ਪਾਕਿਸਤਾਨ ‘ਚ ਕੈਦ ਭਾਰਤੀ ਫੌਜ ਦੇ ਸਾਬਕਾ ਕਮਾਂਡਰ ਨਾਲ ਪਤਨੀ ਤੇ ਮਾਂ ਦੀ ਮੁਲਾਕਾਤ

ਪਾਕਿਸਤਾਨ ‘ਚ ਕੈਦ ਭਾਰਤੀ ਫੌਜ ਦੇ ਸਾਬਕਾ ਕਮਾਂਡਰ ਨਾਲ ਪਤਨੀ ਤੇ ਮਾਂ ਦੀ ਮੁਲਾਕਾਤ
ਭਾਰਤੀ ਜਲ ਸੈਨਾ ਦਾ ਸਾਬਕਾ ਕਮਾਂਡਰ ਕੁਲਭੂਸ਼ਨ ਜਾਧਵ ਸ਼ੀਸ਼ੇ ਦੀ ਦੀਵਾਰ ਦੇ ਪਿੱਛੇ ਬੈਠੀ ਆਪਣੀ ਪਤਨੀ ਤੇ ਮਾਂ ਨਾਲ ਇੰਟਰਕੌਮ ਜ਼ਰੀਏ ਗੱਲਬਾਤ ਕਰਦਾ ਹੋਇਆ।

ਇਸਲਾਮਾਬਾਦ/ਬਿਊਰੋ ਨਿਊਜ਼ :
ਪਾਕਿਸਤਾਨ ਵਿੱਚ ਕਥਿਤ ਜਾਸੂਸੀ ਦੇ ਦੋਸ਼ ‘ਚ ਮੌਤ ਦੀ ਸਜ਼ਾਯਾਫ਼ਤਾ ਸਾਬਕਾ ਭਾਰਤੀ ਜਲ ਸੈਨਿਕ ਕੁਲਭੂਸ਼ਨ ਜਾਧਵ ਨੇ ਸੋਮਵਾਰ ਨੂੰ ਇੱਥੇ ਆਪਣੀ ਪਤਨੀ ਤੇ ਮਾਂ ਨਾਲ ਮੁਲਾਕਾਤ ਕੀਤੀ। ਚਾਲੀ ਮਿੰਟਾਂ ਦੀ ਇਸ ਮੁਲਾਕਾਤ ਦੌਰਾਨ ਜਾਧਵ ਅਤੇ ਉਸ ਦੇ ਪਰਿਵਾਰ ਵਿਚਾਲੇ ਸ਼ੀਸ਼ੇ ਦੀ ਦੀਵਾਰ ਮੌਜੂਦ ਸੀ ਤੇ ਵਾਰਤਾਲਾਪ ਇੰਟਰਕੌਮ ਰਾਹੀਂ ਹੋਇਆ।
ਕਈ ਯਤਨਾਂ ਮਗਰੋਂ ਅਮਲ ਵਿੱਚ ਆਈ ਇਹ ਮੁਲਾਕਾਤ ਵਿਦੇਸ਼ ਮੰਤਰਾਲੇ ਦੀ ਉੱਚ ਸੁਰੱਖਿਆ ਵਾਲੀ ਇਮਾਰਤ ਵਿੱਚ ਹੋਈ। ਮਾਰਚ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਜਾਧਵ ਦੀ ਆਪਣੇ ਪਰਿਵਾਰ ਨਾਲ ਇਹ ਪਹਿਲੀ ਮੁਲਾਕਾਤ ਹੈ। ਮੁਲਕ ਦੇ ਬਾਨੀ ਮੁਹੰਮਦ ਅਲੀ ਜਿਨਾਹ ਦੇ ਜਨਮ ਦਿਹਾੜੇ ‘ਤੇ ਕਰਵਾਈ ਇਸ ਮੁਲਾਕਾਤ ਨੂੰ ਪਾਕਿਸਤਾਨ ਨੇ ਇਨਸਾਨੀ ਹਮਦਰਦੀ ਵਜੋਂ ਕੀਤੀ ਕੋਸ਼ਿਸ਼ ਦਿਖਾਇਆ ਹੈ। ਮੀਟਿੰਗ ਵਿੱਚ ਭਾਰਤ ਵੱਲੋਂ ਡਿਪਟੀ ਹਾਈ ਕਮਿਸ਼ਨਰ ਜੇ.ਪੀ.ਸਿੰਘ ਤੇ ਪਾਕਿਸਤਾਨ ਵੱਲੋਂ ਭਾਰਤ ਲਈ ਵਿਦੇਸ਼ ਦਫ਼ਤਰ ਦੇ ਡਾਇਰੈਕਟਰ ਡਾ.