ਪ੍ਰਣਬ ਮੁਖਰਜੀ ਦਾ ਸੰਘ ਪ੍ਰੋਗਰਾਮ ਵਿਚ ਜਾਣਾ ਭਗਵੇਂ ਰਾਸ਼ਟਰਵਾਦ ਦੀ ਚਾਣਕੀਆ ਨੀਤੀ

ਪ੍ਰਣਬ ਮੁਖਰਜੀ ਦਾ ਸੰਘ ਪ੍ਰੋਗਰਾਮ ਵਿਚ ਜਾਣਾ ਭਗਵੇਂ ਰਾਸ਼ਟਰਵਾਦ ਦੀ ਚਾਣਕੀਆ ਨੀਤੀ

– ਆਰ ਐਸ ਐਸ ਵਲੋਂ ਮੋਦੀ ਦੀ ਥਾਂ ‘ਤੇ ਪ੍ਰਣਬ ਨੂੰ ਉਭਾਰਨ ਦੀ ਨੀਤੀ ਘੜੀ 
– ਪ੍ਰਣਬ ਨੇ ਤਿਰੰਗਾ ਝੰਡਾ ਤੇ ਭਾਰਤੀ ਰਾਸ਼ਟਰਵਾਦ ਦੀ ਵਿਰੋਧਤਾ ਕਰਨ ਵਾਲੇ ਆਰ ਐਸ ਐਸ ਦੇ ਬਾਨੀ ਹੇਡਗੇਵਾਰ ਨੂੰ ਭਾਰਤ ਦਾ ਸਪੂਤ ਦੱਸਿਆ 
– ਸ਼ਿਵ ਸੈਨਾ ਨੇ ਵੀ ਲਗਾਏ ਦੋਸ਼ ਕਿ ਮੋਦੀ ਦੀ ਥਾਂ ਪ੍ਰਣਬ ਨੂੰ ਲਿਆਂਦਾ ਜਾ ਰਿਹਾ ਏ
ਨਵੀਂ ਦਿੱਲੀ/ਬਿਊਰੋ ਨਿਊਜ਼ :
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਜੀ ਵਲੋਂ ਕਾਂਗਰਸ ਦੇ ਵਿਰੋਧ ਦੇ ਬਾਵਜੂਦ 7 ਜੂਨ 1 ਆਰ ਐਸ ਐਸ ਦੇ ਸੱਦੇ ‘ਤੇ ਨਾਗਪੁਰ ਦੇ ਆਰ ਐਸ ਐਸ ਹੈਡਕੁਆਰਟ ਵਿਚ ਕਰਵਾਏ ਤਿੰਨ ਸਾਲਾ ਓਟੀਸੀ ਅਰਥਾਤ ਆਫੀਸਰਜ਼ ਟ੍ਰੇਨਿੰਗ ਕੈਂਪ ਵਿਚ ਆਰ ਐਸ ਐਸ ਦੇ ਮੈਂਬਰਾਂ ਨੂੰ ਸੰਬੋਧਨ ਕਰਨ ਪਹੁੰਚੇ ਸਨ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਆਰ ਐਸ ਐਸ ਦੀ ਤਾਰੀਫ ਕਰਦਿਆਂ ਕਿਹਾ ਕਿ ਅੱਜ ਮੈਂ ਇਥੇ ਰਾਸ਼ਟਰ ਅਤੇ ਦੇਸ਼ ਭਗਤੀ ਸਮਝਣ ਆਇਆ ਹਾਂ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਜੋ ਭੇਦਭਾਵ ਹੋ ਰਹੇ ਨੇ ਉਸ ਨਾਲ ਭਾਰਤ ਦੀ ਪਛਾਣ ਨੂੰ ਖਤਰਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਪ੍ਰਣਾਬ ਮੁਖਰਜੀ ਨੇ ਕੇਸ਼ਵ ਬਾਲੀਰਾਮ ਹੇਡਗੇਵਾਰ ਨੂੰ ਭਾਰਤ ਮਾਤਾ ਦਾ ਮਹਾਨ ਸਪੂਤ ਦੱਸਿਆ। ਉਨ੍ਹਾਂ ਨੇ ਆਰ. ਐਸ. ਐਸ. ਦੇ ਸੰਸਥਾਪਕ ਸਰਸੰਘਚਾਲਕ ਦੇ ਜਨਮ ਸਥਾਨ ਦਾ ਦੌਰਾ ਕੀਤਾ। ਆਰ. ਐਸ. ਐਸ. ਦੇ ਮੁੱਖ ਦਫ਼ਤਰ ਵਿਖੇ ਆਪਣੇ ਭਾਸ਼ਣ ਤੋਂ ਪਹਿਲਾਂ ਹੇਡਗੇਵਾਰ ਦੇ ਜਨਮ ਸਥਾਨ ਵਿਖੇ ਵਿਜ਼ਟਰ ਬੁੱਕ ਵਿਚ ਮੁਖਰਜੀ ਨੇ ਲਿਖਿਆ ਕਿ ਉਹ ਅੱਜ ਇਥੇ ਭਾਰਤ ਮਾਤਾ ਦੇ ਮਹਾਨ ਸਪੂਤ ਨੂੰ ਸ਼ਰਧਾਂਜਲੀ ਭੇਟ ਕਰਨ ਆਏ ਹਨ। ਇਥੇ ਮੁਖਰਜੀ ਦਾ ਆਰ. ਐਸ. ਐਸ. ਦੇ ਮੁਖੀ ਭਾਗਵਤ ਨੇ ਸਵਾਗਤ ਕੀਤਾ।

ਆਰ ਐਸ ਐਸ ਦਾ ਚਾਣਕੀਆ ਏਜੰਡਾ
ਆਰ ਐਸ ਐਸ ਨੇ ਪ੍ਰਣਬ ਮੁਖਰਜੀ ਨੂੰ ਆਪਣੇ ਪ੍ਰੋਗਰਾਮ ਵਿਚ ਬੁਲਾ ਕੇ ਇਕ ਨਹੀਂ ਕਈ ਸਿਆਸਤਾਂ ਘੜੀਆਂ ਹਨ। ਆਪਣੀਆਂ ਵੀ ਤੇ ਭਾਜਪਾ ਦੀਆਂ ਵੀ। ਆਰ ਐਸ ਐਸ ਦੇ ਸੁਪਰੀਮੋ ਭਾਗਵਤ ਨੇ ਆਪਣੇ ਭਾਸ਼ਣ ਨਾਲ ਸੰਘ ਦਾ ਨਰਮ ਅਕਸ ਪੇਸ਼ ਕੀਤਾ ਹੈ ਤੇ ਭਾਜਪਾ ਦੇ ਲਈ ਯੂਪੀ ਬਿਹਾਰ ਤੋਂ ਹੋਣ ਵਾਲੇ ਨੁਕਸਾਨ ਦੀ ਪੂਰਤੀ ਦੀ ਵਿਉਂਤਬੰਦੀ ਵੀ ਘੜ ਦਿੱਤੀ ਹੈ। ਇਹ ਗੱਲ ਸਮਝਣ ਵਾਲੀ ਹੈ ਕਿ ਆਰ ਐਸ ਐਸ ਕੋਈ ਵੀ ਸਿਆਸੀ ਖੇਡ ਬਿਨਾਂ ਅਰਥਾਂ ਤੋਂ ਨਹੀਂ ਖੇਡਦੀ। ਪ੍ਰਣਬ ਨੂੰ ਵੀ ਆਪਣੇ ਪ੍ਰੋਗਰਾਮ ਵਿਚ ਸੱਦਣਾ ਅਰਥਾਂ ਵਾਲੀ ਰਾਜਨੀਤੀ ਹੈ। ਆਰ ਐਸ ਐਸ ਮੁਖੀ ਮੋਹਨ ਭਾਗਵਤ ਨੇ ਆਪਣੇ ਭਾਸ਼ਣ ਵਿਚ ਹਿੰਦੂਤਵ ਦੀ ਗੱਲ ਕੀਤੀ, ਪਰ ਭਾਸ਼ਣ ਵਿਚ ਆਪਣਾ ਦ੍ਰਿਸ਼ਟੀਕੋਣ ਨਰਮ ਰੱਖਿਆ ਤਾਂ ਕਿ ਸੰਘ ਦਾ ਵਧੀਆ ਅਕਸ ਦੇਸ਼-ਵਾਸੀਆਂ ਦੇ ਸਾਹਮਣੇ ਵਧੀਆ ਪੇਸ਼ ਹੋ ਸਕੇ। ਉਨ੍ਹਾਂ ਕਿਹਾ ਕਿ ਹੰਕਾਰ ਮੁਕਤ ਸੇਵਾ ਕੰਮ ਨਾਲ ਹਿੰਦੂਤਵ ਦਾ ਵਿਸ਼ਵ ਪੱਧਰ ‘ਤੇ ਵਿਸਥਾਰ ਹੋਵੇਗਾ। ਜਦੋਂ ਵੱਡਾ ਕੰਮ ਕਰਾਂਗੇ, ਸੰਘ ਖੁਦ ਹੀ ਵੱਡਾ ਹੋ ਜਾਵੇਗਾ। ਸੰਘ ਦਾ ਉਦੇਸ਼ ਸਮਾਜਿਕ ਏਕਤਾ ਨੂੰ ਮਜ਼ਬੂਤ ਕਰਨਾ ਤੇ ਜ਼ਰੂਰਤਮੰਦਾਂ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸਵੈ ਸੇਵਕ ਸੰਘ ਦੇਸ਼ ਵਿਚ ਪੌਣੇ ਦੋ ਲੱਖ ਸੇਵਾ ਪ੍ਰੋਜੈਕਟ ਕਰ ਰਿਹਾ ਹੈ।
ਇਸ ਤੋਂ ਜ਼ਾਹਿਰ ਹੈ ਕਿ ਸੰਘ ਨੂੰ ਭਾਜਪਾ ਦੀਆਂ ਰਾਜਨੀਤਕ ਹਾਰਾਂ ਦੇਖ ਕੇ ਆਪਣੀ ਰਣਨੀਤੀ ਬਦਲਣੀ ਪਈ ਹੈ ਤਾਂ ਜੋ 2019 ਵਿਚ ਹਿੰਦੂ ਰਾਸ਼ਟਰਵਾਦ ਵਲ ਵਧਿਆ ਜਾ ਸਕੇ। ਹੁਣ ਤੱਕ ਸੰਘ ਸਾਰੀਆਂ ਧਰਮ, ਜਾਤੀਆਂ ਆਦਿ ਨੂੰ ਹਿੰਦੂ ਧਰਮ ਦਾ ਅੰਗ ਦੱਸਦਾ ਸੀ, ਪਰ ਇਕਦਮ ਉਸ ਦੀ ਵਿਚਾਰਧਾਰਾ ਵਿਚ ਤਬਦੀਲੀ ਆ ਗਈ। ਅਜਿਹਾ ਇਸ ਲਈ ਹੋਇਆ ਕਿ ਹੁਣੇ ਜਿਹੇ ਉਪ ਚੋਣਾਂ ਵਿਚ ਧਰੂਵੀਕਰਨ ਦੀਆਂ ਕੋਸ਼ਿਸਾਂ ਨਾਕਾਮ ਰਹੀਆਂ ਤੇ ਕੈਰਾਨਾ (ਉਤਰ ਪ੍ਰਦੇਸ਼) ਵਰਗੇ ਇਲਾਕੇ ਵਿਚ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਸੇ ਲਈ ਸੰਘ ਨੂੰ ਆਪਣੀ ਨੀਤੀ ਬਦਲਣੀ ਪਈ ਤਾਂ ਜੋ ਭਾਜਪਾ ਦੀ ਜਿੱਤ ਦੇ ਲਈ ਉਚਿਤ ਮਾਹੌਲ ਬਣਾਇਆ ਜਾ ਸਕੇ। ਪ੍ਰਣਬ ਦੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਹੋਣ ਦਾ ਮਤਲਬ ਇਹੀ ਹੈ ਕਿ ਸੰਘ ਉਸ ਨੂੰ ਕੋਈ ਨਾ ਕੋਈ ਵੱਡੀ ਜ਼ਿੰਮੇਵਾਰੀ ਸੌਂਪਣਾ ਚਾਹੁੰਦਾ ਹੈ।
ਸ਼ਿਵ ਸੈਨਾ ਨੇ ਇਸ ਸਮਾਗਮ ‘ਤੇ ਟਿੱਪਣੀ ਕਰਦੇ ਹੋਏ ਕਹਿ ਦਿੱਤਾ ਹੈ ਕਿ ਸੰਘ ਹੁਣ ਮੋਦੀ ਦੀ ਥਾਂ ਪ੍ਰਣਬ ਮੁਖਰਜੀ ਨੂੰ ਲਿਆਉਣਾ ਚਾਹੁੰਦਾ ਹੈ ਤੇ ਉਸ ਦੀ ਅਗਵਾਈ ਵਿਚ 2019 ਦੀਆਂ ਚੋਣਾਂ ਲੜੇਗਾ। ਸ਼ਿਵ ਸੈਨਾ ਦੇ ਸਾਂਸਦ ਸੰਜੇ ਰਾਓਤ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਆਰ ਐਸ ਐਸ ਖੁਦ ਨੂੰ ਇਕ ਅਜਿਹੀ ਸਥਿਤੀ ਦੇ ਲਈ ਤਿਆਰ ਕਰ ਰਿਹਾ ਹੈ, ਜਦ 2019 ਦੇ ਲੋਕ ਸਭਾ ਚੋਣ ਵਿਚ ਭਾਜਪਾ ਬਹੁਮਤ ਵਲ ਨਹੀਂ ਵੱਧ ਸਕੇਗੀ, ਤਦ ਉਹ ਪ੍ਰਣਬ ਮੁਖਰਜੀ ਦਾ ਨਾਮ ਪ੍ਰਧਾਨ ਮੰਤਰੀ ਉਮੀਦਵਾਰ ਦੇ ਰੂਪ ਵਿਚ ਪੇਸ਼ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਭਾਜਪਾ 2019 ਵਿਚ ਹੋਣ ਵਾਲੇ ਲੋਕ ਸਭਾ ਚੋਣਾਂ ਵਿਚ ਆਪਣੀਆਂ 110 ਸੀਟਾਂ ਗੁਆ ਦੇਵੇਗੀ।
ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਪ੍ਰਣਬ ਮੁਖਰਜੀ ਭਾਜਪਾ ਦੇ ਲਈ ਖੁਲ ਕੇ ਪ੍ਰਚਾਰ ਕਰੇਗਾ, ਜਿਸ ਦਾ ਭਾਜਪਾ ਨੂੰ ਫਾਇਦਾ ਹੋਵੇਗਾ। ਰਾਜਨੀਤਕ ਮਾਹਿਰ ਦੱਸਦੇ ਹਨ ਕਿ 2019 ਵਿਚ ਭਾਜਪਾ ਪ੍ਰਦੇਸ਼ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ ਤੇ ਮੱਧ ਪ੍ਰਦੇਸ਼ ਵਰਗੇ ਰਾਜਾਂ ਵਿਚ 2014 ਵਰਗੀ ਸਫ਼ਲਤਾ ਮਿਲਣੀ ਹਾਲ ਦੀ ਘੜੀ ਮੁਸ਼ਕਲ ਜਾਪਦੀ ਹੈ। ਮੋਟੇ ਤੌਰ ‘ਤੇ ਦੇਖਿਆ ਜਾਵੇ ਇਨ੍ਹਾਂ ਚਾਰ ਰਾਜਾਂ ਵਿਚ ਉਸ ਨੂੰ ਤਕਰੀਬਨ 100 ਸੀਟਾਂ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਲਈ ਭਾਜਪਾ ਦੀ ਨਜ਼ਰ ਬੰਗਾਲ ਤੇ ਉੜੀਸਾ ‘ਤੇ ਹੈ। ਪਿਛਲੀ ਦਿਨੀਂ ਖਬਰਾਂ ਆਈਆਂ ਸਨ ਕਿ ਸ਼ਾਇਦ ਨਰਿੰਦਰ ਮੋਦੀ ਅਗਲੀ ਚੋਣ ਉੜੀਸਾ ਦੇ ਪੁਰੀ ਤੋਂ ਲੜੇ। ਉਧਰ ਪ੍ਰਣਬ ਮੁਖਰਜੀ ਦਾ ਬੰਗਾਲੀ ਹੋਣਾ ਵੀ ਤੇ ਸੰਘ ਦੇ ਮੰਚ ਤੋਂ ਬੋਲਣਾ ਭਾਜਪਾ ਦੇ ਲਈ ਸ਼ਾਇਦ ਪੱਛਮੀ ਬੰਗਾਲ ਵਿਚ ਕੋਈ ਨਵਾਂ ਰਸਤਾ ਬਣਾ ਦੇਵੇ, ਪਰ ਲੜਾਕੂ ਬੀਬੀ ਮਮਤਾ ਬੈਨਰਜੀ ਦਾ ਮੁਕਾਬਲਾ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਵੈਸੇ ਵੀ ਭਾਜਪਾ ਇਕ ਇਕ ਕਰਕੇ ਕਾਂਗਰਸ ਦੇ ਨਾਇਕਾਂ ਨੂੰ ਅਪਨਾਉਣ ਦੀ ਮੁਹਿੰਮ ਵਿਚ ਹੈ। ਮਹਾਤਮਾ ਗਾਂਧੀ ਪਹਿਲਾਂ ਹੀ ਆਪਣੇ ਚਸ਼ਮੇ ਦੇ ਨਾਲ ਕਈ ਸਰਕਾਰੀ ਯੋਜਨਾਵਾਂ ਦਾ ਹਿੱਸਾ ਹੈ। ਇਸ ਤੋਂ ਇਲਾਵਾ ਸੁਭਾਸ਼ ਚੰਦਰ ਬੋਸ ਤੇ ਸ਼ਾਸਤਰੀ ਦੇ ਪਰਿਵਾਰਾਂ ਨੂੰ ਵੀ ਭਾਜਪਾ ਜਦ ਮੋਕਾ ਮਿਲਦਾ ਹੈ, ਆਪਣੇ ਨਾਲ ਜੁੜਿਆ ਦੱਸ ਕੇ ਰਾਜਨੀਤਕ ਲਾਹਾ ਲੈਣ ਦੀ ਕੋਸ਼ਿਸ਼ ਕਰਦੀ ਹੈ। ਹੁਣ ਨਿਸ਼ਾਨਾ ਕਾਂਗਰਸ ਦੇ ਚਾਣਕੀਆ ਕਹੇ ਜਾਣ ਵਾਲੇ ਪ੍ਰਣਬ ‘ਤੇ ਹੈ, ਜਿਸ ਨੂੰ ਸਫਲਤਾ ਪੂਰਵਕ ਉਸ ਨੇ ਇਸਤੇਮਾਲ ਕੀਤਾ ਹੈ।

ਹੇਡਗੇਵਾਰ ਅਜ਼ਾਦੀ ਦੀ ਲੜਾਈ ਦਾ ਨਾਇਕ?
ਪ੍ਰਣਬ ਮੁਖਰਜੀ ਦੁਆਰਾ ਆਰ ਐਸ ਐਸ ਦੇ ਸੰਸਥਾਪਕ ਕੇਸ਼ਵ ਬਲੀ ਰਾਮ ਹੇਡਗੇਵਾਰ ਨੂੰ ਭਾਰਤ ਮਾਤਾ ਦਾ ਮਹਾਨ ਸਪੁੱਤਰ ਕਹਿਣ ਦੇ ਬਾਅਦ ਨਵਾਂ ਸੁਆਲ ਖੜਾ ਹੋ ਗਿਆ ਹੈ ਕਿ ਇਸ ਪਿਛੇ ਸਿਆਸਤ ਕੀ ਹੈ? ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਪ੍ਰਣਬ ਮੁਖਰਜੀ ਭਗਵੇਂਵਾਦ ਦੀ ਰਾਜਨੀਤੀ ਨੂੰ ਅਪਨਾ ਰਹੇ ਹਨ, ਜਿਸ ਤਹਿਤ ਪ੍ਰਣਬ ਮੁਖਰਜੀ ਨੂੰ ਕਾਂਗਰਸ ਵਾਲੀ ਹੇਡਗੇਵਾਰ ਬਾਰੇ ਪਹੁੰਚ ਤਿਆਗ ਕੇ ਆਰ ਐਸ ਐਸ ਵਾਲੀ ਵਿਚਾਰਧਾਰਾ ਨੂੰ ਅਪਨਾਉਣਾ ਪਿਆ। ਪ੍ਰਣਬ ਮੁਖਰਜੀ ਨੇ ਕਿਹਾ ਸੀ ਕਿ ਮੈਂ ਇਥੇ ਭਾਰਤ ਮਾਤਾ ਦੇ ਮਹਾਨ ਸਪੂਤ ਹੇਡਗੇਵਾਰ ਨੂੰ ਸਰਧਾਂਜਲੀ ਦੇਣ ਆਇਆ ਹਾਂ। ਇਹ ਸਭ ਜਾਣਦੇ ਹਨ ਕਿ ਆਰ ਐਸ ਐਸ ਹੇਡਗੇਵਾਰ ਦੇ ਦਿਮਾਗ ਦੀ ਹੀ ਉਪਜ ਸੀ, ਜੋ ਹਿੰਦੂ ਰਾਸ਼ਟਰਵਾਦ ਦੀ ਫਿਲਾਸਫੀ ਨੂੰ ਉਤਸ਼ਾਹਿਤ ਕਰਦੇ ਹਨ। ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਆਰ ਐਸ ਐਸ ਦੇ ਲਈ ਹੇਡਗੇਵਾਰ, ਸਾਵਰਕਰ, ਗੋਲਵਲਕਰ ਮਹੱਤਵਪੂਰਨ ਤੇ ਪੂਜਣਯੋਗ ਸਥਾਨ ਰੱਖਦੇ ਹਨ ਤੇ ਦੂਜੇ ਪਾਸੇ ਜਵਾਹਰ ਲਾਲ ਨਹਿਰੂ ਨੂੰ ਉਹ ਖਲਨਾਇਕ ਸੂਚੀ ਵਿਚ ਰੱਖਦੇ ਹਨ। ਆਰ ਐਸ ਐਸ ਤੋਂ ਇਹ ਸੁਆਲ ਪੁਛਣਾ ਬਣਦਾ ਹੈ ਕਿ ਗਾਂਧੀ ਤੇ ਗੋਡਸੇ ਦੋਨਾਂ ਨੂੰ ਭਾਰਤ ਮਾਤਾ ਦਾ ਮਹਾਨ ਸਪੂਤ ਮੰਨਿਆ ਜਾ ਸਕਦਾ ਹੈ ਤੇ ਇਹੀ ਸੁਆਲ ਪ੍ਰਣਬ ਮੁਖਰਜੀ ਲਈ ਵੀ ਹੈ। ਕੀ ਜਨਰਲ ਡਾਇਰ ਤੇ ਭਗਤ ਸਿੰਘ ਨੂੰ ਇਕ ਸੂਚੀ ਵਿਚ ਰੱਖਿਆ ਜਾ ਸਕਦਾ ਹੈ? ਜੇਕਰ ਨਹੀਂ ਤਾਂ ਗਾਂÎਧੀ ਤੇ ਗੋਡਸੇ ਨੂੰ ਇਕ ਸੂਚੀ ਵਿਚ ਕਿਵੇਂ ਰੱਖਿਆ ਜਾ ਸਕਦਾ ਹੈ? ਜੇਕਰ ਹੇਡਗੇਵਾਰ ਭਾਰਤ ਮਾਤਾ ਦੇ ਮਹਾਨ ਸਪੂਤ ਹਨ ਤਾਂ ਕੀ ਕੱਲ੍ਹ ਨੂੰ ਗੋਡਸੇ ਨੂੰ ਵੀ ਇੰਝ ਯਾਦ ਕੀਤਾ ਜਾਵੇਗਾ, ਕਿਉਂਕਿ ਗੋਡਸੇ ਜਿਸ ਹਿੰਦੂ ਰਾਸ਼ਟਰਵਾਦ ਦੀ ਉਪਜ ਸਨ, ਜਿਸ ਨੇ ਗਾਂਧੀ ਦਾ ਕਤਲ ਕੀਤਾ, ਉਹ  ਹੇਡਗੇਵਾਰ ਦੀ ਵਿਚਾਰਧਾਰਾ ਦੀ ਦੇਣ ਸੀ। ਹੇਡਗੇਵਾਰ ਨੇ ਜਿਸ ਸੰਗਠਨ ਦੀ ਨੀਂਹ ਰੱਖੀ, ਗੋਡਸੇ ਲੰਮੇ ਸਮੇਂ ਤੱਕ ਉਸ ਦਾ ਸਮਰੱਥਕ ਰਿਹਾ ਹੈ। ਗੋਡਸੇ ਤਾਂ ਫਿਰਕੂ ਸੋਚ ਦਾ ਇਕ ਛੋਟਾ ਜਿਹਾ ਮੋਹਰਾ ਸੀ, ਪਰ ਹੇਡਗੇਵਾਰ ਉਸ ਫਿਰਕੂ ਸੋਚ ਨੂੰ ਸੰਗਠਨ ਵਿਚ ਤਬਦੀਲ ਕਰਨ ਵਾਲਾ ਵਿਅਕਤੀ ਸੀ। ਮਹਾਤਮਾ ਗਾਂਧੀ ਦੇ ਸੁਪਨੇ ਦਾ ਰਾਸ਼ਟਰ ਧਾਰਮਿਕ ਆਧਾਰ ‘ਤੇ ਭੇਦਭਾਵ ਦੀ ਨਿਖੇਧੀ ਕਰਦਾ ਹੈ ਤੇ ਅਜਿਹੇ ਦੇਸ਼ ਦੀ ਕਲਪਨਾ ਹੈ, ਜਿੱਥੇ ਸਾਰੀਆਂ ਜਾਤਾਂ, ਧਰਮ ਆਪਸ ਵਿਚ ਮਿਲ ਜੁਲ ਕੇ ਰਹਿ ਸਕਣ।
ਇਸ ਦੇ ਉਲਟ ਹੇਡਗੇਵਾਰ ਦੇ ਲਈ ਦੇਸ਼ ਦਾ ਅਰਥ ਹਿੰਦੂਆਂ ਤੇ ਸਿਰਫ ਹਿੰਦੂਆਂ ਦਾ ਸੰਗਠਨ ਹੈ। ਇੱਥੇ ਘੱਟ ਗਿਣਤੀਆਂ ਲਈ ਧਮਕੀ ਹੈ ਕਿ ਉਹ ਨਾ ਭੁੱਲਣ ਕਿ ਉਹ ਹਿੰਦੂਆਂ ਦੇ ਹਿੰਦੋਸਤਾਨ ਵਿਚ ਰਹਿ ਰਹੇ ਹਨ। ਉਨ੍ਹਾਂ ਦੇ ਲਈ ਹਿੰਦੂ ਰਾਸ਼ਟਰ ਵਿਚ ਘੱਟ ਗਿਣਤੀਆਂ ਦੂਜੇ ਦਰਜੇ ਦੇ ਨਾਗਰਿਕ ਹਨ, ਜੋ ਹਿੰਦੂਆਂ ਦੀ ਦਇਆ ‘ਤੇ ਨਿਰਭਰ ਹਨ। ਹੇਡਗੇਵਾਰ ਦੀ ਵਿਚਾਰਧਾਰਾ ਨੇ ਨਾ ਸਿਰਫ਼ ਅਜ਼ਾਦੀ ਦੀ ਲੜਾਈ ਨੂੰ ਅੰਦਰੋਂ ਕਮਜ਼ੋਰ ਕੀਤਾ, ਬਲਕਿ ਦੇਸ਼ ਦੀ ਵੰਡ ਵੀ ਕਰਵਾ ਦਿੱਤੀ। ਆਰ ਐਸ ਐਸ ਦਾ ਇਤਿਹਾਸ ਅਜ਼ਾਦੀ ਦੀ ਲੜਾਈ ਨਾਲ ਧ੍ਰੋਹ ਦਾ ਇਤਿਹਾਸ ਹੈ। ਹੇਡਗੇਵਾਰ ਸ਼ਾਇਦ ਇਨ੍ਹਾਂ ਇਕਾ ਦੁੱਕਾ ਲੋਕਾਂ ਵਿਚੋਂ ਸਨ, ਜਿਨ੍ਹਾਂ ਨੇ ਆਪਣੇ ਸ਼ੁਰੂਆਤੀ ਦੌਰ ਵਿਚ ਅਜ਼ਾਦੀ ਦੀ ਲੜਾਈ ਵਿਚ ਹਿੱਸਾ ਲਿਆ। ਲੇਕਿਨ 1925 ਦੇ ਬਾਅਦ ਉਨ੍ਹਾਂ ਦੀ ਮੁਖ ਚਿੰਤਾ ਹਿੰਦੂਆਂ ਨੂੰ ਸੰਗਠਨ ਕਰਨ ਤੇ ਉਨ੍ਹਾਂ ਨੂੰ ਅਜ਼ਾਦੀ ਸੰਘਰਸ਼ ਤੋਂ ਦੂਰ ਕਰਨ ‘ਤੇ ਕੇਂਦਰਿਤ ਹੋ ਗਏ। ਆਰ ਐਸ ਐਸ ਨੇ ਆਪਣੇ ਲੋਕਾਂ ਨੂੰ ਅਜ਼ਾਦੀ ਅੰਦੋਲਨ ਤੋਂ ਦੂਰ ਰੱਖਿਆ। ਹੇਡਗੇਵਾਰ ਨੇ ਕਦੇ ਬ੍ਰਿਟਿਸ਼ ਸਰਕਾਰ ਦੇ ਖਿਲਾਫ਼ ਇਕ ਸ਼ਬਦ ਆਪਣੇ ਵਰਕਰਾਂ ਨੂੰ ਨਹੀਂ ਸਿਖਾਇਆ। ਉਨ੍ਹਾਂ ਨੇ ਐਲਾਨ ਕੀਤਾ ਕਿ ਭਾਰਤ ਦੇ ਦੁਸ਼ਮਣ ਘੱਟ ਗਿਣਤੀਆਂ ਤੇ ਖਾਸ ਤੌਰ ਤੇ ਮੁਸਲਮਾਨ ਹਨ, ਨਾ ਕਿ ਬ੍ਰਿਟਿਸ਼। 1930 ਦੇ ਬਾਅਦ ਬਰਤਾਨੀਆ ਸਾਮਰਾਜ ਤੋਂ ਭਾਰਤ ਦੀ ਅਜ਼ਾਦੀ ਸੰਬੰਧੀ ਸੰਘਰਸ਼ ਦੇ ਝੰਡੇ ਤਿਰੰਗੇ ਦੇ ਹੇਡਗੇਵਾਰ ਵਿਰੋਧੀ ਸਨ। ਉਨ੍ਹਾਂ ਦਾ ਹਿੰਦੂਤਵ ਦਾ ਆਦਰਸ਼ ਵਿਨਾਇਕ, ਦਾਮੋਦਰ, ਸਾਵਰਕਰ ਹਿੰਦੂ ਮਹਾਂ ਸਭਾ ਦੇ ਨੇਤਾ ਸਨ। 1942 ਵਿਚ ਜਿਸ ਸਮੇਂ ਕਾਂਗਰਸ ਤੇ ਪਾਬੰਦੀ ਸੀ, ਹਿੰਦੂ ਮਹਾਂ ਸਭਾ ਨੇ ਮੁਸਲਮ ਲੀਗ ਨਾਲ ਮਿਲ ਕੇ ਬੰਗਾਲ, ਸਿੰਧ ਤੇ ਸਰਹੱਦੀ ਸੂਬੇ ਵਿਚ ਸਾਂਝੀ ਸਰਕਾਰ ਬਣਾਈ ਸੀ। ਇਹ ਉਹੀ ਦੌਰ ਸੀ ਜਦ ਪੂਰਾ ਦੇਸ਼ ਜੇਲ੍ਹਖਾਨਾ ਬਣਾ ਦਿੱਤਾ ਗਿਆ। ਸਾਰਾ ਦੇਸ਼ ਅਜ਼ਾਦੀ ਲਈ ਜੂਝ ਰਿਹਾ ਸੀ, ਪਰ ਹੇਡਗੇਵਾਰ ਦਾ ਵਿਸ਼ਵਾਸ ਭਾਰਤੀ ਰਾਸ਼ਟਰਵਾਦ ਦੇ ਵਿਰੁੱਧ ਹਿੰਦੂ ਰਾਸ਼ਟਰਵਾਦ ਦੇ ਵਿਚ ਸੀ। ਪ੍ਰਣਬ ਮੁਖਰਜੀ ਨੇ ਹੇਡਗੇਵਾਰ ਦੀ ਤਾਰੀਫ ਕਰਕੇ ਭਗਤ ਸਿੰਘ, ਚੰਦਰ ਸ਼ੇਖਰ ਅਜ਼ਾਦ ਤੇ ਗੱਦਰੀ ਬਾਬਿਆਂ ਦੀਆਂ ਕੁਰਬਾਨੀਆਂ ਦੀ ਬੇਇਜ਼ਤੀ ਕੀਤੀ ਹੈ, ਜਿਨ੍ਹਾਂ ਕਰਕੇ ਇਹ ਦੇਸ਼ ਅਜ਼ਾਦ ਹੋਇਆ ਹੈ।
ਕਾਂਗਰਸ ਨੇ ਕਰਾਚੀ ਸੰਮੇਲਨ ਵਿਚ ਭਾਰਤ ਦੀ ਪੂਰਨ ਅਜ਼ਾਦੀ ਦੇ ਲਈ ਪ੍ਰਸਤਾਵ ਪਾਸ ਕਰਦੇ ਹੋਏ ਤਿਰੰਗਾ ਲਹਿਰਾ ਕੇ 26 ਜਨਵਰੀ 1936 ਨੂੰ ਅਜ਼ਾਦੀ ਦਿਵਸ ਮਨਾਉਣ ਦਾ ਐਲਾਨ ਕੀਤਾ। ਹੇਡਗੇਵਾਰ ਨੇ ਇਸ ਦਾ ਵਿਰੋਧ ਕੀਤਾ। ਉਸ ਨੇ ਆਰ ਐਸ ਐਸ ਦੇ ਵਰਕਰਾਂ ਨੂੰ ਹੁਕਮ ਕੀਤਾ ਕਿ ਤਿਰੰਗੇ ਝੰਡੇ ਦੀ ਜਗ੍ਹਾ ਭਗਵਾਂ ਝੰਡੇ ਨੂੰ ਪ੍ਰਣਾਮ ਕਰਨ। ਇਹ ਹੁਕਮ ਸਾਰੀ ਸ਼ਾਖਾਵਾਂ ਨੂੰ ਦਿੱਤੇ ਗਏ। ਆਰ ਐਸ ਐਸ ਦੇ ਅੰਗਰੇਜ਼ੀ ਹਫਤਾਵਾਰੀ ਮੁਖ ਪੱਤਰ ਆਰਗੇਨਾਈਜਰ ਨੇ ਅਜ਼ਾਦੀ ਤੋਂ ਇਕ ਦਿਨ ਪਹਿਲਾਂ 14 ਅਗਸਤ 1947 ਦੌਰਾਨ ਰਾਸ਼ਟਰੀ ਝੰਡੇ ਦੀ ਬੇਇਜ਼ਤੀ ਕਰਦੇ ਹੋਏ ਲਿਖਿਆ, ‘ਉਹ ਲੋਕ ਜੋ ਕਿਸਮਤ ਦੇ ਕਾਰਨ ਸੱਤਾ ਤੱਕ ਪਹੁੰਚੇ ਹਨ, ਭਾਵੇਂ ਸਾਡੇ ਹੱਥਾਂ ਵਿਚ ਤਿਰੰਗਾ ਫੜਾ ਦੇਣ, ਪਰ ਹਿੰਦੂਆਂ ਦੁਆਰਾ ਨਾ ਇਸ ਨੂੰ ਸਨਮਾਨਿਤ ਕੀਤਾ ਜਾਵੇਗਾ ਨਾ ਅਪਨਾਇਆ ਜਾਵੇਗਾ। ਤਿੰਨ ਦਾ ਅੰਕੜਾ ਆਪਣੇ ਆਪ ਵਿਚ ਅਸ਼ੁੱਭ ਹੈ ਤੇ ਇਕ ਅਜਿਹਾ ਝੰਡਾ ਜਿਸ ਵਿਚ ਤਿੰਨ ਰੰਗ ਹੋਣ ਬੇਹੱਦ ਖਰਾਬ ਮਨੋਵਿਗਿਆਨ ਅਸਰ ਪਾਵੇਗਾ ਤੇ ਦੇਸ਼ ਦੇ ਲਈ ਨੁਕਸਾਨਦਾਇਕ ਹੋਵੇਗਾ।’
ਇਸ ਤੋਂ ਜ਼ਾਹਿਰ ਹੈ ਕਿ ਆਰ ਐਸ ਐਸ ਹਿੰਦੂ ਰਾਸ਼ਟਰ ਲਈ ਰਾਜਨੀਤਕ ਤਬਦੀਲੀ ਵਲ ਵਧ ਰਹੀ ਹੈ।