘ ਸਿੱਧੂ ਚੋਣਵੀਆਂ ਟੂਕਾਂ ਦੇ ਸਹਾਰੇ ਹੀ ਆਪਣੇ ਏਜੰਡੇ ਨੂੰ ਸਥਾਪਿਤ ਕਰਨਾ ਚਾਹੁੰਦੇ ਹਨ ਤਾਂ ਉਸ ਦੇ ਸਮਾਨਅੰਤਰ ਹੋਰ ਅਨੇਕ ਟੂਕਾਂ ਨੂੰ ਲੈ ਕੇ ਕਿਸੇ ਵੀ ਧਾਰਨਾ ਨੂੰ ਰੱਦ ਕਰਨਾ ਮੁਸ਼ਕਿਲ ਨਹੀਂ ਹੁੰਦਾ। ਪਰ ਅਸੀਂ ਉਨ੍ਹਾਂ ਨਾਲ ਇਸ ਨੁਕਤੇ ਉੱਤੇ ਬਹਿਸ ਵਿਚ ਨਹੀਂ ਉਲਝਣਾ ਚਾਹੁੰਦੇ। ਜਦੋਂ ਤੁਸੀਂ ਇਕ ਵੱਡੀ ਬਹਿਸ ਕਰ ਰਹੇ ਹੁੰਦੇ ਹੋ, ਜਿਸ ਦਾ ਇਕ ਗੁੰਝਲਦਾਰ ਤੇ ਬਹੁ-ਪਰਤੀ ਸਮਾਜਿਕ ਤੇ ਇਤਿਹਾਸਕ ਪਿਛੋਕੜ ਹੈ ਤਾਂ ਇਹੋ ਜਿਹੇ ਟੇਢੇ-ਮੇਢੇ ਰਸਤਿਆਂ ‘ਤੇ ਬਹੁਤ ਸੰਭਲ ਸੰਭਲ ਕੇ ਕਦਮ ਰੱਖਣੇ ਪੈਂਦੇ ਹਨ ਅਤੇ ਫਿਰ ਇਤਿਹਾਸਕਾਰ ਦੇ ਮੋਢਿਆਂ ਉੱਤੇ ਤਾਂ ਸਗੋਂ ਦੂਹਰੀ ਜ਼ਿੰਮੇਵਾਰੀ ਆਣ ਪੈਂਦੀ ਹੈ। ਅਜਿਹੀ ਹਾਲਤ ਵਿਚ ਘਟਨਾਵਾਂ ਤੇ ਵਰਤਾਰਿਆਂ ਦੇ ਕੁੱਲ ਜੋੜ ਨੂੰ ਧਿਆਨ ਵਿੱਚ ਰੱਖਣਾ ਹੁੰਦਾ ਹੈ ਅਤੇ ਉਨ੍ਹਾਂ ਦੀ ਸੰਪੂਰਨਤਾ ਵਿਚ ਡੁਬਕੀ ਲਾ ਕੇ ਹੀ ਕੋਈ ਨਿਚੋੜ ਕੱਢਣਾ ਪੈਂਦਾ ਹੈ। ਸੱਚ ਤੇ ਝੂਠ ਦੀਆਂ ਬਾਰੀਕ ਪਰਤਾਂ ਤੇ ਮਹੀਨ ਇਸ਼ਾਰੇ ਹਰ ਪਾਸੇ ਫੈਲੇ ਹੁੰਦੇ ਹਨ। ਫੈਲੇ ਹੀ ਨਹੀਂ ਹੁੰਦੇ ਸਗੋਂ ਕਈ ਵਾਰ ਅਣਦਿਸਦੇ ਵੀ ਹੁੰਦੇ ਹਨ, ਜੋ ਕੌਮਾਂ ਦੀ ਮਾਨਸਿਕਤਾ ਵਿਚ ਡੂੰਘੇ ਉਤਰੇ ਹੁੰਦੇ ਹਨ, ਜਿਨ੍ਹਾਂ ਨੂੰ ਇਤਿਹਾਸਕਾਰ ਸਾਈਕੋ ਹਿਸਟਰੀ ਵੀ ਕਹਿੰਦੇ ਹਨ।
ਸੁਮੇਲ ਸਿੰਘ ਸਿੱਧੂ ਨੇ ਹੀਰਵੰਨੇ ਪੰਜਾਬ ਦੀ ਸਿਰਜਣਾ ਲਈ ਬਹਿਸ ਦੀ ਸ਼ੁਰੂਆਤ ਸਵਰਾਜਬੀਰ ਨਾਲ ਕੀਤੀ ਹੈ ਜੋ ਉਨ੍ਹਾਂ ਦੀਆਂ ਸੁਚੇਤ ਤੇ ਮਨਭਾਉਂਦੀਆਂ ਇੱਛਾਵਾਂ ਤੇ ਨਜ਼ਰਾਂ ਵਿੱਚ ‘ਸਾਡੇ ਦੌਰ ਦੇ ਸਿਰਮੌਰ ਪੰਜਾਬੀ ਸਿਰਜਕ’ ਹਨ। ਕੀ ਇਸ ਸ਼ਾਇਰ ਵੀਰ ਨੇ ਪੰਜਾਬ ਦੀਆਂ ਸਮਾਜਿਕ-ਰਾਜਨੀਤਕ-ਧਾਰਮਿਕ-ਸੱਭਿਆਚਾਰਕ ਸੱਚਾਈਆਂ ਬੁੱਝਣ ਦੀ ਕੋਈ ਵੱਡੀ ਕਮਾਈ ਕਰ ਲਈ ਹੈ ਕਿ ਉਹ ਧਰਮਯੁੱਧ ਦੀ ਸੇਧ ਦੀ ਸਿਰਜਣਾ ਕਰ ਸਕਦੇ ਹਨ? ਪਰ ਇੱਕ ਪਲ ਲਈ ਜੇ ਇਹ ਮੰਨ ਵੀ ਲਿਆ ਜਾਵੇ ਕਿ ਉਹ ਸਿਰਮੌਰ ਸਿਰਜਕ ਹਨ ਤਾਂ ਅਸੀਂ ਸਵਰਾਜਬੀਰ ਦੀ ਉਸ ਕਵਿਤਾ ਦੀਆਂ ਕੁਝ ਸਤਰਾਂ ਦੇ ਸ਼ਬਦ ਹੀ ਪੇਸ਼ ਕਰਦੇ ਹਾਂ ਜਿਨ੍ਹਾਂ ਉੱਤੇ ਸੁਮੇਲ ਨੇ ਕਾਫ਼ੀ ਜ਼ੋਰ ਦਿੱਤਾ ਹੈ। ਇਨ੍ਹਾਂ ਸਤਰਾਂ ਦੀ ਰੂਹ ਨੂੰ ਭਾਵੇਂ ਸੁਮੇਲ ਸਿੱਧੂ ਨੇ ਜਾਣ ਤਾਂ ਲਿਆ ਹੈ, ਪਰ ਉਹ ਅਮਲਾਂ ਵਿੱਚ ਨਹੀਂ ਉਤਰ ਸਕੇ। ਇਹ ਸਤਰਾਂ ਕੁਝ ਇਸ ਤਰ੍ਹਾਂ ਦੀਆਂ ਤਮੰਨਾ ਕਰਦੀਆਂ ਹਨ ਕਿ ਕੋਈ ‘ਇਹੋ ਜਿਹੀ ਗੱਲ’ ਕਰਨ ਵਾਲਾ ਹੋਵੇ, ਜਿਸ ਗੱਲ ਵਿੱਚ ‘ਥੋੜਾ ਸੱਚ’ ਹੋਵੇ, ‘ਥੋੜਾ ਝੱਲ’ ਹੋਵੇ ਤੇ ‘ਥੋੜਾ ਭਲਕ’ ਹੋਵੇ। ਪਰ ਸੁਮੇਲ ਦੀ ਧਾਰਨਾ ਵਿੱਚ ‘ਹੋਰ ਹੋਰ ਪਾਸਿਆਂ’ ਦਾ ‘ਥੋੜਾ ਝੱਲ’ ਤੇ ‘ਥੋੜਾ ਸੱਚ’ ਸਾਨੂੰ ਨਜ਼ਰ ਕਿਉਂ ਨਹੀਂ ਆਇਆ? ਇੱਥੋਂ ਹੀ ਸਾਫ਼ ਪਤਾ ਲੱਗਿਆ ਕਿ ਤਰਫ਼ਦਾਰੀ ਕਰਨ ਦਾ ਸ਼ੌਕ ਉਨ੍ਹਾਂ ਨੇ ਪਾਲਿਆ ਹੋਇਆ ਹੈ। ਜੇ ‘ਥੋੜਾ ਭਲਕ’ ਤੇ ‘ਥੋੜਾ ਸੱਚ’ ਲੱਭਣ ਲਈ ਸਾਨੂੰ ਪਾਸ਼ ਤੇ ਰਵੀ ਦੀਆਂ ਰਚਨਾਵਾਂ ਵੱਲ ਹੀ ਜਾਣਾ ਪੈਣਾ ਹੈ ਤਾਂ ਫਿਰ ਇਸ ਧਰਤੀ ‘ਤੇ ਕਰੀਬ ਢਾਈ ਸੌ ਸਾਲਾਂ ਵਿਚ ਸਿਰਜੇ ਉਸ ਗੁਰ-ਇਤਿਹਾਸ ਅਤੇ ਉਸ ਇਤਿਹਾਸ ਉੱਤੇ ਉਸਰੀ ਤਰਜ਼-ਏ-ਜ਼ਿੰਦਗੀ ਦੀ ਕੀ ਥਾਂ ਰਹਿ ਜਾਏਗੀ?
ਇੱਕ ਹੋਰ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਹੀਰ, ਵਾਰਿਸ ਸ਼ਾਹ, ਪੂਰਨ, ਸੁਲਤਾਨ ਬਾਹੂ, ਗ਼ੁਲਾਮ ਫਰੀਦ ਤੇ ਬੁੱਲ੍ਹੇਸ਼ਾਹ ਤੇ ਅਨੇਕਾਂ ਹੋਰ ਮਹਾਂਪੁਰਖਾਂ ਦਾ ਇਹ ਪਵਿੱਤਰ ਕਾਫ਼ਲਾ ਸਾਡੇ ਲਈ ਜਿਊਂਦਾ-ਜਾਗਦਾ, ਪਿਆਰਾ ਤੇ ਵੱਡਾ ਸੱਚ ਹੈ। ਪਰ ਇਹ ਸਭ ਕਿਨਾਰੇ ਦੇ ਸੱਚ ਹਨ। ਇਸ ਦੇ ਕੇਂਦਰ ਵਿੱਚ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹਨ ਜਿਨ੍ਹਾਂ ਦੀ ਠੰਢੀ-ਮਿੱਠੀ ਛਾਂ ਹੇਠ ਸਾਰੇ ਸੱਚ ਇਤਿਹਾਸ ਵਿੱਚ ਮੌਲਦੇ, ਖਿੜਦੇ, ਫੈਲਦੇ ਤੇ ਵਿਗਸਦੇ ਹਨ ਅਤੇ ਵਿਗਸਦੇ ਰਹੇ ਵੀ ਹਨ। ਇਤਿਹਾਸ ਇਹੋ ਜਿਹੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ। ਜਦੋਂ ਗੁਰੂ ਗੋਬਿੰਦ ਸਿੰਘ ਖੇੜਿਆਂ ਦੇ ਵੱਸਣ ਨੂੰ ‘ਭੱਠ’ ਆਖਦੇ ਹਨ ਤਾਂ ਉਹ ਹੀਰ ਨੂੰ ਮਾਨਤਾ ਹੀ ਤਾਂ ਦੇ ਰਹੇ ਹਨ। ਭਾਈ ਗੁਰਦਾਸ ਸੱਸੀ ਪੁੰਨੂੰ ਦੇ ਇਸ਼ਕ ਨੂੰ ਕੋਈ ਵੱਡੀ ਗੱਲ ਸਮਝਦੇ ਹਨ। ਇਹ ਸਾਰੇ ਸਾਡੇ ਕਲਚਰ ਦਾ ਹਿੱਸਾ ਹਨ ਜਿਸ ਵਿੱਚ ਪ੍ਰੋਫ਼ੈਸਰ ਪੂਰਨ ਸਿੰਘ ਦੀਆਂ ਨਜ਼ਰਾਂ ਵਿੱਚ ਰਾਂਝਾ ਸਾਨੂੰ ਆਪਣਾ ਭਰਾ ਨਜ਼ਰ ਆਉਂਦਾ ਹੈ। ਸੱਭਿਆਤਾਵਾਂ ਦੇ ਚੜ੍ਹਦੇ ਤੇ ਲਹਿੰਦੇ ਸੂਰਜਾਂ ਦਾ ਮਹਾਨ ਇਤਿਹਾਸਕਾਰ ਆਰਨਲਡ ਟੌਇਨਬੀ ਇਹ ਭਵਿੱਖਬਾਣੀ ਕਰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਕੋਲ ਸਾਰੇ ਧਰਮਾਂ ਨੂੰ ਦੱਸਣ ਲਈ ਕੋਈ ‘ਵਿਸ਼ੇਸ਼ ਗੱਲ’ ਹੈ। ਉਹ ‘ਵਿਸ਼ੇਸ਼ ਗੱਲ’ ਲੱਭਣ ਲਈ ਕੀ ਪਾਸ਼ ਤੇ ਰਵੀ ਦੀਆਂ ਲਿਖਤਾਂ ਸਾਡੇ ਲਈ ਚਾਨਣ ਮੁਨਾਰਾ ਬਣਨਗੀਆਂ? ਕੀ ਗੁਰੂ ਗ੍ਰੰਥ ਸਾਹਿਬ ਦੇ ਮੁਕੰਮਲ ਤੇ ਸੰਪੂਰਨ ਸੱਚ ਦੀ ਅਗਵਾਈ ‘ਹੀਰ ਵੰਨਾ ਪੰਜਾਬ’ ਕਰੇਗਾ? ਕਰ ਸਕੇਗਾ ਵੀ? ਕੀ ਖਾਲਸਾ ਪੰਥ ਉਸ ਅਗਵਾਈ ਕਰਨ ਦੇ ਸਮਰੱਥ ਨਹੀਂ ਹੈ? ਜਾਂ ਫਿਰ ਸੁਮੇਲ  ਜਿਨ੍ਹਾਂ ਉਪਰੋਕਤ ਵਿਅਕਤੀਆਂ ਦਾ ਜ਼ਿਕਰ ਕਰ ਰਹੇ ਹਨ, ਕੀ ਉਹ ਖ਼ਾਲਸਾ ਪੰਥ ਦੀ ਅਗਵਾਈ ਕਰਨਗੇ? ਉਹ ਕਿਹੜੇ ਸਮਾਜ ਵਿਗਿਆਨੀਆਂ ਤੇ ਰਾਜਨੀਤਕ ਵਿਗਿਆਨੀਆਂ ਨਾਲ ਸੁਮੇਲ ਦਾ ਸੰਪਰਕ ਹੈ ਜੋ ਹੀਰ ਵੰਨੇ ਪੰਜਾਬ ‘ਚੋਂ ਪੰਜਾਬ ਦੇ ਧਰਮ ਯੁੱਧ ਦੀ ਸੇਧ ਲੱਭਦੇ ਫਿਰਦੇ ਹਨ?
ਹਰ ਵੱਡੀ ਬਹਿਸ ਦਾ ਇੱਕ ਦਸਤੂਰ ਹੁੰਦਾ ਹੈ। ਉਸ ਬਹਿਸ ਵਿੱਚ ਸੰਜਮ ਵਿੱਚ ਰਹਿ ਕੇ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਕਿਸੇ ਵੱਡੇ ਤਰਕ ਨਾਲ ਸਾਹਮਣੇ ਵਾਲੇ ਦਾ ਦਿਲ ਤੇ ਦਿਮਾਗ਼ ਜਿੱਤਿਆ ਜਾਂਦਾ ਹੈ। ਪਰ ਸੁਮੇਲ ਨੇ ਕਿਸੇ ਵੱਡੇ ਛੋਟੇ ਦੀ ਪ੍ਰਵਾਹ ਹੀ ਨਹੀਂ ਕੀਤੀ। ਉਹ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਨੂੰ ਗੁਸੈਲ ਮੁਖੀ ਦਾ ਫਤਵਾ ਦੇ ਰਹੇ ਹਨ ਅਤੇ ਉਨ੍ਹਾਂ ਦੇ ਅੰਦਾਜ਼-ਏ-ਬਿਆਨਾਂ ਤੇ ਟਿੱਪਣੀਆਂ ਨੂੰ ‘ਜੱਟਕੇ ਮੁਹਾਵਰੇ’ ਦਾ ਮਿਹਣਾ ਦੇ ਕੇ ਉਨ੍ਹਾਂ ਦੇ ਕੱਦ ਨੂੰ ਛੋਟਾ ਕਰਨਾ ਚਾਹੁੰਦੇ ਹਨ। ਕੀ ਜੱਟਕੇ ਮੁਹਾਵਰੇ ਵਿੱਚ ਜ਼ਿੰਦਗੀ ਦੀਆਂ ਵੱਡੀਆਂ ਸੱਚਾਈਆਂ ਨਹੀਂ ਹੁੰਦੀਆਂ? ਕੀ ਅਕਾਦਮਿਕ ਡੰਡ ਬੈਠਕਾਂ ਹੀ ਕਿਸੇ ਵੱਡੀ ਲਹਿਰ ਦੀ ਸਿਰਜਣਾ ਕਰਦੀਆਂ ਹਨ? ਇਹ ਸਵਾਲ ਬਹਿਸ ਦੀ ਮੰਗ ਕਰਦੇ ਹਨ। ਸੰਤ ਜੀ ਦੇ ਗੁੱਸੇ ਪਿੱਛੇ ਲੁਕੇ ਕਾਰਨਾਂ ਨੂੰ ਲੱਭਣ ਲਈ ਸੁਮੇਲ ਦੀ ਖੋਜ ਨੇ ਲੰਮਾ ਸਫ਼ਰ ਨਹੀਂ ਤੈਅ ਕੀਤਾ। ਕੀ ਕਿਸੇ ‘ਕਰੁਣਾਮਈ’ ਵਿਚਾਰ ਤੋਂ ਬਿਨਾਂ ਪੂਰੇ ਦਸ ਸਾਲ ਤਕ ਮੋਢਿਆਂ ‘ਤੇ ਅਸਾਲਟਾਂ ਚੁੱਕੀਆਂ ਜਾ ਸਕਦੀਆਂ ਹਨ ਅਤੇ ਖ਼ਾਸ ਤੌਰ ‘ਤੇ ਉਸ ਸਮੇਂ ਜਦੋਂ ਮੁਕਾਬਲਾ ਇੱਕ ਵੱਡੀ ਤਾਕਤ ਨਾਲ ਹੋ ਰਿਹਾ ਹੋਵੇ? ਇਉਂ ਲੱਗਦਾ ਹੈ ਕਿ ਸੁਮੇਲ ਸਿੰਘ ਸਿੱਧੂ ਖੜੋਤੇ ਪਾਣੀਆਂ ਦਾ ਤੈਰਾਕ ਹੈ ਜਿਸ ਨੇ ਇਕ ਪੱਖ ਦੀ ਸਰਗਰਮ ਤਰਫ਼ਦਾਰੀ ਕਰਕੇ ਨਿਆਂ ਵਿਚ ਖਲਲ ਪਾਇਆ ਹੈ।