ਪੁਲੀਸ ਅਫ਼ਸਰਾਂ ਤੇ ਨਸ਼ਾ ਸਮੱਗਲਰਾਂ ਦੀ ਆੜੀ ਪੰਜਾਬ ਨੂੰ ਕਰ ਰਹੀ ਏ ਤਬਾਹ

ਪੁਲੀਸ ਅਫ਼ਸਰਾਂ ਤੇ ਨਸ਼ਾ ਸਮੱਗਲਰਾਂ ਦੀ ਆੜੀ ਪੰਜਾਬ ਨੂੰ ਕਰ ਰਹੀ ਏ ਤਬਾਹ

ਨਸ਼ਾ ਪੀੜਤ ਕੁੜੀ ਮੀਡੀਆ ਸਾਹਮਣੇ ਪੇਸ਼ 
ਦੋਸ਼ ਲਗਾਏ ਕਿ ਡੀਐਸਪੀ ਨੇ ਨਸ਼ੇ ‘ਤੇ ਲਗਾਈਆਂ ਕੁੜੀਆਂ ਅਤੇ ਸੈਕਸ ਸ਼ੋਸ਼ਣ ਕੀਤਾ
ਪ੍ਰੋ. ਬਲਵਿੰਦਰਪਾਲ ਸਿੰਘ
ਪੰਜਾਬ ਵਿਚ ਨਸ਼ਿਆਂ ਨਾਲ 10 ਦਿਨ ਤੋਂ ਲਗਾਤਾਰ ਹੋ ਰਹੀਆਂ ਮੌਤਾਂ ਕਰਕੇ ਲੋਕਾਂ ਅੰਦਰ ਸਰਕਾਰ ਤੇ ਪੁਲਸ-ਪ੍ਰਸ਼ਾਸਨ ਪ੍ਰਤੀ ਰੋਸ ਵਧ ਰਿਹਾ ਹੈ। ਜਨਤਕ ਜਥੇਬੰਦੀਆਂ ਨੇ ਪਹਿਲੀ ਤੋਂ ‘ਚਿੱਟੇ’ ਖ਼ਿਲਾਫ਼ ਕਾਲਾ ਹਫ਼ਤਾ ਮਨਾਉਣ ਦਾ ਸੱਦਾ ਦਿੱਤਾ ਹੋਇਆ ਹੈ। ਇਸ ਲਈ ਦਿੱਤੇ ਗਏ ਨਾਅਰੇ ‘ਮਰੋ ਜਾਂ ਵਿਰੋਧ ਕਰੋ’ ਦਾ ਲੋਕਾਂ ‘ਤੇ ਅਸਰ ਵੀ ਦਿਖਾਈ ਦੇਣ ਲੱਗਾ ਹੈ। ਲੋਕ ਆਪ-ਮੁਹਾਰੇ ਵੱਖ-ਵੱਖ ਸ਼ਹਿਰਾਂ ਅੰਦਰ ਇਸ ਹਫ਼ਤੇ ਦੌਰਾਨ ਰੋਸ ਮਾਰਚ, ਕਰ ਰਹੇ ਹਨ। ਇਸੇ ਦੌਰਾਨ ਇਸ ਅਤਿ ਗੰਭੀਰ ਮੁੱਦੇ ਦੀ ਪੰਜਾਬ ਵਿਧਾਨ ਸਭਾ ਤੋਂ ਲੈ ਕੇ ਲੋਕ ਸਭਾ ਤੱਕ ਗੂੰਜ ਪੈਣ ਜਾ ਰਹੀ ਹੈ। ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਸੰਸਦ ਦੇ ਸੈਸ਼ਨ ਵਿਚ ਪੰਜਾਬ ਵਿਚ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਤੇ ਨਸ਼ਿਆਂ ਦੀ ਰੋਕਥਾਮ ਦਾ ਮੁੱਦਾ ਚੁੱਕਣਗੇ। ਇਸ ਮੁੱਦੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਣ ਵਾਲੇ ਕਾਂਗਰਸ ਦੇ 40 ਵਿਧਾਇਕਾਂ ਨੂੰ ਵੀ ਇਹ ਆਖ ਕੇ ਉਨ੍ਹਾਂ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕੈਪਟਨ ਨੂੰ ਗੁਟਕੇ ਦੀ ਚੁੱਕੀ ਸਹੁੰ ਯਾਦ ਕਰਵਾਉਣ।
ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਤੇ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਦਾ ਕਹਿਣਾ ਸੀ ਕਿ ਉਹ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿਚ ਇਹ ਮੁੱਦਾ ਚੁੱਕਣਗੇ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੀ ਇਸ ਮੁੱਦੇ ‘ਤੇ ਕਾਂਗਰਸ ਸਰਕਾਰ ਨੂੰ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਘੇਰਨ ਦੀ ਗੱਲ ਆਖੀ ਹੈ।
