ਭਾਰਤ ‘ਚ ਭਾਜਪਾ ਦੀ ਭਗਵੇਂਵਾਦੀ ਲਹਿਰ ਮਹਿਜ਼ ਡਰਾਮਾ

ਭਾਰਤ ‘ਚ ਭਾਜਪਾ ਦੀ ਭਗਵੇਂਵਾਦੀ ਲਹਿਰ ਮਹਿਜ਼ ਡਰਾਮਾ

– ਭਾਰਤ ਦੀਆਂ ਕੁਲ 4139 ਵਿਧਾਨ ਸਭਾ ਸੀਟਾਂ ਵਿਚੋਂ ਸਿਰਫ 1516 ਸੀਟਾਂ ਅਰਥਾਤ ਤਕਰੀਬਨ 37 ਫੀਸਦੀ ਹੀ ਭਾਜਪਾ ਦੇ ਕੋਲ 
– ਸਿਰਫ 10 ਰਾਜਾਂ ‘ਚ ਭਾਜਪਾ ਦੀ ਬਹੁਮਤ ਵਾਲੀ ਸਰਕਾਰ
– ਕਰਨਾਟਕਾ ‘ਚ ਹਾਰ ਕਾਰਨ ਭਾਜਪਾ ਦੇ ਭਗਵੇਂ ਗੈਸੀ ਭੂਕਾਨੇ ਦੀ ਫੂਕ ਨਿਕਲੀ

ਪ੍ਰੋ. ਬਲਵਿੰਦਰਪਾਲ ਸਿੰਘ

ਮੋਬਾਇਲ: 9815700916)

ਭਾਜਪਾ ਸੁਪਨੇ ਲੈ ਰਹੀ ਹੈ ਕਿ ਉਹ ਸੰਨ 2019 ਵਿਚ ਹਿੰਦੂ ਰਾਸ਼ਟਰ ਸਿਰਜ ਦੇਵੇਗੀ, ਪਰ ਭਾਜਪਾ ਹਾਲੇ ਤੱਕ ਭਾਰਤ ਦਾ ਭਗਵਾਂਕਰਨ ਕਰਨ ਤੋਂ ਅਸਮਰੱਥ ਰਹੀ ਹੈ। ਉਸ ਦਾ ਭਾਰਤ ਦੇ ਪ੍ਰਾਂਤਾਂ ‘ਤੇ ਕਬਜ਼ਾ ਗੱਠਜੋੜ ਰਾਹੀਂ ਦਿਖਾਈ ਦੇ ਰਿਹਾ ਹੈ। ਕੇਂਦਰ ਦੀ ਮੋਦੀ ਸਰਕਾਰ ਦੇ ਮੁੱਖ ਵਿਰੋਧੀ, ਲੇਖਕ, ਚਿੰਤਕ, ਅਰਥ ਸ਼ਾਸਤਰੀ ਅਰੁਣ ਸ਼ੌਰੀ ਦਾ ਬੀਤੇ ਦਿਨੀਂ ਕਹਿਣਾ ਸੀ ਕਿ ਸਾਲ 2019 ਵਿਚ ਲੋਕ ਸਭਾ ਚੋਣਾਂ ਵਿਚ ਨਰਿੰਦਰ ਮੋਦੀ ਨੂੰ ਹਰਾਉਣਾ ਸੰਭਵ ਹੈ। ਅਰੁਣ ਸ਼ੌਰੀ ਨੇ ਅਗਲੀਆਂ ਲੋਕ ਸਭਾ ਚੋਣਾਂ ਵਿਚ ਨਾ ਸਿਰਫ਼ ਭਾਜਪਾ ਨੂੰ ਹਰਾਉਣ ਦੀ ਗੱਲ ਕੀਤੀ ਹੈ, ਬਲਕਿ ਇਸ ਦਾ ਤਰੀਕਾ ਵੀ ਦੱਸ ਦਿੱਤਾ ਹੈ ਕਿ ਵਿਰੋਧੀ ਪਾਰਟੀਆਂ ਗੱਠਜੋੜ ਕੀਤੇ ਬਿਨਾਂ ਮੋਦੀ ਸਰਕਾਰ ਨੂੰ ਨਹੀਂ ਹਰਾ ਸਕਣਗੀਆਂ। ਉੱਘੇ ਪੱਤਰਕਾਰ ਤੇ ਵਾਜਪਾਈ ਸਰਕਾਰ ‘ਚ ਮੰਤਰੀ ਰਹੇ ਅਰੁਣ ਸ਼ੋਰੀ ਨੇ ਸਾਲ 2019 ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਖਿਲਾਫ਼ ਮਹਾਂਗੱਠਜੋੜ ਬਣਾਉਣ ਦੀ ਵਕਾਲਤ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਇਨ੍ਹਾਂ ਲੋਕਾਂ ਨੇ ਸਾਵਧਾਨੀ ਪੂਰਵਕ ਕਦਮ ਨਹੀਂ ਚੁੱਕੇ ਤਾਂ ਇਸ ਦਾ ਸਭ ਨੂੰ ਨੁਕਸਾਨ ਉਠਾਉਣਾ ਪਵੇਗਾ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਮੋਦੀ ਨੂੰ ਹਰਾਇਆ ਜਾ ਸਕਦਾ ਹੈ, ਕਿਉਂਕਿ ਮੋਦੀ ਜਦੋਂ ਲੋਕਾਂ ਵਿਚ ਹਰਮਨਪਿਆਰੇ ਸਨ ਤਾਂ ਉਨ੍ਹਾਂ ਨੂੰ ਸਿਰਫ਼ 31 ਪ੍ਰਤੀਸ਼ਤ ਵੋਟ ਮਿਲੇ ਸਨ, ਹੁਣ ਮੋਦੀ ਦਾ ਪ੍ਰਭਾਵ ਦਿਨੋਂ ਦਿਨ ਘਟਦਾ ਜਾ ਰਿਹਾ ਹੈ। ਇਸ ਦੇ ਲਈ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਹੋਣਾ ਪਵੇਗਾ ਤੇ ਇਹ ਨਿਸ਼ਚਿਤ ਕਰਨਾ ਪਵੇਗਾ ਕਿ ਹਰ ਲੋਕ ਸਭਾ ਸੀਟ ‘ਤੇ ਭਾਜਪਾ ਉਮੀਦਵਾਰ ਦੇ ਖਿਲਾਫ਼ ਵਿਰੋਧੀ ਪਾਰਟੀਆਂ ਦਾ ਉਮੀਦਵਾਰ ਖੜਾ ਹੋਵੇ।
ਅਰੁਣ ਸ਼ੋਰੀ ਨੇ ਕਿਹਾ ਕਿ ਅਸੀਂ ਗੁਜਰਾਤ ਤੇ ਉੱਤਰ ਪ੍ਰਦੇਸ਼ ਵਿਚ ਅਜਿਹਾ ਹੁੰਦਾ ਦੇਖਿਆ ਹੈ। ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਅੱਜ ਨਿਤਿਸ਼ ਕੁਮਾਰ ਵੀ ਭਾਜਪਾ ਨਾਲ ਗੱਠਜੋੜ ਕਰਕੇ ਆਪਣੇ ਆਪ ਨੂੰ ਔਖਾ ਮਹਿਸੂਸ ਕਰ ਰਹੇ ਹੋਣਗੇ। ਜੇਕਰ ਆਪਾਂ ਐਨਡੀਏ ਦੇ ਸਹਿਯੋਗੀ ਦਲਾਂ ਦੇ ਭਾਸ਼ਣਾਂ ਨੂੰ ਦੇਖੀਏ ਤਾਂ ਉਸ ਤੋਂ ਲੱਗਦਾ ਹੈ ਕਿ ਕਿਤੇ ਕੁਝ ਨਹੀਂ ਚਲ ਰਿਹਾ ਤੇ ਇਸ ਤੋਂ ਸਾਨੂੰ ਉਤਸ਼ਾਹਿਤ ਹੋਣਾ ਚਾਹੀਦਾ ਹੈ। ਅਰੁਣ ਸ਼ੌਰੀ ਕਰਨਾਟਕਾਂ ਦੇ ਘਟਨਾਕ੍ਰਮ ਨੂੰ ਵੀ ਅਗਾਮੀ ਲੋਕ ਸਭਾ ਚੋਣਾਂ ਨਾਲ ਜੋੜ ਕੇ ਦੇਖ ਰਹੇ ਹਨ। ਦੱਸ ਦੇਈਏ ਕਿ ਐਚਡੀ ਕੁਮਾਰਸਵਾਮੀ ਦੇ ਸਹੁੰ ਗ੍ਰਹਿ ਸਮਾਰੋਹ ਵਿਚ ਵਿਰੋਧੀ ਪਾਰਟੀਆਂ ਦੀ ਏਕਤਾ ਦੇਖਣ ਨੂੰ ਮਿਲੀ। ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੇ ਜਿਸ ਤਰ੍ਹਾਂ ਏਕਤਾ ਦਰਸਾਈ ਸੀ ਉਸ ਨਾਲ ਅਗਾਮੀ ਲੋਕ ਸਭਾ ਚੋਣਾਂ ਦੇ ਲਈ ਮਹਾਂਗੱਠਜੋੜ ਦੀ ਉਮੀਦ ਦਿਖਾਈ ਦਿੱਤੀ।
ਅੰਕੜਿਆਂ ‘ਤੇ ਧਿਆਨ ਮਾਰੀਏ ਭਾਜਪਾ ਸਮਰਥਕਾਂ ਦਾ ਇਹ ਦਾਅਵਾ ਪੂਰੀ ਤਰ੍ਹਾਂ ਸਹੀ ਨਹੀਂ ਦਿਖਾਈ ਦੇ ਰਿਹਾ। ਭਾਰਤ ਦੀਆਂ ਕੁਲ 4139 ਵਿਧਾਨ ਸਭਾ ਸੀਟਾਂ ਵਿਚੋਂ ਸਿਰਫ 1516 ਸੀਟਾਂ ਅਰਥਾਤ ਤਕਰੀਬਨ 37 ਫੀਸਦੀ ਹੀ ਭਾਜਪਾ ਦੇ ਕੋਲ ਹਨ ਤੇ ਸਿਰਫ 10 ਰਾਜਾਂ ਵਿਚ ਭਾਜਪਾ ਦੀ ਬਹੁਮਤ ਵਾਲੀ ਸਰਕਾਰ ਹੈ। ਹੁਣੇ ਜਿਹੇ ਕਰਨਾਟਕਾਂ ਵਿਚ ਹੋਏ ਵਿਧਾਨ ਸਭਾ ਚੋਣ ਵਿਚ ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਅਦ ਵੀ ਭਾਜਪਾ ਸਰਕਾਰ ਬਣਾਉਣ ਵਿਚ ਅਸਮਰਥ ਰਹੀ। ਇਕ ਸਮੇਂ ਜਦ ਦੋ ਦਿਨ ਦੇ ਲਈ ਪ੍ਰਾਂਤ ਵਿਚ ਭਾਜਪਾ ਦੀ ਸਰਕਾਰ ਰਹੀ ਤਦ ਬਹੁਤ ਸਾਰੇ ਲੋਕਾਂ ਦੁਆਰਾ ਇਹ ਦਾਅਵਾ ਕੀਤਾ ਗਿਆ ਕਿ ਭਾਜਪਾ 21 ਰਾਜਾਂ ਵਿਚ ਆਪਣੇ ਬਲਬੂਤੇ ਜਾਂ ਆਪਣੇ ਸਹਿਯੋਗੀਆਂ ਦੇ ਰਾਹੀਂ ਸੱਤਾ ‘ਤੇ ਕਾਬਜ਼ ਹੋ ਗਈ। ਹਾਲਾਂਕਿ ਕਰਨਾਟਕਾ ਵਿਚ ਸਰਕਾਰ ਡਿੱਗ ਜਾਣ ਦੇ ਬਾਅਦ ਇਹ ਅੰਕੜਾ ਫਿਰ ਤੋਂ 20 ‘ਤੇ ਪਹੁੰਚ ਗਿਆ। ਪਰ ਇਹ ਦਾਅਵਾ ਭਾਜਪਾ ਤੇ ਉਨ੍ਹਾਂ ਦੇ ਸਮਰਥਕਾਂ ਦੁਆਰਾ ਲਗਾਤਾਰ ਕੀਤਾ ਜਾ ਰਿਹਾ ਹੈ ਕਿ 2014 ਵਿਚ ਮੋਦੀ ਸਰਕਾਰ ਆਉਣ ਦੇ ਬਾਅਦ ਪੂਰੇ ਦੇਸ਼ ਦਾ ਭਗਵਾਂਕਰਨ ਹੋ ਗਿਆ ਹੈ। ਇਥੋਂ ਤੱਕ ਕਰਨਾਟਕਾ ਵਿਚ ਦਿਖਾਈ ਗਈ ਵਿਰੋÎਧੀ ਪਾਰਟੀਆਂ ਦੀ ਏਕਤਾ ਦਾ ਜਵਾਬ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਹੁਣੇ ਜਿਹੇ ਕਟਕ ਵਿਚ ਕਿਹਾ ਕਿ ਭਾਜਪਾ ਦੇਸ਼ ਦੇ 20 ਰਾਜਾਂ ਵਿਚ ਸੱਤਾ ‘ਤੇ ਕਾਬਜ਼ ਹੈ। ਇਹ ਦਰਸਾਉਾਂਦਾ  ਕਿ ਪਿਛਲੇ ਚਾਰ ਸਾਲ ਵਿਚ ਐਨਡੀਏ ਦੇ ਪ੍ਰਦਰਸ਼ਨ ਨੂੰ ਲੋਕਾਂ ਨੇ ਸਮਰਥਨ ਦਿੱਤਾ ਹੈ। ਇਸ ਤੋਂ ਪਹਿਲਾਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ਸਰਕਾਰ ਬਣਾਉਣ ਦੇ ਬਾਅਦ ਭਾਜਪਾ ਸਾਂਸਦਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅਸੀਂ 19 ਰਾਜਾਂ ਵਿਚ ਸਰਕਾਰ ਚਲਾ ਰਹੇ ਹਾਂ। ਇਥੋਂ ਤੱਕ ਕਿ ਇੰਦਰਾ ਗਾਂਧੀ ਜਦ ਸੱਤਾ ਵਿਚ ਸੀ ਤਾਂ 18 ਰਾਜਾਂ ਵਿਚ ਹੀ ਉਨ੍ਹਾਂ ਦੀ ਸਰਕਾਰ ਸੀ। ਹਾਲਾਂਕਿ ਪ੍ਰਧਾਨ ਮੰਤਰੀ ਭਾਜਪਾ ਨੇਤਾਵਾਂ ਤੇ ਉਨ੍ਹਾਂ ਦੇ ਸਮਰਥਕਾਂ ਦੁਆਰਾ ਕੀਤੇ ਜਾ ਰਹੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤੇ ਪਿਛਲੇ ਚਾਰ ਸਾਲਾਂ ਵਿਚ ਭਾਜਪਾ ਨੇ ਕਈ ਰਾਜਾਂ ਵਿਚ ਸਰਕਾਰ ਚਲਾਈ ਤੇ ਉਨ੍ਹਾਂ ਦਾ ਭੂਗੋਲਿਕ ਤੇ ਸਾਮਾਜਿਕ ਵਿਸਥਾਰ ਹੋਇਆ। ਪਰ ਜੇਕਰ ਅਸੀਂ ਅੰਕੜਿਆਂ ਨੂੰ ਧਿਆਨ ਨਾਲ ਦੇਖਾਂਗੇ ਤਾਂ ਸਾਨੂੰ ਸਮਝ ਵਿਚ ਆਵੇਗਾ ਭਾਜਪਾ ਦਾ ਕੀ ਰਾਜਾਂ ਵਿਚ ਸਰਕਾਰ ਬਣਾਉਣ ਦਾ ਦਾਅਵਾ ਜਾਂ ਫਿਰ ਪੂਰੇ ਦੇਸ਼ ਵਿਚ ਭਗਵਾਂਕਰਨ ਹੋ ਜਾਣ ਦਾ ਦਾਅਵਾ ਸਿਰਫ ਖੇਤਰੀ ਦਲਾਂ ਦੇ ਨਾਲ ਸਮਾਰਟ ਚੁਣਾਵੀਂ ਗੱਠਜੋੜ ਦਾ ਨਤੀਜਾ ਹੈ। ਅਸਲ ਵਿਚ ਜੇਕਰ ਅਸੀਂ ਉਨ੍ਹਾਂ ਦੇ ਸਹਿਯੋਗੀਆਂ ਨੂੰ ਹਟਾ ਦੇਈਏ ਤਾਂ ਭਾਜਪਾ ਦੇਸ਼ ਦੇ 29 ਰਾਜਾਂ ਤੇ ਦੋ ਕੇਂਦਰ ਸ਼ਾਸ਼ਤ ਪ੍ਰਦੇਸਾਂ ਵਿਚੋਂ ਕੇਵਲ 10 ‘ਤੇ ਬਹੁਮਤ ਵਾਲੀ ਸਰਕਾਰ ਚਲਾ ਰਹੀ ਹੈ। ਕੁਲ ਮਿਲਾ ਕੇ ਦੇਸ਼ ਦੀਆਂ ਕੁਲ 4139 ਵਿਧਾਨ ਸਭਾ ਸੀਟਾਂ ਵਿਚ 1516 ਸੀਟਾਂ ਅਰਥਾਤ ਤਕਰੀਬਨ 37 ਫੀਸਦੀ ਹੀ ਭਾਜਪਾ ਦੇ ਕੋਲ ਹਨ। ਇਸ ਵਿਚੋਂ ਅੱਧੀਆਂ ਤੋਂ ਜ਼ਿਆਦਾ ਤਕਰੀਬਨ 950 ਸੀਟਾਂ ਸਿਰਫ 6 ਰਾਜਾਂ ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਮਹਾਂਰਾਸ਼ਟਰ ਤੇ ਕਰਨਾਟਕਾ ਦੀਆਂ ਹਨ। ਅਰਥਾਤ ਭਾਜਪਾ ਨੂੰ ਅਸੀਂ ਸਿਰਫ ਇਸ ਗੱਲ ਦਾ ਸਿਹਰਾ ਦੇ ਸਕਦੇ ਹਾਂ ਕਿ ਉਸ ਨੇ ਭਾਰਤ ਦੇ ਕੁਝ ਸਭ ਤੋਂ ਵੱਡੇ ਤੇ ਚੁਣਾਵੀ ਲਿਹਾਜ ਨਾਲ ਮਹੱਤਵਪੂਰਨ ਰਾਜਾਂ ਵਿਚ ਵੱਡੀ ਜਿੱਤ ਹਾਸਲ ਕੀਤੀ ਹੈ। ਉੱਤਰ ਪ੍ਰਦੇਸ਼ 312/403, ਹਰਿਆਣਾ 47/90, ਮੱਧ ਪ੍ਰਦੇਸ਼ 165/230, ਛੱਤੀਸਗੜ੍ਹ 49/90, ਰਾਜਸਥਾਨ 163/200, ਗੁਜਰਾਤ 199/82, ਉਤਰਾਖੰਡ 56/70 ਤੇ ਹਿਮਾਚਲ ਪ੍ਰਦੇਸ਼ 44/68 ਆਦਿ ਉਹ ਰਾਜ ਹਨ, ਜਿੱਥੇ ਭਾਜਪਾ ਨੂੰ ਸਪੱਸ਼ਟ ਜਿੱਤ ਮਿਲੀ ਹੈ, ਇਸ ਵਿਚੋਂ ਜ਼ਿਆਦਾਤਰ ਉਤਰ ਭਾਰਤ ਦੇ ਰਾਜ ਹਨ।
ਤ੍ਰਿਪੁਰਾ ਪੂਰਬ ਉੱਤਰ ਦਾ ਇਕਲੌਤਾ ਅਜਿਹਾ ਰਾਜ ਹੈ, ਜਿੱਥੇ ਭਾਜਪਾ ਨੇ ਆਪਣੇ ਦਮ ‘ਤੇ ਸਰਕਾਰ ਬਣਾਈ ਹੈ। ਪਾਰਟੀ ਨੂੰ ਇਥੇ 60 ਸੀਟਾਂ ਵਿਚੋਂ 35 ‘ਤੇ ਜਿੱਤ ਮਿਲੀ ਹੈ। ਇਸ ਜਿੱਤ ਨੂੰ ਭਾਜਪਾ ਨੇ ਖੱਬੇ ਪੱਖੀ ਦਲਾਂ ‘ਤੇ ਵਿਚਾਰਧਾਰਕ ਜਿੱਤ ਦੱਸਿਆ, ਜੋ ਕਿ ਤਕਰੀਬਨ 3 ਦਹਾਕਿਆਂ ਤੋਂ ਸੱਤਾ ‘ਤੇ ਕਾਬਜ਼ ਸਨ। ਭਾਜਪਾ ਦੀ ਇਸ ਰਣਨੀਤੀ ਦਾ ਮਕਸਦ ਇਸ ਜਿੱਤ ਨੂੰ ਵੱਡੀ ਜਿੱਤ ਕਰਨ ਦਾ ਸੀ। ਅਜਿਹਾ ਹੀ ਪੂਰਬ ਉੱਤਰ ਦਾ ਇਕ ਹੋਰ ਰਾਜ ਅਰੁਣਾਚਲ ਪ੍ਰਦੇਸ਼ ਹੈ, ਜਿੱਥੇ ਭਾਜਪਾ ਅਜੇ ਬਹੁਮਤ ਵਿਚ ਹੈ, ਪਰ ਇੱਥੇ ਦੀ ਕਹਾਣੀ ਦੂਸਰੀ ਹੈ। 2014 ਵਿਚ ਹੋਏ ਵਿਧਾਨ ਸਭਾ ਚੋਣ ਦੇ ਦੌਰਾਨ ਭਾਜਪਾ ਨੂੰ ਸਿਰਫ 11 ਸੀਟਾਂ ਤੇ ਜਦ ਕਾਂਗਰਸ ਨੂੰ 42 ਸੀਟਾਂ ‘ਤੇ ਜਿੱਤ ਮਿਲੀ ਸੀ। ਪਰ ਬਾਅਦ ਵਿਚ ਭਾਜਪਾ ਨੇ ਜੋੜ ਤੋੜ ਕਰਕੇ ਪੂਰੀ ਸਰਕਾਰ ਆਪਣੀ ਬਣਾ ਲਈ। ਅਜੇ ਪ੍ਰਦੇਸ਼ ਵਿਚ ਭਾਜਪਾ ਦੇ 48 ਐਮਐਲਏ ਹਨ। ਹੁਣ ਅਸੀਂ ਦੂਸਰੇ ਰਾਜਾਂ ‘ਤੇ ਨਜ਼ਰ ਮਾਰਦੇ ਹਾਂ, ਜਿੱਥੇ ਭਾਜਪਾ ਸੱਤਾ ‘ਤੇ ਕਾਬਜ਼ ਹੈ। ਮਹਾਂਰਾਸ਼ਟਰ 122/288, ਅਸਾਮ 60/126, ਬਿਹਾਰ 53/243, ਝਾਰਖੰਡ 35/81, ਗੋਆ 13/40, ਜੰਮੂ-ਕਸ਼ਮੀਰ 25/89, ਮਣੀਪੁਰ 21/60, ਮੈਘਾਲਿਆ 2/60, ਨਾਗਾਲੈਂਡ 12/60 ਦਾ ਅੰਕੜਾ ਦੱਸਦਾ ਹੈ ਕਿ ਇਨ੍ਹਾਂ ਰਾਜਾਂ ‘ਤੇ ਸੱਤਾ ਵਿਚ ਰਹਿਣ ਲਈ ਭਾਜਪਾ ਆਪਣੇ ਸਹਿਯੋਗੀਆਂ ‘ਤੇ ਪੂਰੀ ਤਰ੍ਹਾਂ ਨਿਰਭਰ ਹੈ। ਹੁਣ ਇਨ੍ਹਾਂ ਰਾਜਾਂ ਦੀ ਚਰਚਾ ਕਰਦੇ ਹਾਂ ਕਿ ਜਿੱਥੇ ਭਾਜਪਾ ਸੱਤਾ ਵਿਚ ਨਹੀਂ ਹੈ। ਕੇਰਲਾ 1/140, ਪੰਜਾਬ 3/117, ਪੱਛਮੀ ਬੰਗਾਲ 3/295, ਤਿਲੰਗਾਨਾ 5/119, ਆਂਧਰਾ ਪ੍ਰਦੇਸ਼ 4/175, ਦਿੱਲੀ 3/70, ਉੜੀਸਾ 10/147 ਵਿਚ ਭਾਜਪਾ ਦੀ ਰਾਜਨੀਤੀ ਬੇਹੱਦ ਕਮਜ਼ੋਰ ਹਾਲਤ ਵਿਚ ਹੈ। ਕੇਵਲ ਕਰਨਾਟਕਾ ਇਕੋ ਇਕ ਦੱਖਣ ਭਾਰਤੀ ਰਾਜ ਹੈ,ਜਿੱਥੇ ਭਾਜਪਾ ਦੀ ਸਥਿਤੀ ਬਿਹਤਰ ਹੈ। ਇਸ ਰਾਜ ਵਿਚ ਹੁਣੇ ਹੀ ਹੋਏ ਵਿਧਾਨ ਸਭਾ ਚੋਣ ਵਿਚ ਪਾਰਟੀ ਨੇ 222 ਵਿਚੋਂ 104 ਸੀਟਾਂ ‘ਤੇ ਜਿੱਤ ਦਰਜ ਕੀਤੀ। ਇਸ ਤੋਂ ਇਲਾਵਾ ਤਾਮਿਲਨਾਡੂ, ਸਿੱਕਮ ਤੇ ਪੰਡੂਚੇਰੀ ਵਿਚ ਭਾਜਪਾ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਸੀ। ਅਰਥਾਤ ਜੇਕਰ ਅਸੀਂ ਅੰਕੜਿਆਂ ਦੀ ਮੰਨੀਏ ਤਾਂ ਭਾਜਪਾ ਦੇ ਖਿਲਾਫ਼ ਬਣ ਰਿਹਾ ਮਹਾਂਗਠਜੋੜ ਜੇਕਰ ਅਸਲ ਵਿਚ ਸਾਹਮਣੇ ਆ ਜਾਂਦਾ ਤਾਂ ਇਹ 2019 ਦੀਆਂ ਆਮ ਚੋਣਾਂ ਵਿਚ ਭਾਜਪਾ ਦੀਆਂ ਸਭ ਤੋਂ ਵੱਡੀ ਚੁਣੌਤੀਆਂ ਵਿਚੋਂ ਇਕ ਸਾਬਤ ਹੋ ਸਕਦਾ ਹੈ।

2014 ਵਿਚ ਭਾਜਪਾ ਦਾ ਚੋਣ ਸਫ਼ਰ
ਇਸ ਤਰ੍ਹਾਂ ਕੇਂਦਰ ਵਿਚ ਮੋਦੀ ਸਰਕਾਰ ਆਉਣ ਦੇ ਬਾਅਦ ਅਰਥਾਤ ਪਿਛਲੇ ਚਾਰ ਸਾਲਾਂ ਵਿਚ 18 ਰਾਜਾਂ ਵਿਚ ਚੋਣਾਂ ਹੋਈਆਂ। ਇਸ ਵਿਚ ਤਾਂ ਭਾਜਪਾ ਨੂੰ ਕੇਵਲ 5 ਰਾਜਾਂ ਵਿਚ ਪੂਰਨ ਬਹੁਮਤ ਮਿਲਿਆ। 6 ਰਾਜਾਂ ਵਿਚ ਉਸ ਨੇ ਸਹਿਯੋਗੀਆਂ ਦੇ ਨਾਲ ਸਰਕਾਰ ਬਣਾਈ ਹੈ। ਉਹੀ ਸੱਤ ਰਾਜਾਂ ਵਿਚ ਹੋਰ ਦਲਾਂ ਦੀ ਸਰਕਾਰ ਬਣੀ ਹੈ। ਜੇਕਰ ਅਸੀਂ ਸਾਲ ਦੇ ਹਿਸਾਬ ਨਾਲ ਗੱਲ ਕਰੀਏ 2014 ਵਿਚ ਆਧਰਾ ਪ੍ਰਦੇਸ਼, ਅਰੁਣਾਚਲ ਪ੍ਰਦ੍ਰੇਸ਼, ਹਰਿਆਣਾ, ਝਾਰਖੰਡ, ਮਹਾਂਰਾਸ਼ਟਰ, ਉੜੀਸਾ, ਸਿੱਕਮ ਤੇ ਜੰਮੂ ਕਸ਼ਮੀਰ ਕੁਲ ਨੌ ਰਾਜਾਂ ਵਿਚ ਚੋਣਾਂ ਹੋਈਆਂ। ਇਸ ਵਿਚੋਂ ਹਰਿਆਣਾ ਤੇ ਝਾਰਖੰਡ ਵਿਚ ਭਾਜਪਾ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣੀ ਜਦ ਕਿ ਮਹਾਂਰਾਸ਼ਟਰ, ਜੰਮੂ ਕਸ਼ਮੀਰ ਤੇ ਸਿੱਕਮ ਵਿਚ ਭਾਜਪਾ ਨੇ ਗੱਠਜੋੜ ਵਾਲੀ ਸਰਕਾਰ ਬਣਾਈ। ਅਰੁਣਾਚਲ ਵਿਚ ਬਾਅਦ ਵਿਚ ਉਸ ਦੀ ਸਰਕਾਰ ਬਣ ਗਈ। 