ਫਰੇਹਾ ਬੁਗਤੀ ਮੌਜੂਦ ਸਨ। ਮੁਲਾਕਾਤ ਮਗਰੋਂ ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੁਹੰਮਦ ਫੈਸਲ ਨੇ ਇਕ ਟਵੀਟ ‘ਚ ਕਿਹਾ, ‘ਪਾਕਿਸਤਾਨ ਨੇ ਕਮਾਂਡਰ ਜਾਧਵ ਨੂੰ ਕੌਮ ਦੇ ਪਿਤਾ ਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਦੇ ਜਨਮ ਦਿਨ ਮੌਕੇ ਆਪਣੀ ਪਤਨੀ ਤੇ ਮਾਂ ਨਾਲ ਮਿਲਣ ਦੀ ਇਜਾਜ਼ਤ ਇਨਸਾਨੀ ਹਮਦਰਦੀ ਦੇ ਆਧਾਰ ‘ਤੇ ਦਿੱਤੀ ਹੈ।’ ਫ਼ੈਸਲ ਨੇ ਟਵੀਟ ‘ਚ ਅੱਗੇ ਕਿਹਾ ਕਿ ਇਹ ਮੀਟਿੰਗ ਇਸਲਾਮਿਕ ਰਵਾਇਤਾਂ ਤੇ ਖ਼ਾਲਸ ਮਨੁੱਖੀ ਆਧਾਰ ‘ਤੇ ਵਿਉਂਤੀ ਗਈ ਹੈ। ਇਸ ਤੋਂ ਪਹਿਲਾਂ ਟੀਵੀ ਫੁਟੇਜ ਵਿੱਚ ਜਾਧਵ ਦੀ ਮਾਂ ਅਵੰਤੀ ਤੇ ਪਤਨੀ ਚੇਤਨਾਕੁਲ ਨੂੰ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਜੇ.ਪੀ.ਸਿੰਘ ਤੇ ਇਕ ਪਾਕਿਸਤਾਨੀ ਮਹਿਲਾ ਅਧਿਕਾਰੀ ਨਾਲ ਵਿਦੇਸ਼ ਮੰਤਰਾਲੇ ਦੀ ਆਗਾ ਸ਼ਾਹੀ ਬਲਾਕ ਦੀ ਇਮਾਰਤ ਵਿੱਚ ਜਾਂਦਿਆਂ ਵਿਖਾਇਆ ਗਿਆ। ਮੰਤਰਾਲੇ ਨੇ ਮਗਰੋਂ ਜਾਧਵ ਦੇ ਸ਼ੀਸ਼ੇ ਦੀ ਦੀਵਾਰ ਪਿੱਛਿਓਂ ਆਪਣੀ ਪਤਨੀ ਤੇ ਮਾਂ ਨਾਲ ਗੱਲਬਾਤ ਕਰਦਿਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ। ਜਾਧਵ ਨੇ ਪਰਿਵਾਰ ਨਾਲ ਇੰਟਰਕੌਮ ਜ਼ਰੀਏ ਗੱਲਬਾਤ ਕੀਤੀ। ਮੀਟਿੰਗ ਮੁਕਾਮੀ ਸਮੇਂ ਮੁਤਾਬਕ 1:35 ਵਜੇ ਸ਼ੁਰੂ ਹੋਈ ਤੇ ਲਗਪਗ ਚਾਲੀ ਮਿੰਟ ਚੱਲੀ। ਮੁਲਾਕਾਤ ਤੋਂ ਫ਼ੌਰੀ ਮਗਰੋਂ ਜਾਧਵ ਦੀ ਪਤਨੀ ਤੇ ਮਾਂ ਨੂੰ ਸਫ਼ੇਦ ਰੰਗ ਦੀ ਐਸਯੂਵੀ ‘ਚ ਰਵਾਨਾ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਜਾਧਵ ਦੀ ਪਤਨੀ ਤੇ ਮਾਂ ਦੁਬਈ ਤੋਂ ਕਮਰਸ਼ਲ ਉਡਾਣ ਰਾਹੀਂ ਇਸਲਾਮਾਬਾਦ ਪੁੱਜੀਆਂ। ਉਨ੍ਹਾਂ ਵਿਦੇਸ਼ ਮੰਤਰਾਲੇ ਲਈ ਰਵਾਨਾ ਹੋਣ ਤੋਂ ਪਹਿਲਾਂ ਭਾਰਤੀ ਹਾਈ ਕਮਿਸ਼ਨ ਵਿੱਚ 30 ਮਿੰਟ ਬਿਤਾਏ। ਵਾਪਸੀ ਮੌਕੇ ਹਵਾਈ ਅੱਡੇ ਜਾਣ ਤੋਂ ਪਹਿਲਾਂ ਵੀ ਦੋਵਾਂ ਨੇ ਭਾਰਤੀ ਮਿਸ਼ਨ ਵਿੱਚ ਕੁਝ ਦੇਰ ਲਈ ਠਹਿਰ ਕੀਤੀ। ਜਾਧਵ ਨਾਲ ਮੀਟਿੰਗ ਤੋਂ ਪਹਿਲਾਂ ਦੋਵਾਂ ਨੂੰ ਸੱਤ ਵਾਹਨਾਂ ਦੇ ਕਾਫ਼ਲੇ ਦੇ ਰੂਪ ਵਿੱਚ ਲਿਆਂਦਾ ਗਿਆ ਤੇ ਮੰਤਰਾਲੇ ਵਿੱਚ ਉਨ੍ਹਾਂ ਦੀ ਪੂਰੀ ਸੁਰੱਖਿਆ ਜਾਂਚ ਕੀਤੀ ਗਈ। ਦੋਵਾਂ ਨੇ ਮੰਤਰਾਲੇ ਪੁੱਜਣ ‘ਤੇ ਪੱਤਰਕਾਰਾਂ ਨੂੰ ਨਮਸਤੇ ਤਾਂ ਬੁਲਾਈ, ਪਰ ਉਨ੍ਹਾਂ ਦੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ। ਪਰਿਵਾਰ ਦੇ ਉਥੇ ਪੁੱਜਣ ਤੋਂ ਪਹਿਲਾਂ ਜਾਧਵ ਮੰਤਰਾਲੇ ਵਿੱਚ ਮੌਜੂਦ ਸੀ, ਪਰ ਉਸ ਨੂੰ ਕਿੱਥੇ ਰੱਖਿਆ ਗਿਆ ਸੀ ਤੇ ਇਥੇ ਕਿਵੇਂ ਲਿਆਂਦਾ ਗਿਆ ਇਸ ਬਾਰੇ ਕਿਸ ਨੂੰ ਕੁਝ ਪਤਾ ਨਹੀਂ ਸੀ। ਉਂਂਜ ਸੁਰੱਖਿਆ ਵਜੋਂ ਮੰਤਰਾਲੇ ਦੇ ਚੱਪੇ ਚੱਪੇ ‘ਤੇ ਸ਼ਾਰਪ ਸ਼ੂਟਰ, ਨੀਮ ਫ਼ੌਜੀ ਬਲ ਤੇ ਪੁਲੀਸ ਦਾ ਅਮਲਾ ਤਾਇਨਾਤ ਸੀ। ਪ੍ਰੈਸ ਕਾਨਫ਼ਰੰਸ ਦੌਰਾਨ ਫੈਸਲ ਨੇ ਇਸ ਮੁਲਾਕਾਤ ਨੂੰ ਸਕਾਰਾਤਮਕ ਦੱਸਦਿਆਂ ਕਿਹਾ ਕਿ ਇਹ ਕੋਈ ਪਹਿਲੀ ਤੇ ਆਖਰੀ ਮੁਲਾਕਾਤ ਨਹੀਂ ਹੈ।
ਇਸ ਦੌਰਾਨ ਮੁੰਬਈ ਵਿੱਚ ਰਹਿੰਦੇ ਜਾਧਵ ਦੇ ਬਚਪਨ ਦੇ ਦੋਸਤ ਤੁਲਸੀਦਾਸ ਪਵਾਰ ਨੇ ਪਾਕਿਸਤਾਨ ਸਰਕਾਰ ਵੱਲੋਂ ਜਾਧਵ ਦੀ ਸ਼ੀਸ਼ੇ ਦੀ ਦੀਵਾਰ ਵਿਚਦੀ ਪਰਿਵਾਰ ਨਾਲ ਕਰਵਾਈ ਮੁਲਾਕਾਤ ‘ਤੇ ਮਾਯੂਸੀ ਜ਼ਾਹਿਰ ਕਰਦਿਆਂ ਕਿਹਾ ਕਿ ਗੁਆਂਢੀ ਮੁਲਕ ਨੂੰ ਥੋੜ੍ਹੀ ਸ਼ਿਸ਼ਟਤਾ ਵਿਖਾਉਂਦਿਆਂ ਜਾਧਵ ਨੂੰ ਆਪਣੇ ਪਰਿਵਾਰ ਦੇ ਗਲੇ ਲੱਗਣ ਦੇਣਾ ਚਾਹੀਦਾ ਸੀ। ਪਵਾਰ ਨੇ ਬੜੇ ਧਿਆਨ ਨਾਲ ਕੋਰੀਓਗ੍ਰਾਫ਼ ਕੀਤੀ ਇਸ ਮੀਟਿੰਗ ਨੂੰ ਸ਼ਰਮਨਾਕ ਦੱਸਿਆ ਹੈ।
ਨਹੀਂ ਦਿੱਤੀ ‘ਸਫ਼ਾਰਤੀ ਰਸਾਈ’
ਇਸਲਾਮਾਬਾਦ: ਪਾਕਿਸਤਾਨ ਨੇ ਸਾਫ਼ ਕਰ ਦਿੱਤਾ ਹੈ ਕਿ ਕੁਲਭੂਸ਼ਨ ਜਾਧਵ ਦੀ ਭਾਰਤੀ ਸਫ਼ੀਰ ਦੀ ਮੌਜੂਦਗੀ ਵਿੱਚ ਪਰਿਵਾਰ ਨਾਲ ਮੁਲਾਕਾਤ ਨੂੰ ‘ਸਫ਼ਾਰਤੀ ਰਸਾਈ’ ਨਾ ਸਮਝਿਆ ਜਾਵੇ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਡਾ.ਮੁਹੰਮਦ ਫੈਸਲ ਨੇ ਕਿਹਾ, ‘ਇਹ ਮੁਲਾਕਾਤ ਸਫ਼ਾਰਤੀ ਰਸਾਈ ਨਹੀਂ ਸੀ। ਅਸੀਂ ਮੁਲਾਕਾਤ ਤੋਂ ਪਹਿਲਾਂ ਹੀ ਭਾਰਤ ਨੂੰ ਦੱਸ ਦਿੱਤਾ ਸੀ ਕਿ ਉਨ੍ਹਾਂ ਦਾ ਸਫ਼ੀਰ ਮੀਟਿੰਗ ਨੂੰ ਵੇਖ ਸਕਦਾ ਹੈ, ਪਰ ਉਸ ਨੂੰ ਬੋਲਣ ਜਾਂ ਇਸ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ। ਸਫ਼ਾਰਤੀ ਰਸਾਈ ਸਬੰਧੀ ਸਾਰੇ ਫ਼ੈਸਲੇ ਕਾਨੂੰਨ ਤੇ ਪਾਕਿਸਤਾਨ ਦੇ ਹਿੱਤ ਨੂੰ ਲੈ ਕੇ ਲਏ ਜਾਣਗੇ।’
ਮੁਲਾਕਾਤ ਦੀ ਵੀਡੀਓ ਜ਼ਾਰੀ
ਇਸਲਾਮਾਬਾਦ: ਪਾਕਿਸਤਾਨ ਨੇ ਭਾਰਤੀ ਕੈਦੀ ਕੁਲਭੂਸ਼ਨ ਜਾਧਵ ਵੀ ਨਵੀਂ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਵਿੱਚ ਜਾਧਵ ਆਪਣੀ ਪਤਨੀ ਤੇ ਮਾਂ ਨਾਲ ਵਿਉਂਤੀ ਮੀਟਿੰਗ ਲਈ ਪਾਕਿਸਤਾਨ ਸਰਕਾਰ ਦਾ ਸ਼ੁਕਰੀਆ ਕਰਦਾ ਨਜ਼ਰ ਆ ਰਿਹਾ ਹੈ। ਵਿਦੇਸ਼ ਮੰਤਰਾਲੇ ਨੇ ਇਹ ਵੀਡੀਓ ਜਾਧਵ ਦੀ ਆਪਣੇ ਪਰਿਵਾਰ ਨਾਲ ਮੁਲਾਕਾਤ ਤੋਂ ਫੌਰੀ ਮਗਰੋਂ ਕੀਤੀ ਪ੍ਰੈਸ ਕਾਨਫਰੰਸ ਵਿੱਚ ਰਿਲੀਜ਼ ਕੀਤੀ। ਇਸ ਦੌਰਾਨ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਪੱਤਰਕਾਰਾਂ ਕੋਲ ਜਾਧਵ ਖ਼ਿਲਾਫ਼ ਲੱਗੇ ਪੁਰਾਣੇ ਦੋਸ਼ਾਂ ਨੂੰ ਹੀ ਦੁਹਰਾਇਆ।