ਪੰਜਾਬ ਵਿਚ ਇਸ ਸਮੇਂ  ਭ੍ਰਿਸ਼ਟ ਅਫ਼ਸਰਸ਼ਾਹੀ ਦਾ ਰਾਜ ਹੈ, ਜਿਸ ਦੀ ਆੜੀ ਡਰੱਗ ਸਮੱਗਲਰਾਂ ਨਾਲ ਹੈ। ਉਸ ਦਾ ਇੱਕੋ-ਇੱਕ ਮਨੋਰਥ ਆਪਣੀਆਂ ਤਿਜੌਰੀਆਂ ਭਰਨੀਆਂ ਹਨ। ਪੰਜਾਬ ਪੁਲੀਸ ਦੇ ਲੰਮੇ ਹੱਥ ਨਸ਼ਾ ਤਸਕਰਾਂ ਦੀ ‘ਮਾਇਆ’ ਕਾਰਨ ਦੂਰ ਹਨ। ਤਾਹੀਓਂ ਬਹੁਤੇ ਤਸਕਰਾਂ ਦੀ ਜਾਇਦਾਦ ਹੁਣ ਤੱਕ ਜ਼ਬਤ ਨਹੀਂ ਹੋ ਸਕੀ।
ਬਠਿੰਡਾ ਖ਼ਿੱਤੇ ਦੇ ਅੱਠ ਜ਼ਿਲ੍ਹਿਆਂ ਵਿੱਚ ਲੰਘੇ 10 ਵਰ੍ਹਿਆਂ ਦੌਰਾਨ 112 ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ ਪਰ ਹਾਲੇ ਤੱਕ 64 ਤਸਕਰਾਂ ਦੀ ਜਾਇਦਾਦ ਜ਼ਬਤ ਨਹੀਂ ਹੋ ਸਕੀ ਹੈ ਜਦੋਂਕਿ ਬਾਕੀ ਤਸਕਰਾਂ ਦੀ ‘ਸਮਰੱਥ ਅਥਾਰਿਟੀ’ ਤੋਂ ਜਾਇਦਾਦ ਜ਼ਬਤ ਕੀਤੇ ਜਾਣ ਨੂੰ ਹਰੀ ਝੰਡੀ ਮਿਲੀ ਹੈ। ਜਦੋਂ ਤੱਕ ਤਸਕਰਾਂ ਤੱਕ ਪੁਲੀਸ ਦੇ ਹੱਥ ਪੁੱਜਦੇ ਹਨ ਉਦੋਂ ਤੱਕ ਤਸਕਰ ਆਪਣੀ ਜਾਇਦਾਦ ਤਬਦੀਲ ਕਰ ਦਿੰਦੇ ਹਨ।
ਆਰਟੀਆਈ ਅਨੁਸਾਰ ਮੋਗਾ ਵਿੱਚ ਲੰਘੇ ਦਸ ਵਰ੍ਹਿਆਂ ਦੌਰਾਨ 66 ਪੁਲੀਸ ਕੇਸਾਂ ਵਿੱਚ 72 ਨਸ਼ਾ ਤਸਕਰਾਂ ਦੀ 16.09 ਕਰੋੜ ਦੀ ਜਾਇਦਾਦ ਜ਼ਬਤ ਕਰਨ ਦੇ ਕੇਸ ‘ਸਮਰੱਥ ਅਥਾਰਿਟੀ’ ਨਵੀਂ ਦਿੱਲੀ ਕੋਲ ਭੇਜੇ ਗਏ ਸਨ, ਜਿਨ੍ਹਾਂ ਵਿਚੋਂ 29 ਤਸਕਰਾਂ ਦੀ ਜਾਇਦਾਦ ਦੇ ਕੇਸ ਪੈਂਡਿੰਗ ਪਏ ਹਨ ਜਦੋਂਕਿ ਬਾਕੀ 43 ਤਸਕਰਾਂ ਦੀ ਜਾਇਦਾਦ ਜ਼ਬਤ ਕੀਤੇ ਜਾਣ ਨੂੰ ਹਰੀ ਝੰਡੀ ਮਿਲ ਗਈ ਹੈ। ਪਿੰਡ ਦੌਲੇਵਾਲਾ ਦੇ 26 ਤਸਕਰਾਂ ਦੀ ਜਾਇਦਾਦ ਜ਼ਬਤ ਕੀਤੇ ਜਾਣ ਦਾ ਰਾਹ ਖੁੱਲ੍ਹਿਆ ਹੈ ਜਦੋਂਕਿ ਇੱਥੋਂ ਦੇ ਚਾਰ ਕੇਸ ਪੈਂਡਿੰਗ ਪਏ ਹਨ। ਮੋਗਾ ਦੇ ਪਿੰਡ ਖੋਸਾ ਕੋਟਲਾ ਦੇ ਭਜਨ ਸਿੰਘ ਤੇ ਨਸ਼ਾ ਤਸਕਰੀ ਦੇ ਅੱਠ ਕੇਸ ਹਨ, ਜਿਸ ਦੀ 10 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾਣੀ ਹੈ। ਪਿੰਡ ਬਹਿਰਾਮਕੇ ਦੇ ਸੁਖਦੇਵ ਸਿੰਘ ‘ਤੇ ਵੀ ਅੱਠ ਕੇਸ ਦਰਜ ਹਨ, ਜਿਸ ਦੀ 6 ਲੱਖ ਦੀ ਜਾਇਦਾਦ ਜ਼ਬਤ ਕੀਤੀ ਗਈ ਪਰ ਇਸ ਵਿਅਕਤੀ ਦੀ ਮੌਤ ਹੋ ਚੁੱਕੀ ਹੈ। ਫ਼ਾਜ਼ਿਲਕਾ ਵਿੱਚ ਕਿਸੇ ਤਸਕਰ ਦੀ ਜਾਇਦਾਦ ਜ਼ਬਤ ਨਹੀਂ ਹੋ ਸਕੀ ਹੈ ਅਤੇ ਚਾਰ ਤਸਕਰਾਂ ਦੇ ਕੇਸ ਪੈਂਡਿੰਗ ਹਨ। ਜਲਾਲਾਬਾਦ ਥਾਣੇ ਦੇ ਇੱਕ ਤਸਕਰ ਨੇ ਆਪਣੀ ਜਾਇਦਾਦ ਮਾਤਾ-ਪਿਤਾ ਅਤੇ ਫ਼ਾਜ਼ਿਲਕਾ ਸਦਰ ਥਾਣੇ ਦੇ ਤਸਕਰ ਬਗ਼ੀਚਾ ਸਿੰਘ ਨੇ ਆਪਣੀ ਪਤਨੀ ਦੇ ਨਾਮ ਤਬਦੀਲ ਕਰਾ ਦਿੱਤੀ ਹੈ। ਮੁਕਤਸਰ ਪੁਲੀਸ ਨੇ ਤਿੰਨ ਤਸਕਰਾਂ ਦੇ ਕੇਸ ਤਿਆਰ ਕੀਤੇ ਸਨ, ਜਿਨ੍ਹਾਂ ਵਿਚੋਂ ਮਲੋਟ ਦੇ ਦੌਲਤ ਰਾਮ ਦੀ ਜਾਇਦਾਦ ਪ੍ਰਕਿਰਿਆ ਅਧੀਨ ਹੈ ਜਦੋਂਕਿ ਸੂਰੇਵਾਲਾ ਦੇ ਤਸਕਰ ਦੀ 3.70 ਲੱਖ ਦੀ ਜਾਇਦਾਦ ਅਤੇ ਈਨਾ ਖੇੜਾ ਦੇ ਤਿੰਨ ਤਸਕਰਾਂ ਦੀ 9.02 ਲੱਖ ਦੀ ਪ੍ਰਾਪਰਟੀ ਅਟੈਚ ਕੀਤੀ ਗਈ ਹੈ। ਮੋਗਾ ਦੇ ਅੱਧੀ ਦਰਜਨ ਤਸਕਰਾਂ ਦੀ ਪ੍ਰਾਪਰਟੀ ਜ਼ਬਤ ਕੀਤੇ ਜਾਣ ਸਬੰਧੀ ਸਮਰੱਥ ਅਥਾਰਿਟੀ ਤੋਂ ਪ੍ਰਵਾਨਗੀ ਤਾਂ ਮਿਲੀ ਪਰ ਰਿਕਾਰਡ ਵਿੱਚ ਇਨ੍ਹਾਂ ਦੀ ਜਾਇਦਾਦ ਲੱਭ ਨਹੀਂ ਸਕੀ। ਥਾਣਾ ਜੈਤੋ ਵਿੱਚ ਦਰਜ ਇੱਕ ਕੇਸ ਵਿੱਚ ਜਾਇਦਾਦ ਜ਼ਬਤ ਕਰਾਉਣ ਦਾ ਕੇਸ ਕਰੀਬ 9 ਵਰ੍ਹੇ ਲਟਕਦਾ ਰਿਹਾ। ਬਠਿੰਡਾ ਜ਼ਿਲ੍ਹੇ ਵਿੱਚ ਸਾਲ 2010 ਤੋਂ ਬਾਅਦ ਕਿਸੇ ਵੱਡੇ ਤਸਕਰ ਦੀ ਜਾਇਦਾਦ ਜ਼ਬਤ ਕਰਨ ਦਾ ਕੇਸ ਤਿਆਰ ਨਹੀਂ ਹੋਇਆ ਹੈ। ਬਰਨਾਲਾ ਪੁਲੀਸ ਵੱਲੋਂ ਹੁਣ ਤੱਕ ਅੱਧੀ ਦਰਜਨ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਪਰ ਕੋਈ ਕੇਸ ਸਿਰੇ ਨਹੀਂ ਲੱਗ ਸਕਿਆ। ਪੁਲੀਸ ਨੇ ਦੋ ਹਰਿਆਣਾ ਦੇ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦਾ ਕੇਸ ਭੇਜਿਆ ਸੀ। ਬਰਨਾਲਾ ਦੇ ਐਸ.ਪੀ ਸੁਖਦੇਵ ਸਿੰਘ ਵਿਰਕ ਦਾ ਕਹਿਣਾ ਸੀ ਕਿ ਪ੍ਰਕਿਰਿਆ ਪੇਚੀਦਾ ਹੋਣ ਕਰਕੇ ਜਾਇਦਾਦ ਜ਼ਬਤ ਕਰਨ ਵਿਚ ਸਮਾਂ ਲੱਗ ਜਾਂਦਾ ਹੈ। ਫ਼ਿਰੋਜ਼ਪੁਰ ਦੇ ਕਈ ਤਸਕਰਾਂ ਦੇ ਕੇਸ ਪੈਂਡਿੰਗ ਹਨ ਅਤੇ ਤਸਕਰ ਸੁਰਜੀਤ ਸਿੰਘ ਦੀ ਜਾਇਦਾਦ ਜ਼ਬਤ ਕਰਨ ਸਬੰਧੀ ਜਦੋਂ ਹਰੀ ਝੰਡੀ ਮਿਲੀ ਤਾਂ ਉਦੋਂ ਤੱਕ ਜਹਾਨੋਂ ਤੁਰ ਚੁੱਕਾ ਸੀ।
