ਪਾਕਿਸਤਾਨੀ ਬੈਂਕ ‘ਚ ਜਗਜੀਤ ਕੌਰ ਬਣੀ ਪਹਿਲੀ ਮਹਿਲਾ ਸਿੱਖ ਅਫਸਰ

ਪਾਕਿਸਤਾਨੀ ਬੈਂਕ ‘ਚ ਜਗਜੀਤ ਕੌਰ ਬਣੀ ਪਹਿਲੀ ਮਹਿਲਾ ਸਿੱਖ ਅਫਸਰ

ਅੰਮ੍ਰਿਤਸਰ/ਬਿਊਰੋ ਨਿਊਜ਼ :
ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਨਿਵਾਸੀ ਅਵਤਾਰ ਸਿੰਘ ਦੀ ਪੁੱਤਰੀ ਬੀਬੀ ਜਗਜੀਤ ਕੌਰ ਪਾਕਿ ਦੇ ਮਾਨਤਾ ਪ੍ਰਾਪਤ ਸਰਕਾਰੀ ਬੈਂਕ ‘ਚ ਡੀਈਓ. ਦੇ ਅਹੁਦੇ ‘ਤੇ ਨਿਯੁਕਤ ਹੋਣ ਵਾਲੀ ਪਹਿਲੀ ਸਿੱਖ ਕੁੜੀ ਬਣੀ ਹੈ। ਲਾਹੌਰ ਤੋਂ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਅੰਜੁਮ ਗਿੱਲ ‘ਅੰਮ੍ਰਿਤਸਰੀ’ ਤੇ ਬਾਬਰ ਜਲੰਧਰੀ ਨੇ ਦੱਸਿਆ ਕਿ ਪਾਕਿ ‘ਚ ਲਗਾਤਾਰ ਇਕ ਤੋਂ ਬਾਅਦ ਇਕ ਸਿੱਖ ਬੀਬੀਆਂ ਆਪਣੀ ਮਿਹਨਤ, ਪੜ੍ਹਾਈ ਤੇ ਸੂਝ-ਬੂਝ ਸਦਕਾ ਉੱਚ ਅਹੁਦਿਆਂ ‘ਤੇ ਨਿਯੁਕਤ ਹੋ ਰਹੀਆਂ ਹਨ।
ਅੰਜੁਮ ਗਿੱਲ ਨੇ ਦੱਸਿਆ ਕਿ ਬੀਬੀ ਜਗਜੀਤ ਕੌਰ ਦੀ ਨਿਯੁਕਤੀ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਖ਼ੁਸ਼ਹਾਲੀ ਮਾਈਕਰੋ ਫਾਈਨਾਂਸ ਬੈਂਕ ‘ਚ ਡਾਟਾ ਐਂਟਰੀ ਅਫ਼ਸਰ ਵਜੋਂ ਕੀਤੀ ਗਈ ਹੈ। ਉਕਤ ਸਿੱਖ ਬੀਬੀ ਨੇ ਸਕੂਲੀ ਪੜ੍ਹਾਈ ਸ੍ਰੀ ਨਨਕਾਣਾ ਸਾਹਿਬ ਦੇ ਗੁਰੂ ਨਾਨਕ ਜੀ ਪਬਲਿਕ ਸਕੂਲ ਤੋਂ ਕੀਤੀ ਤੇ ਉਸ ਉਪਰੰਤ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਚੰਗੇ ਅੰਕਾਂ ‘ਚ ਬੀ.ਕਾਮ ਦੀ ਪੜ੍ਹਾਈ ਪੂਰੀ ਕਰਕੇ ਬੈਂਕ ਦੀ ਨੌਕਰੀ ਲਈ ਲਿਖਤੀ ਟੈਸਟ ਤੇ ਇੰਟਰਵਿਊ ਦਿੱਤੀ। ਬਾਬਰ ਜਲੰਧਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ੍ਰੀ ਨਨਕਾਣਾ ਸਾਹਿਬ ਦੇ ਨਿਵਾਸੀ ਈਸ਼ਰ ਸਿੰਘ ਦੀ ਪੁੱਤਰੀ ਬੀਬੀ ਸਤਵੰਤ ਕੌਰ ਪੋਸਟ ਗ੍ਰੈਜ਼ੂਏਸ਼ਨ ਕਰਨ ਉਪਰੰਤ ਐਮ.ਫਿਲ ਕਰਨ ਵਾਲੀ ਪਾਕਿ ਦੀ ਪਹਿਲੀ ਸਿੱਖ ਕੁੜੀ ਵਜੋਂ ਤੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਦੀ ਮਨਮੀਤ ਕੌਰ ਪਾਕਿ ਨਿਊਜ਼ ਚੈਨਲ ਹਮ ਟੀ.ਵੀ. ‘ਤੇ ਪੱਤਰਕਾਰ ਵਜੋਂ ਸੇਵਾਵਾਂ ਦੇਣ ਵਾਲੀ ਪਾਕਿ ਦੀ ਪਹਿਲੀ ਸਿੱਖ ਕੁੜੀ ਵਜੋਂ ਆਪਣੀ ਇਕ ਵੱਖਰੀ ਪਹਿਚਾਣ ਕਾਇਮ ਕਰ ਚੁੱਕੀਆਂ ਹਨ