2015 ਵਿਚ ਦਿੱਲੀ ਤੇ ਬਿਹਾਰ ਵਿਚ ਵਿਧਾਨ ਸਭਾ ਚੋਣਾਂ ਹੋਈਆਂ, ਪਰ ਇਨ੍ਹਾਂ ਦੋਹਾਂ ਜਗ੍ਹਾ ‘ਤੇ ਬੁਰੀ ਤਰ੍ਹਾਂ ਹਾਰ ਦਾ ਮੂਹ ਦੇਖਣਾ ਪਿਆ। ਹੁਣ ਇਹ ਅਲੱਗ ਗੱਲ ਹੈ ਕਿ ਬਿਹਾਰ ਵਿਚ ਜੇਡੀਯੂ ਨਾਲ ਗੱਠਜੋੜ ਕਰਕੇ ਭਾਜਪਾ ਸੱਤਾ ਵਿਚ ਹੈ। 2016 ਵਿਚ ਅਸਾਮ, ਕੇਰਲਾ, ਪੰਡੂਚੇਰੀ, ਤਾਮਿਲਨਾਡੂ ਤੇ ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਹੋਈਆਂ, ਪਰ ਭਾਜਪਾ ਨੂੰ ਕਿਤੇ ਵੀ ਬਹੁਮਤ ਨਾ ਮਿਲਿਆ। ਸਿਰਫ ਅਸਾਮ ਵਿਚ ਉਹ ਗੱਠਜੋੜ ਦੀ ਸਰਕਾਰ ਬਣਾ ਸਕੀ। 2017 ਵਿਚ ਗੋਆ, ਗੁਜਰਾਤ, ਮਨੀਪੁਰ, ਪੰਜਾਬ, ਉੱਤਰ ਪ੍ਰਦੇਸ਼, ਉਤਰਾਖੰਡ, ਗੁਜਰਾਤ, ਹਿਮਾਚਲ ਪ੍ਰਦੇਸ਼ ਵਿਚ ਚੋਣਾਂ ਹੋਈਆਂ ਇਸ ਵਿਚ ਉਤਰ ਪ੍ਰਦੇਸ਼, ਉਤਰਾਖੰਡ, ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ਭਾਜਪਾ ਨੇ ਬਹੁਮਤ ਵਾਲੀ ਸਰਕਾਰ ਬਣਾਈ। ਉਥੇ ਗੋਆ ਵਿਚ ਤੇ ਮਨੀਪੁਰ ਵਿਚ ਭਾਜਪਾ ਨੇ ਗੱਠਜੋੜ ਦੀ ਸਰਕਾਰ ਬਣਾਈ। 2018 ਵਿਚ ਹੁਣ ਤੱਕ ਮੇਘਾਲਿਆ, ਨਾਗਾਲੈਂਡ, ਤ੍ਰਿਪੁਰਾ ਤੇ ਕਰਨਾਟਕਾ ਵਿਚ ਚੋਣਾਂ ਹੋਈਆਂ ਹਨ। ਇਸ ਵਿਚ ਸਿਰਫ ਤ੍ਰਿਪੁਰਾ ਵਿਚ ਭਾਜਪਾ ਦੀ ਬਹੁਮਤ ਵਾਲੀ ਸਰਕਾਰ ਹੈ। ਜਦ ਕਿ ਮੇਘਾਲਿਆ ਤੇ ਨਾਗਾਲੈਂਡ ਵਿਚ ਉਹ ਸਰਕਾਰ ਵਿਚ ਸ਼ਾਮਲ ਹੈ ਤੇ ਕਰਨਾਟਕਾ ਵਿਚ ਵਿਰੋਧੀ ਧਿਰ ਵਿਚ ਹੈ।