ਬਠਿੰਡਾ ਜ਼ੋਨ ਦੇ ਆਈਜੀ ਐੱਮਐੱਫ ਫਾਰੂਕੀ ਦਾ ਕਹਿਣਾ ਸੀ ਕਿ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੇ ਜਾਣ ਦੀ ਪ੍ਰਕਿਰਿਆ ਕਾਫ਼ੀ ਲੰਮੀ ਚੌੜੀ ਹੁੰਦੀ ਹੈ ਅਤੇ ਕਈ ਪੜਾਵਾਂ ਵਿਚੋਂ ਕੇਸ ਲੰਘਦਾ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਕੇਸਾਂ ਦੀ ਪੂਰੇ ਵੇਰਵੇ ਤਾਂ ਦਫ਼ਤਰੀ ਰਿਕਾਰਡ ਦੇਖ ਕੇ ਦੱਸੇ ਜਾ ਸਕਦੇ ਹਨ ਪਰ ਕਈ ਤਸਕਰ ਆਪਣੀ ਜਾਇਦਾਦ ਆਪਣੇ ਸਕੇ ਸੰਬੰਧੀਆਂ ਦੇ ਨਾਮ ਤਬਦੀਲ ਕਰ ਦਿੰਦੇ ਹਨ।
ਖਹਿਰਾ ਤੇ ਬੈਂਸ ਨੇ ਖੋਲ੍ਹੇ ਭੇਦ : ‘ਆਪ’ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਨਸ਼ਾ ਪੀੜਤ ਰਹੀ ਲੜਕੀ ਨੂੰ ਮੀਡੀਆ ਸਾਹਮਣੇ ਪੇਸ਼ ਕਰ ਕੇ ਇਕ ਪ੍ਰੈੱਸ ਕਾਨਫਰੰਸ ਕੀਤੀ ਅਤੇ ਕਪੂਰਥਲਾ ਵਿਚ ਡੀਐੱਸਪੀ. ਰਹੇ ਦਲਜੀਤ ਸਿੰਘ ਢਿੱਲੋਂ ਵਿਰੁੱਧ ਹੈਰਾਨੀਜਨਕ ਖੁਲਾਸੇ ਕੀਤੇ। ਇਸ ਮੌਕੇ ਪੀੜਤ ਲੜਕੀ ਨੇ ਦੱਸਿਆ ਕਿ ਉਸ ਨੇ ਇਕ ਸ਼ਿਕਾਇਤ ਮੁੱਖ ਮੰਤਰੀ ਨੂੰ ਭੇਜੀ ਹੈ, ਜਿਸ ਵਿਚ ਉਸ ਨੇ ਆਪਣੇ ਨਾਲ ਜੋ ਕੁਝ ਵੀ ਹੋਇਆ, ਉਸ ਦਾ ਖੁਲ੍ਹ ਕੇ ਖੁਲਾਸਾ ਕੀਤਾ ਹੈ।
ਲੁਧਿਆਣਾ ਦੀ ਪੀੜਤ ਲੜਕੀ ਨੇ ਮੀਡੀਆ ਨੂੰ ਦੱਸਿਆ ਕਿ ਉਸ ਨੂੰ 2011 ਵਿਚ ਉਸ ਦੇ ਮਾਪਿਆਂ ਨੇ ਪੜ੍ਹਾਈ ਲਈ ਕਾਲਜ ਦਾਖਲ ਕਰਾਇਆ ਸੀ ਪਰ ਪੜ੍ਹਾਈ ਵਿਚ ਉਸ ਦਾ ਮਨ ਨਾ ਲੱਗਾ ਤਾਂ ਸ਼ਹਿਰ ਵਿਚ ਆ ਕੇ ਇਕ ਪੀਜੀ. ਵਿਚ ਰਹਿਣ ਲੱਗੀ ਅਤੇ ਨਾਲ ਹੀ ਇਕ ਪ੍ਰਾਈਵੇਟ ਰੈਸਟੋਰੈਂਟ ਵਿਚ ਨੌਕਰੀ ਵੀ ਕਰਨ ਲੱਗੀ। ਉਸ ਨੇ ਕਿਹਾ ਕਿ ਉਸ ਦੀ ਮੁਲਾਕਾਤ ਇਕ ਦਵਿੰਦਰ (ਬਦਲਿਆ ਨਾਂ) ਨਾਂ ਦੀ ਲੜਕੀ ਨਾਲ ਹੋਈ, ਜੋ ਤਲਾਕਸ਼ੁਦਾ ਸੀ। ਦਵਿੰਦਰ ਨੇ ਉਸ ਦੀ ਮੁਲਾਕਾਤ ਇਕ ਵਿਧਾਇਕ ਦੇ ਪੁੱਤਰ ਅਮਨ ਨਾਲ ਕਰਵਾਈ। ਉਸ ਦੇ ਮਗਰੋਂ ਉਹ ਤਿੰਨੇ ਲਗਾਤਾਰ ਮਿਲਦੇ ਰਹੇ। ਇਕ ਦਿਨ ਅਮਨ ਨੇ ਉਸ ਨੂੰ ਆਪਣੇ ਨਾਲ ਤਰਨਤਾਰਨ ਜਾਣ ਲਈ ਕਿਹਾ ਪਰ ਦਵਿੰਦਰ ਦੀ ਸਿਹਤ ਖਰਾਬ ਹੋਣ ਕਾਰਨ ਅਮਨ ਸਿਰਫ ਉਸ ਨੂੰ ਆਪਣੀ ਇਨੋਵਾ ਕਾਰ ਵਿਚ ਤਰਨਤਾਰਨ ਲੈ ਕੇ ਗਿਆ।
ਪੀੜਤਾ ਨੇ ਕਿਹਾ ਕਿ ਅਮਨ ਤਰਨਤਾਰਨ ਵਿਚ ਉਸ ਨੂੰ ਡੀਐੱਸਪੀ. ਦਲਜੀਤ ਢਿੱਲੋਂ ਦੀ ਕੋਠੀ ਵਿਚ ਲੈ ਗਿਆ, ਜਿਥੇ ਪਹਿਲਾਂ ਪੁਲਸ ਅਧਿਕਾਰੀ ਨੇ ਉਸ ਨੂੰ ਰੋਟੀ ਖੁਆਈ ਫਿਰ ਉਸ ਦੇ ਅੱਗੇ ਇਕ ਚਿੱਟੇ ਦੀ ਡਲੀ ਰੱਖੀ ਅਤੇ ਕਿਹਾ ਕਿ ਇਸ ਨੂੰ ਵੀ ਪੀ ਲੈ। ਲੜਕੀ ਦੇ ਨਾਂਹ ਕਰਨ ‘ਤੇ ਅਧਿਕਾਰੀ ਨੇ ਕਿਹਾ ਕਿ ਇਸ ਨੂੰ ਪੀਣਾ ਸਿੱਖੋ, ਇਹੀ ਅੱਜਕਲ ਦਾ ਫੈਸ਼ਨ ਹੈ। ਪੀੜਤਾ ਨੇ ਕਿਹਾ ਕਿ ਪੁਲਸ ਅਧਿਕਾਰੀ ਦੇ ਅਸ਼ੋਕ ਨਾਂ ਦੇ ਰਸੋਈਏ ਨੇ ਮੈਨੂੰ ਇਕ ਰੈਪ ਪੇਪਰ ਅਤੇ ਲਾਈਟਰ ਲਿਆ ਕੇ ਦਿੱਤਾ ਤੇ ਮੈਨੂੰ ਚਿੱਟਾ ਪੀਣਾ ਸਿਖਾਇਆ।
ਪੀੜਤਾ ਨੇ ਦੋਸ਼ ਲਾਇਆ ਕਿ ਡੀਐੱਸਪੀ. ਨੇ ਉਸ ਨੂੰ ਆਪਣਾ ਨੰਬਰ ਦਿੱਤਾ ਅਤੇ ਕੁਝ ਦਿਨਾਂ ਬਾਅਦ ਉਸ ਨੂੰ ਫੋਨ ਕਰ ਕੇ ਕਿਹਾ ਕਿ ਆਪਣੀ ਸਹੇਲੀ ਨੂੰ ਨਾਲ ਲੈ ਕੇ ਮੈਨੂੰ ਮਿਲਣ ਆਓ। ਅਗਲੇ ਦਿਨ ਉਹ ਬੱਸ ਵਿਚ ਆਪਣੀ ਸਹੇਲੀ ਨਾਲ ਤਰਨਤਾਰਨ ਪਹੁੰਚੀ ਅਤੇ ਅੱਗੇ ਇਕ ਸਕਾਰਪੀਓ ਗੱਡੀ ਵਿਚ ਉਸ ਨੂੰ ਕੋਈ ਲੈਣ ਆਇਆ ਸੀ, ਜੋ ਉਸ ਨੂੰ ਡੀ. ਐੱਸ. ਪੀ. ਦੀ ਕੋਠੀ ਲੈ ਗਿਆ, ਜਿਥੇ ਉਨ੍ਹਾਂ ਦੋਵਾਂ ਲੜਕੀਆਂ ਨੂੰ ਦੁਬਾਰਾ ਚਿੱਟੇ ਦਾ ਨਸ਼ਾ ਕਰਵਾਇਆ ਗਿਆ। ਉਸ ਦੇ ਮਗਰੋਂ ਪੁਲਸ ਅਧਿਕਾਰੀ  ਨੇ ਪੀੜਤਾ  ਨੂੰ ਚੁਬਾਰੇ ‘ਤੇ ਸੱਦਿਆ ਅਤੇ ਉੁਥੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਵਾਪਸ ਜਾਂਦੇ ਸਮੇਂ ਲੜਕੀ ਨੇ ਪੁਲਸ ਅਧਿਕਾਰੀ ਕੋਲੋਂ ਥੋੜ੍ਹਾ ਜਿਹਾ ਚਿੱੱਟਾ ਮੰਗਿਆ ਤਾਂ ਉਸ ਨੇ ਥੋੜ੍ਹਾ ਜਿਹਾ ਪਾਊਡਰ ਦੇ ਕੇ ਕਿਹਾ ਕਿ ਤੁਹਾਨੂੰ ਵਾਰ-ਵਾਰ ਆ ਕੇ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਉਸ ਨੇ ਲੜਕੀਆਂ ਨੂੰ 5 ਗ੍ਰਾਮ ਚਿੱਟਾ ਸਟੋਰ ਵਿਚ ਰੱਖੇ ਇਕ ਕੰਡੇ ਤੋਂ ਤੋਲ ਕੇ ਦਿੱਤਾ।
ਪੀੜਤਾ ਨੇ ਦੱਸਿਆ ਕਿ ਲੁਧਿਆਣਾ ਵਾਪਸ ਆ ਕੇ ਇਕ ਦਿਨ ਉਸ ਨੇ ਡੀਐੱਸਪੀ. ਨੂੰ ਫੋਨ ਕਰ ਕੇ ਚਿੱੱਟੇ ਦੀ ਮੰਗ ਕੀਤੀ ਤਾਂ ਉਸ ਨੇ ਕਿਹਾ ਕਿ ਹੁਣ ਫ੍ਰੀ ਵਿਚ ਨਹੀਂ ਮਿਲੇਗਾ। ਜੇਕਰ ਮਾਲ ਲੈਣਾ ਹੈ ਤਾਂ ਹੋਰ ਲੜਕੀਆਂ ਲੈ ਕੇ ਆਓ।
ਸੁਖਪਾਲ ਸਿੰਘ ਖਹਿਰਾ ਤੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਦੀ ਕਸਮ ਖਾ ਕੇ ਮੁੱਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਡੀਜੀਪੀ. ਸਿਧਾਰਥ ਚਟੋਪਾਧਿਆ ਦੀ ਰਿਪੋਰਟ ਨੂੰ ਕਿਉਂ ਅਣਦੇਖੀ ਕਰ ਰਹੇ ਹਨ। ਕਿਉਂ ਇੰਸਪੈਕਟਰ ਇੰਦਰਜੀਤ ਦੇ ਸਾਰੇ ਮਾਮਲੇ ਦੀ ਜਾਂਚ ਰੋਕ ਦਿੱਤੀ ਗਈ ਹੈ। ਕਿਉਂ ਨਸ਼ਾ ਸਮੱਗਲਰਾਂ ਵਿਚ ਡੀਜੀਪੀ., ਏ. ਡੀ. ਜੀ. ਪੀ. ਤੇ ਐੱਸ. ਐੱਸ. ਪੀ. ਰੈਂਕ ਦੇ ਅਧਿਕਾਰੀਆਂ ਦੇ ਨਾਂ ਆਉਣ ਮਗਰੋਂ ਵੀ ਕੈਪਟਨ ਨੇ ਇਨ੍ਹਾਂ ਵੱਡੇ ਪੁਲਸ ਅਧਿਕਾਰੀਆਂ ‘ਤੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ 3 ਦਿਨਾਂ ਤੋਂ ਉਕਤ ਲੜਕੀ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਵੀ ਅਜੇ ਤਕ ਕੈਪਟਨ ਨੇ ਕਿਉਂ ਨਹੀਂ ਸਬੰਧਿਤ ਪੁਲਸ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ। ਉਨ੍ਹਾਂ ਕਿਹਾ ਕਿ ਇਕ ਹੋਰ ਲੜਕੀ ਵਲੋਂ ਜਲੰਧਰ ਦੇ ਇੰਸਪੈਕਟਰ ਬਲਵੀਰ ਸਿੰਘ ‘ਤੇ ਵੀ ਨਸ਼ੇ ਦੀ ਚੇਟਕ ‘ਤੇ ਲਾਉਣ ਤੇ ਨਸ਼ਾ ਵੇਚਣ ਦੇ ਦੋਸ਼ ਲਾਏ ਗਏ ਹਨ ਪਰ ਅਜੇ ਤਕ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋਈ।
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਵਿਵਾਦਤ ਬਿਆਨ : ਸੂਬੇ ਵਿੱਚ ਨਸ਼ਿਆਂ ਕਾਰਨ ਹਾਲ ਹੀ ਵਿੱਚ ਹੋਈਆਂ ਮੌਤਾਂ ਦੇ ਮਾਮਲੇ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਨੀਲ ਜਾਖੜ ਨੇ ਵੱਡੀ ਸਾਰੀ ਗੱਪ ਮਾਰਦਿਆਂ ਕਿਹਾ ਕਿ ਇਹ ਮੌਤਾਂ ਨਸ਼ੇ ਨਾਲ ਨਹੀਂ ਬਲਕਿ ਨਸ਼ੇ ਦੀ ਥੁੜ੍ਹ ਕਾਰਨ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਮੰਦਾਭਾਗਾ ਹੈ ਤੇ ਇਸ ਨੂੰ ਰੋਕਣ ਲਈ ਸਰਕਾਰ ਨਸ਼ਾ ਛੁਡਾਊ ਕੇਂਦਰਾਂ ਵਿਚ ਹਰ ਸੰਭਵ ਇੰਤਜ਼ਾਮ ਕਰੇਗੀ। ਜਾਖੜ ਇੱਥੇ ਸਨਅਤਕਾਰਾਂ ਤੇ ਸਰਾਫ਼ਾਂ ਨਾਲ ਇਕ ਬੈਠਕ ਕਰਨ ਆਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਨਸ਼ਿਆਂ ਨੂੰ ਕੈਪਟਨ ਸਰਕਾਰ ਨੇ ਹਰ ਪੱਧਰ ‘ਤੇ ਨੱਥ ਪਾ ਲਈ ਹੈ। ਪਰ ਹੁਣ ਨਸ਼ਾ ਨਾ ਮਿਲਣ ਕਾਰਨ ਨੌਜਵਾਨ ਹੋਰ ਕਈ ਬਦਲਵੇਂ ਖ਼ਤਰਨਾਕ ਰਾਹ ਅਖ਼ਤਿਆਰ ਕਰ ਰਹੇ ਹਨ, ਜਿਸ ਕਾਰਨ ਇੱਕ ਦਮ ਸੂਬੇ ਵਿੱਚ ਨੌਜਵਾਨਾਂ ਦੀਆਂ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮੈਡੀਕਲ ਨਸ਼ੇ ਨੂੰ ਨੱਥ ਪਾਉਣ ਲਈ ਵੀ ਸਰਕਾਰ ਨੇ ਤਿਆਰੀ ਵਿੱਢ ਦਿੱਤੀ ਹੈ।
ਡੀਜੀਪੀ. ਵੱਲੋਂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ‘ਤੇ ਸਖ਼ਤੀ ਕਰਨ ਦੇ ਹੁਕਮ : ਪੰਜਾਬ ਪੁਲਿਸ ਦੇ ਮੁਖੀ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਖੇਤਰੀ ਅਫਸਰਾਂ ਨੂੰ ਗੈਗਸਟਰਾਂ ਤੇ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ‘ਤੇ ਸਿਕੰਜ਼ਾ ਕੱਸਣ ਦੀਆਂ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਇਹ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਕਿਸੇ ਵੀ ਤਰ੍ਹਾਂ ਦੀ ਨਸ਼ਾ ਤਸਕਰੀ ਲਈ ਉਹ ਜਵਾਬਦੇਹ ਹੋਣਗੇ। ਡੀਜੀਪੀ. ਨੇ ਅਧਿਕਾਰੀਆਂ ਨੂੰ ਦੱਸਿਆ ਕਿ ਵੱਖ-ਵੱਖ ਪੱਧਰਾਂ ‘ਤੇ ਕੰਮ ਕਰ ਰਹੇ ਖੇਤਰੀ ਅਫਸਰ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਕਿਸੇ ਵੀ ਤਰ੍ਹਾਂ ਦੀ ਨਸ਼ਾ ਤਸਕਰੀ ਲਈ ਜਵਾਬਦੇਹ ਹੋਣਗੇ। ਉਨ੍ਹਾਂ ਸਾਰੇ ਖੇਤਰੀ ਅਫਸਰਾਂ ਨੂੰ ਇਨ੍ਹਾਂ ਸਮੱਗਲਰਾਂ ਦੁਆਰਾ ਗੈਰ-ਕਾਨੂੰਨੀ ਢੰਗ ਨਾਲ ਹਾਸਲ ਕੀਤੀਆਂ ਜ਼ਮੀਨਾਂ-ਜਾਇਦਾਦਾਂ ਬਾਰੇ ਵਿਵਸਥਤ ਵਿੱਤੀ ਜਾਂਚ ਕਰਨ ਦੇ ਹੁਕਮ ਦਿੱਤੇ ਤੇ ਇਨ੍ਹਾਂ ਨੂੰ ਕਬਜ਼ੇ ਵਿਚ ਲੈਣ ਦੀ ਪ੍ਰਕਿਰਿਆ ਨੂੰ ਜਲਦ ਸ਼ੁਰੂ ਕਰਨ ਲਈ ਕਿਹਾ।
ਪੰਜਾਬ ਵਿਚ ਨਸ਼ੇ ਦੇ ਸਭ ਤੋਂ ਵੱਡੇ ਸਮੱਗਲਰ ਕੈਪਟਨ ਦੇ ਨਿਸ਼ਾਨੇ ‘ਤੇ : ਪੰਜਾਬ ਵਿਚ ਨਸ਼ਾ ਸਪਲਾਈ ਕਰਦੇ ਸਭ ਤੋਂ ਵੱਡੇ ਤਸਕਰ ਦਾ ਰਾਜ ਸਰਕਾਰ ਨੇ ਖੁਰਾ ਖੋਜ ਲੱਭ ਲਿਆ ਹੈ। ਨਸ਼ੇ ਦਾ ਵੱਡਾ ਸੌਦਾਗਰ ਹਾਂਗਕਾਂਗ ਦੀ ਜੇਲ੍ਹ ਵਿਚ ਬੈਠ ਕੇ ਪੰਜਾਬ ਵਿਚ ਨਸ਼ੇ ਦਾ ਕਾਰੋਬਾਰ ਚਲਾ ਰਿਹਾ ਹੈ ਤੇ ਸਰਕਾਰ ਇਸ ਵੱਡੇ ਨਸ਼ਾ ਸਰਗਨਾ ਨੂੰ ਪੰਜਾਬ ਲਿਆਉਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ ਜਦਕਿ ਨਸ਼ਿਆਂ ਦੇ ਤਿੰਨ ਮੁੱਖ ਸਪਲਾਇਰ ਭਾਰਤ ਤੋਂ ਫ਼ਰਾਰ ਹੋ ਚੁੱਕੇ ਹਨ। ਇਸ ਗੱਲ ਦਾ ਖ਼ੁਲਾਸਾ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ। ਕੈਪਟਨ ਨੇ ਕਿਹਾ ਕਿ ਦਸ ਹਜ਼ਾਰ ਦੇ ਕਰੀਬ ਨਸ਼ਾ ਤਸਕਰ ਹੁਣ ਤੱਕ ਜੇਲ੍ਹਾਂ ਵਿਚ ਬੰਦ ਕੀਤੇ ਜਾ ਚੁੱਕੇ ਹਨ, 5 ਹਜ਼ਾਰ ਨੂੰ ਸਜ਼ਾਵਾਂ ਵੀ ਹੋ ਚੁੱਕੀਆਂ ਹਨ ਤੇ ਬਾਕੀ ਰਹਿੰਦੇ ਵੀ ਕਾਬੂ ਕਰਕੇ ਨਸ਼ਿਆਂ ਦਾ ਮੁਕੰਮਲ ਸਫ਼ਾਇਆ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰਿਪੋਰਟਾਂ ਅਨੁਸਾਰ ਰਾਜ ਵਿਚ ਚਿੱਟਾ ਜਿਥੇ ਦਿੱਲੀ ਤੋਂ ਆਉਂਦਾ ਹੈ ਉਥੇ ਪਾਕਿਸਤਾਨ ਤੋਂ ਵੀ ਆਉਣਾ ਅਜੇ ਤੱਕ ਬੰਦ ਨਹੀਂ ਹੋਇਆ। ਉਨ੍ਹਾਂ ਕਿਹਾ ਨਸ਼ਾ ਛੁਡਾਊ ਕੇਂਦਰ ਵਿਚ ਡਾਕਟਰਾਂ ਨੂੰ ਆਪਣੀ ਦੇਖ ਰੇਖ ਵਿਚ ਦਵਾਈ ਦੇਣੀ ਚਾਹੀਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ੇੜੀ ਨੌਜਵਾਨਾਂ ਵਲੋਂ ਬੁਪਰਨੋਫੀਨ ਵਰਗੀਆਂ ਨਸ਼ਾ ਛੁਡਾਊ ਦਵਾਈਆਂ ਨੂੰ ਪਾਣੀ ਵਿਚ ਘੋਲ ਕੇ ਟੀਕੇ ਲਾਏ ਜਾਣ ਕਰ ਕੇ ਮੌਤਾਂ ਹੋ ਰਹੀਆਂ ਹਨ।  ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਜ਼ਹਿਰ ਤੋਂ ਬਚਾ ਕੇ ਰੱਖਣ। ਉਨ੍ਹਾਂ ਕਿਹਾ ਕਿ ਸ. ਸੁਖਪਾਲ ਸਿੰਘ ਖਹਿਰਾ ਬਿਨਾਂ ਵਜ੍ਹਾ ਨਸ਼ਿਆਂ ਦੇ ਮਾਮਲੇ ‘ਤੇ ਬਿਆਨਬਾਜ਼ੀ ਕਰਦੇ ਹਨ, ਜਦਕਿ ਸਰਕਾਰ ਨੇ ਪੂਰੀ ਸਖ਼ਤੀ ਨਾਲ ਨਸ਼ਿਆਂ ‘ਤੇ ਰੋਕ ਲਗਾਉਣੀ ਸ਼ੁਰੂ ਕੀਤੀ ਹੋਈ ਹੈ।
ਨਸ਼ਿਆਂ ਦੇ ਖਾਤਮੇ ਦਾ ਵਾਅਦਾ ਪੂਰਾ ਕਰਨ ਕੈਪਟਨ : ਪੰਜਾਬ ਵਿੱਚ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਉੱਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਸੂਬੇ ਵਿੱਚੋਂ ਨਸ਼ਿਆਂ ਨੂੰ ਖ਼ਤਮ ਕਰਨ ਲਈ ਹਰ ਹੀਲਾ ਵਰਤਣ ਅਤੇ ਨਸ਼ੇ ਖ਼ਤਮ ਕਰਕੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ। ਉਨ੍ਹਾਂ ਕਿਹਾ ਕਿ ਹਰ ਰੋਜ਼ ਨੌਜਵਾਨ ਨਸ਼ਿਆਂ ਕਾਰਨ ਮਰ ਰਹੇ ਹਨ। ਸਰਕਾਰ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਕਿਉਂਕਿ ਜਿਨ੍ਹਾਂ ਨੇ ਨਸ਼ੇ ਰੋਕਣੇ ਸਨ, ਉਹ ਹੀ ਨਸ਼ਿਆਂ ਦੇ ਸੌਦਾਗਰ ਬਣ ਗਏ ਹਨ। ਉਨ੍ਹਾਂ ਆਖਿਆ ਕਿ ਨਸ਼ਿਆਂ ਅਤੇ ਹੋਰ ਅਪਰਾਧਾਂ ਦੇ ਮਾਮਲੇ ਵਿੱਚ ਅਜਿਹੇ ਲੋਕਾਂ ਦਾ ਹੀ ਹੱਥ ਨਜ਼ਰ ਆ ਰਿਹਾ ਹੈ।